May 10, 2026 2:52 pm

ਪੰਜਾਬੀ ਗਾਇਕੀ ਦੇ ਸਾਰਥਕ ਪਹਿਲੂ : ਸੰਖੇਪ ਚਰਚਾ

ਅਜੋਕਾ ਯੁਗ ਵਿਗਿਆਨ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦਾ ਬੋਲ- ਬਾਲਾ ਹੈ। ਮਨੁਖੀ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖਾਲਾ ਹੋ ਗਿਆ ਹੈ। ਹਥੀਂ ਕੰਮ ਕਰਨ ਤੋਂ ਨਿਜ਼ਾਤ ਮਿਲ ਗਈ ਹੈ ਕਿਉਂਕਿ ਮਸ਼ੀਨਾਂ ਨੇ ਬਹੁਤੇ ਮਨੁਖੀ ਕੰਮਾਂ ਨੂੰ ਆਸਾਨੀ ਨਾਲ ਨੇਪਰੇ ਚਾੜਨਾ ਸ਼ੁਰੁ ਕਰ ਦਿਤਾ ਹੈ। ਦਿਨਾਂ ਦਾ ਕੰਮ, ਘੰਟਿਆਂ ਵਿਚ ਹੋਣ ਲਗਾ ਹੈ। ਪਰ ਅਜ ਦਾ ਮਨੁਖ ਸਰੀਰਕ ਲੋੜਾਂ ਤੋਂ ਇਲਾਵਾ ਮਾਨਸਿਕ ਲੋੜਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ/ ਮਾਨਸਿਕ ਸਕੂਨ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਮਨੁਖ ਆਪਣੇ ਮਨਪੰਸਦ ਗੀਤ- ਸੰਗੀਤ ਨੂੰ ਸੁਣਨਾ ਚਾਹੁੰਦਾ ਹੈ। ਖ਼ਬਰੇ ! ਇਸੇ ਕਰਕੇ ਸੰਗੀਤ ਨੂੰ ਮਨੁਖ ਦੇ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ/ ਮੰਨਿਆ ਜਾਂਦਾ ਹੈ।
ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਡਿਗਦੇ ਮਿਆਰ ਨਾਲ ਸੰਬੰਧਤ ਬਹੁਤ ਸਾਰੇ ਲੇਖ ਅਤੇ ਸੈਮੀਨਾਰ ਅਕਸਰ ਹੁੰਦੇ ਰਹਿੰਦੇ ਹਨ। ਪਰ ! ਸੰਗੀਤ ਦੇ ਸਾਰਥਕ ਪਹਿਲੂਆਂ ਬਾਰੇ ਨਿਠ ਕੇ ਕੰਮ ਕਰਨ ਵਿਚ ਆਮਤੌਰ ਤੇ ਕੁਤਾਹੀ ਹੀ ਵਰਤੀ ਜਾਂਦੀ ਹੈ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ/ ਗੀਤਕਾਰ ਗਿਲ਼ਾ ਕਰਦੇ ਰਹਿੰਦੇ ਹਨ ਕਿ ਮਾੜੇ ਗੀਤਾਂ ਉਪਰ ਬਹੁਤ ਰੋਲ਼ਾ ਪਾਇਆ ਜਾਂਦਾ ਹੈ ਪਰ ਚੰਗੇ ਗੀਤਾਂ ਦੀ ਸਿਫ਼ਤ ਨਹੀਂ ਕੀਤੀ ਜਾਂਦੀ। ਉਂਝ ਇਹ ਗਲ ਬਿਲਕੁਲ ਸਚ ਵੀ ਹੈ ਕਿ ਅਸੀਂ ਮੰਦੇ ਗੀਤਾਂ ਨੂੰ ਮਸ਼ਹੂਰ ਕਰ ਦਿੰਦੇ ਹਾਂ ਪਰ ! ਚੰਗੇ ਅਤੇ ਸਾਰਥਕ ਗੀਤਾਂ ਉਪਰ ਕਦੇ ਕੋਈ ਵਿਚਾਰ- ਚਰਚਾ ਨਹੀਂ ਕਰਦੇ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ ਅਤੇ ਗੀਤਕਾਰ ਸੰਗੀਤ ਦੀ ਮੰਡੀ ਵਿਚੋਂ ਬਾਹਰ ਹੋ ਚੁਕੇ ਹਨ ਜਾਂ ਇਸ ਕਾਰਜ ਨੂੰ ਅਲਵਿਦਾ ਆਖ ਚੁਕੇ ਹਨ।
ਖ਼ੈਰ ! ਗੀਤ- ਸੰਗੀਤ ਨਾਲ ਜਿਥੇ ਮਨੁਖ ਦਾ ਮਨੋਰੰਜਨ ਹੁੰਦਾ ਹੈ ਉਥੇ ਹੀ ਬਹੁਤ ਸਾਰੇ ਨਵੇਂ ਤਥਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਲੋਕ ਗੀਤਾਂ ਰਾਹੀਂ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਮਿਲਦੀ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ, ‘ਮਨੁਖੀ ਬਿਰਤੀ ਪੜ੍ਹਨ ਨਾਲੋਂ ਸੁਣਨ ਨਾਲ ਜਿਆਦਾ ਤੇਜੀ ਨਾਲ ਗ੍ਰਹਿਣ ਕਰਦੀ ਹੈ ਭਾਵ ਬੰਦਾ ਪੜ੍ਹਨ ਨਾਲੋਂ ਸੁਣ ਕੇ ਜਿਆਦਾ ਤੇਜੀ ਨਾਲ ਸਿਖਦਾ ਹੈ। ਮਨੁਖ ਵਲੋਂ ਸੁਣਿਆ ਹੋਇਆ ਕੋਈ ਵਾਕਿਆ ਬਹੁਤ ਦੇਰ ਤਕ ਯਾਦ ਸ਼ਕਤੀ ਵਿਚ ਮੌਜੂਦ ਰਹਿੰਦਾ ਹੈ ਪਰ ! ਪੜ੍ਹਿਆ ਹੋਇਆ ਵਾਕਿਆ ਕੁਝ ਸਮੇਂ ਮਗ਼ਰੋਂ ਭੁਲ ਜਾਂਦਾ ਹੈ।’
ਸਕੂਲਾਂ/ ਕਾਲਜਾਂ ਵਿਚ ਵੀ ਅਜ ਕਲ੍ਹ ਪੜ੍ਹਾਉਣ ਦੇ ਇਹਨਾਂ ਤਰੀਕਿਆਂ ਨੂੰ ਵਰਤਿਆ ਜਾ ਰਿਹਾ ਹੈ। ਨਿਕੇ ਬਚਿਆਂ ਨੂੰ ਪੜ੍ਹਾਉਣ ਲਈ ਕਿਤਾਬਾਂ ਦਾ ਸਹਾਰਾ ਨਹੀਂ ਲਿਆ ਜਾਂਦਾ ਬਲਕਿ ਗੀਤ- ਸੰਗੀਤ ਦਾ ਸਹਾਰਾ ਲਿਆ ਜਾਂਦਾ ਹੈ। ਉਂਝ ਬਚੇ ਸੁਣ ਕੇ ਜਿਆਦਾ ਯਾਦ ਰਖਦੇ ਹਨ। ਵਰ੍ਹਿਆਂ ਪਹਿਲਾਂ ਦੇਖੀ ਹੋਈ ਕਿਸੇ ਫਿਲਮ ਦੀ ਕਹਾਣੀ ਨੂੰ ਕਈ ਵਰ੍ਹੇ ਬਾਅਦ ਵਿਚ ਵੀ ਚੇਤੇ ਰਖਿਆ ਜਾ ਸਕਦਾ ਹੈ ਪਰ ! ਪੜ੍ਹੀ ਗਈ ਕੋਈ ਕਹਾਣੀ ਬਹੁਤੀ ਦੇਰ ਚੇਤੇ ਨਹੀਂ ਰਹਿੰਦੀ। ਠੀਕ ਇਸੇ ਤਰ੍ਹਾਂ ਪੰਜਾਬੀ ਲੋਕ ਗੀਤਾਂ ਨੂੰ ਸੁਣਨ ਨਾਲ ਬਹੁਤ ਸਾਰੇ ਇਤਿਹਾਸਕ ਪਾਤਰਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਬਾਰੇ ਕਿਤਾਬਾਂ ਤੋਂ ਕਦੇ ਨਹੀਂ ਪੜ੍ਹਿਆ ਗਿਆ ਹੁੰਦਾ। ਉਂਝ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਖ਼ਤਮ ਹੁੰਦਾ ਜਾ ਰਿਹਾ ਹੈ, ਖ਼ਾਸ ਕਰਕੇ ਮੁਲ ਖ਼ਰੀਦ ਕੇ। ਖ਼ੈਰ ! ਇਹ ਵਖਰਾ ਵਿਸ਼ਾ ਹੈ।
ਪੰਜਾਬ ਦੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਦੁਲਾ- ਭਟੀ, ਜੀਉਣਾ- ਮੌੜ, ਜਗਾ- ਜਟ, ਸੁਚਾ- ਸੂਰਮਾ ਅਤੇ ਮਿਰਜ਼ਾ ਆਦਿਕ ਦੀਆਂ ਵਾਰਾਂ ਨੇ ਨੌਜਵਾਨਾਂ ਨੂੰ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿਤੀ ਹੈ। ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਇਹਨਾਂ ਸੂਰਮਿਆਂ ਦੇ ਜੀਵਨ ਨਾਲ ਸੰਬੰਧਤ ਲੋਕ- ਗਾਥਾਵਾਂ ਨੂੰ ਗਾਇਆ ਹੈ ਅਤੇ ਅਜੋਕੀ ਪੀੜੀ ਨੂੰ ਇਹਨਾਂ ਲੋਕ- ਨਾਇਕਾਂ ਦੇ ਜੀਵਨ ਬਾਰੇ ਜਾਣਕਾਰੀ ਦਿਤੀ ਹੈ। ਉਂਝ ਵੀ ਪੰਜਾਬੀ ਜਨ- ਜੀਵਨ ਵਿਚ ਇਹਨਾਂ ਸੂਰਬੀਰਾਂ ਦੀਆਂ ਵਾਰਾਂ ਗਾਉਣ/ ਸੁਣਨ ਦਾ ਰੁਝਾਨ ਰਿਹਾ ਹੈ।
ਲੋਕ ਨਾਇਕਾਂ ਤੋਂ ਇਲਾਵਾ ਸੂਫ਼ੀ ਸੰਗੀਤ ਨੇ ਮਨੁਖ ਨੂੰ ਰੂਹਾਨੀਅਤ ਭਰਪੂਰ ਸੰਦੇਸ਼ ਦਿਤਾ ਹੈ। ਸੂਫ਼ੀ ਸੰਗੀਤ ਤੋਂ ਇਹਨਾਂ ਸੂਫ਼ੀ ਸੰਤਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਸੂਫ਼ੀਆਂ ਨੇ ਸਚੇ ਇਸ਼ਕ ਨਾਲ/ ਇਬਾਦਤ ਨਾਲ ਰਬ ਦੀ ਪ੍ਰਾਪਤੀ ਦਾ ਰਾਹ ਦਸਿਆ। ਇਹਨਾਂ ਗਲਾਂ ਨੂੰ ਲੋਕ ਗੀਤਾਂ ਰਾਹੀਂ ਬਹੁਤ ਸਾਰੇ ਸੂਫ਼ੀ ਗਾਇਕਾਂ ਨੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ ਅਤੇ ਲੋਕਾਂ ਨੇ ਇਸ ਸੰਗੀਤ ਨੂੰ ਦਿਲੋਂ ਪਰਵਾਨ ਵੀ ਕੀਤਾ ਹੈ।
ਅਜੋਕੇ ਸਮੇਂ ਦੀਆਂ ਸਮਾਜਿਕ ਸਮਸਿਆਵਾਂ ਨੂੰ ਗੀਤਾਂ ਵਿਚ ਪੇਸ਼ ਕੀਤਾ ਗਿਆ ਹੈ। ਕਿਸਾਨਾਂ ਨੂੰ ਕਰਜ਼ੇ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ। ਦਾਜ- ਦਹੇਜ ਤੋਂ ਪ੍ਰਹੇਜ ਕਰਨ ਲਈ ਗੀਤਾਂ ਦੀ ਰਚਨਾ ਕੀਤੀ ਗਈ ਹੈ। ਨੌਜਵਾਨਾਂ ਨੂੰ ਗੈਰ- ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਤੋਂ ਰੋਕਿਆ ਗਿਆ ਹੈ/ ਸਮਝਾਇਆ ਗਿਆ ਹੈ। ਕੁੜੀਆਂ ਨੂੰ ਅਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ ਹੈ। ਅਜ ਦਾ ਜ਼ਮਾਨਾ ਅਗੇ ਵਧਣ ਦਾ ਜ਼ਮਾਨਾ ਹੈ। ਹੁਣ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘਟ ਨਹੀਂ ਹਨ। ਇਹਨਾਂ ਸੰਕਲਪਾਂ ਨੂੰ ਪੰਜਾਬੀ ਗੀਤਕਾਰੀ ਦੇ ਕੁਝ ਕੂ ਗੀਤਕਾਰ ਅਤੇ ਗਾਇਕ ਆਪਣੇ ਗੀਤਾਂ ਦਾ ਹਿਸਾ ਬਣਾ ਰਹੇ ਹਨ। ਇਹ ਚੰਗੀ ਗਲ ਹੈ।
ਲੋਕ ਗੀਤਾਂ ਰਾਹੀਂ ਦੇਸ਼ ਦੇ ਰਾਜਨੀਤਕ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। ਜਿਵੇਂ ਦੇਸ਼ ਦੀ ਤਰਕੀ ਦੀ ਗਲ/ ਰਾਜਨੀਤਕ ਪਾਰਟੀਆਂ ਦੇ ਘਪਲਿਆਂ ਦੀ ਗਲ/ ਫ਼ੌਜੀ ਜਵਾਨਾਂ ਦੀ ਗਲ/ ਪਰਵਾਸ ਦੀ ਗਲ ਅਤੇ ਸਮਾਜਿਕ ਬਣਤਰ ਦੀ ਗਲ। ਇਹਨਾਂ ਗੀਤਾਂ ਨੂੰ ਸੁਣ ਕੇ ਆਮ ਲੋਕਾਂ ਨੂੰ ਰਾਜਨੀਤਕ ਸੰਦਰਭ ਦੀ ਗਲ ਛੇਤੀ ਸਮਝ ਵਿਚ ਆ ਜਾਂਦੀ ਹੈ। ਲੋਕ ਇਹਨਾਂ ਗੀਤਾਂ ਦੇ ਮਾਧਿਅਮ ਰਾਹੀਂ ਮੁਲਕ ਦੇ ਹਾਲਾਤਾਂ ਨੂੰ ਸਮਝਦੇ ਹਨ/ ਜਾਣਦੇ ਹਨ।
ਪਰ ! ਬਦਕਿਸਮਤੀ ਅਸੀਂ ਕਦੇ ਸਾਰਥਕ ਪਹਿਲੂਆਂ ਉਪਰ ਵਿਚਾਰ- ਚਰਚਾ ਨਹੀਂ ਕਰਦੇ। ਕਦੇ ਚੰਗੇ ਕੰਮ ਦੀ ਸੋਭਾ ਨਹੀਂ ਕਰਦੇ/ ਵਡਿਆਈ ਨਹੀਂ ਕਰਦੇ। ਹਾਂ, ਮੰਦੇ ਕੰਮ ਲਈ ਭੰਡਣਾ ਜ਼ਰੂਰ ਸ਼ੁਰੂ ਕਰ ਦਿੰਦੇ ਹਾਂ। ਸਾਹਿਤ ਵਿਚ ਪੜ੍ਹਾਇਆ ਜਾਂਦਾ ਹੈ ਕਿ ਹਰ ਚੀਜ਼ ਦੇ ਦੋ ਪਖ ਹੁੰਦੇ ਹਨ। ਸਾਰਥਕ ਅਤੇ ਨਿਰਾਰਥਕ। ਜੇਕਰ ਕੁਝ ਲੋਕ ਮੰਦਾ ਗਾ ਰਹੇ ਹਨ ਤਾਂ ਕੁਝ ਲੋਕ ਚੰਗਾ ਅਤੇ ਰੂਹਾਨੀਅਤ ਭਰਪੂਰ ਗਾਇਕੀ ਵੀ ਗਾ ਰਹੇ ਹਨ। ਪਰ ! ਉਹਨਾਂ ਦੀ ਕਦੇ ਕੋਈ ਸਾਰਥਕ ਚਰਚਾ ਨਹੀਂ ਕੀਤੀ ਜਾਂਦੀ। ਉਹਨਾਂ ਗਾਇਕਾਂ/ ਗੀਤਕਾਰਾਂ ਨੂੰ ਕਦੇ ਸਾਹਮਣੇ ਨਹੀਂ ਲਿਆਇਆ ਜਾਂਦਾ ਜਿਨ੍ਹਾਂ ਅਰਥ ਭਰਪੂਰ ਗਾਇਕੀ ਰਾਹੀਂ ਸਮਾਜ ਨੂੰ ਸਿਧੇ ਰਾਹ ਪਾਉਣ ਦਾ ਉਪਰਾਲਾ ਕੀਤਾ ਹੁੰਦਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਇਹ ਸਾਡੇ ਉਪਰ ਨਿਰਭਰ ਕਰਦਾ ਹੈ ਕਿ ਅਸੀਂ ਸਾਰਥਕ ਸੋਚ ਦੇ ਧਾਰਨੀ ਲੋਕਾਂ/ ਗਾਇਕਾਂ/ ਗੀਤਕਾਰਾਂ ਨੂੰ ਅਗੇ ਲੈ ਕੇ ਆਉਣਾ ਹੈ ਜਾਂ ਫਿਰ ਨਕਾਰਤਮਕਤਾ ਭਰਪੂਰ ਲੋਕਾਂ ਨੂੰ। ਚੰਗੇ ਕੰਮ ਦੀ ਜੇਕਰ ਸੋਭਾ ਹੋਵੇਗੀ ਤਾਂ ਚੰਗਾ ਗਾਉਣ ਵਾਲੇ ਲੋਕ ਅਗੇ ਆਉਣਗੇ ਅਤੇ ਜੇਕਰ ਇਸੇ ਤਰ੍ਹਾਂ ਮੰਦਾ ਗਾਉਣ ਵਾਲੇ ਸੋਭਾ ਖਟਦੇ ਰਹੇ ਤਾਂ ਚੰਗਾ ਗਾਉਣ ਵਾਲੇ ਕਦੇ ਵੀ ਅਗੇ ਨਹੀਂ ਆ ਸਕਦੇ। ਇਹ ਅਟਲ ਸਚਾਈ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਮੰਦੇ ਕੰਮ ਦੀ ਭੰਡੀ ਹੋਣੀ ਚਾਹੀਦੀ ਹੈ ਪਰ ! ਨਾਲ ਹੀ ਚੰਗੇ ਕੰਮ ਦੀ ਸੋਭਾ ਵੀ ਹੋਣੀ ਚਾਹੀਦੀ ਹੈ/ ਨਹੀਂ ਤਾਂ ਚੰਗਾ ਗਾਉਣ ਵਾਲੇ/ ਚੰਗਾ ਲਿਖਣ ਵਾਲੇ ਹੌਸਲਾ ਹਾਰ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਚੰਗਾ ਗਾਉਣ ਵਾਲਿਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਵਧੀਆ ਗਾਇਕੀ ਰਾਹੀਂ ਸਮਾਜ ਵਿਚ ਸਾਰਥਕ ਰੋਲ ਅਦਾ ਕਰ ਸਕਣ ਅਤੇ ਮੰਦਾ ਗਾਉਣ ਵਾਲਿਆਂ ਨੂੰ ਸਬਕ ਮਿਲ ਸਕੇ। ਆਮੀਨ