ਬਰਨਾਲਾ, 25 ਫ਼ਰਵਰੀ (ਅਰਿਹੰਤ ਰਾਏ ਗਰਗ)- ਬਰਨਾਲਾ ਦੇ ਗੋਬਿੰਦ ਕਲੋਨੀ ਵਿਖੇ ਇੱਕ ਨਿੱਜੀ ਕਾਲਜ ਦੀ ਮਹਿਲਾ ਪ੍ਰਿੰਸੀਪਲ ਦੇ ਘਰ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐਸ.ਡੀ.ਕਾਲਜ ਦੀ ਪ੍ਰਿੰਸੀਪਲ ਮੈਡਮ ਰਮਾ ਸ਼ਰਮਾ ਨੇ ਦੱਸਿਆ ਕਿ ਉਹ ਬੀਤੇ ਦਿਨ ਹਿਮਾਚਲ ਦੇ ਨੰਗਲ ਸ਼ਹਿਰ ਵਿਖੇ ਵਿਆਹ ਸਮਾਗਮ ਵਿੱਚ ਪੂਰੇ ਪਰਿਵਾਰ ਸਮੇਤ ਗਏ ਹੋਏ ਸਨ। ਜਦੋਂ ਉਹ ਸੋਮਵਾਰ ਨੂੰ ਸਵੇਰੇ ਵਾਪਿਸ ਪਰਤੇ ਤਾਂ ਉਨ੍ਹਾ ਦੇਖਿਆ ਕਿ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾ ਦੱਸਿਆ ਕਿ ਚੋਰਾਂ ਨੇ ਅਲਮਾਰੀ ਵਿੱਚ ਪਏ 10 ਤੋਲੇ ਸੋਨਾ 50 ਹਜ਼ਾਰ ਦੀ ਨਗਦੀ ਸਮੇਤ ਚਾਂਦੀ ਦੇ ਜੇਵਰਾਤਾਂ ਨੂੰ ਚੋਰੀ ਕਰਕੇ ਲੈ ਗਏ। ਜਿਸਦੀ ਸੂਚਨਾ ਉਨ੍ਹਾ ਨੇ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ-1 ਐਸ.ਐਚ.ਓ.ਇੰਸਪੈਕਟਰ ਗੁਰਵੀਰ ਸਿੰਘ ਨੇ ਮੌਕੇ ਤੇ ਪੁੱਜਕੇ ਜਾਂਚ ਆਰੰਭ ਕਰ ਦਿੱਤੀ। ਇਸ ਸਬੰਧੀ ਇੰਸਪੈਕਟਰ ਗੁਰਵੀਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।