May 14, 2026 6:09 am

ਮੋਦੀ ਵੱਲੋਂ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ

12 ਕਰੋੜ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਜਾਰੀ

ਲਖਨਊ, 24 ਫ਼ਰਵਰੀ- ਉਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕਿਸਾਨ ਸਨਮਾਨ ਨਿਧੀ ਯੋਜਨਾ‘ ਨੂੰ ਡਿਜੀਟਲੀ ਜਾਰੀ ਕਰ ਦਿਤਾ ਹੈ। ਇਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵਲੋਂ ਲਾਭ ਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ‘ਚ 2000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਯੋਜਨਾ ਦਾ ਲਾਭ 12 ਕਰੋੜ ਕਿਸਾਨਾਂ ਨੂੰ ਮਿਲੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਗੋਰਖਪੁਰ ’ਚ ਕਈ ਵਿਕਾਸ ਪ੍ਰਾਜੈਕਟਾਂ ਦਾ ਵੀ ਉਦਘਾਟਨ ਕੀਤਾ।ਇਸ ਮੌਕੇ ਪੀ.ਐਮ. ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਦਿਤੀ ਰਾਹਤ ਰਾਸ਼ੀ ਮੈਂ ਵਾਪਸ ਨਹੀਂ ਲੈ ਸਕਦਾ, ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਮਿਲੇਗਾ।ਇਸ ਮੌਕੇ ਮੋਦੀ ਨੇ ਕਿਹਾ ਕਿ ਕਿਸਾਨਾਂ ਨਾਲ ਸਬੰਧਿਤ ਇਹ ਸਭ ਤੋਂ ਵਡੀ ਯੋਜਨਾ ਕਰੋੜਾਂ ਦੇਸ਼ ਵਾਸੀਆਂ ਦੇ ਆਸ਼ੀਰਵਾਦ ਨਾਲ ਆਰੰਭ ਹੋ ਰਹੀ ਹੈ।ਉਨ੍ਹਾਂ ਨੇ ਗੋਰਖਪੁਰ ਦੇ ਲੋਕਾਂ ਨੂੰ ਦੋਹਰੀ ਵਧਾਈ ਦਿਤੀ ਕਿਉਂਕਿ ਉਹ ਯੋਜਨਾ ਦੀ ਸ਼ੁਰੂਆਤ ਦੇ ਗਵਾਹ ਬਣ ਰਹੇ ਹਨ।ਇਸ ਮੌਕੇ ਮੋਦੀ ਨੇ ਗੋਰਖਪੁਰ ਤੇ ਪੂਰਵਾਂਚਲ ਦੇ ਵਿਕਾਸ ਨਾਲ ਸਬੰਧਿਤ ਲਗਪਗ 10 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ।ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਵੀ ਬਣਾਇਆ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਲੈ ਕੇ ਕਿਸੇ ਦੇ ਬਹਕਾਵੇ ਵਿਚ ਨਾ ਆਉਣ।ਉਨ੍ਹਾਂ ਕਿਹਾ ਕਿ 2021 ਕਰੋੜ ਅਜ ਟਰਾਂਸਫਰ ਕੀਤੇ ਹਨ। ਕੁਲ 75000 ਕਰੋੜ ਰੁਪਏ 12 ਕਰੋੜ ਕਿਸਾਨਾਂ ਦੇ ਖਾਤੇ ਵਿਚ ਸਿਧੇ ਪਹੁੰਚਣਗੇ। ਕੇਂਦਰ ਸਰਕਾਰ ਹਰ ਸਾਲ ਛੇ ਹਜ਼ਾਰ ਰੁਪਏ ਸਿਧੇ ਕਿਸਾਨਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰੇਗੀ। ਮੋਦੀ ਨੇ ਸੂਬਿਆਂ ਨੂੰ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੇ ਆਪਣੇ ਕਿਸਾਨਾਂ ਦੀ ਸੂਚੀ ਸਰਕਾਰ ਨੂੰ ਨਹੀਂ ਪਹੁੰਚਾਈ ਤਾਂ ਕਿਸਾਨਾਂ ਦੀਆਂ ਬਦਦੁਆਵਾਂ ਉਨ੍ਹਾਂ ਦੀ ਸਿਆਸਤ ਨੂੰ ਤਹਿਸ-ਨਹਿਸ ਕਰ ਦੇਣਗੀਆਂ।ਉਨ੍ਹਾਂ ਕਿਹਾ ਕਿ ਉਹ ਵਿਰੋਧੀ ਹੋ ਸਕਦੇ ਹਨ ਪਰ ਕਿਸਾਨਾਂ ਦੀਆਂ ਮੰਗਾਂ ਨਾਲ ਖਿਲਵਾੜ ਨਹੀਂ ਕਰ ਸਕਦੇ।

Send this to a friend