ਅਜ ਦੁਨੀਆਂ ਦਾ ਵਡਾ ਸ਼ਾਂਤੀਪਸੰਦ ਮੁਲਕ ਭਾਰਤ ਕੁਝ ਮੁਠੀ ਭਰ ਆਤੰਕਵਾਦੀਆਂ ਦੇ ਕਾਯਰਾਣਾ ਹਮਲੇ ਤੋਂ ਬਾਅਦ ਲਹੂ ਲੁਹਾਣ ਹੈ। ਪੂਰਾ ਦੇਸ਼ ਦੁਖ ਨਾਲ ਭਿਜਿਆ ਅਤੇ ਗੁਸੇ ਵਿਚ ਉਬਲ ਰਿਹਾ ਹੈ। ਪੁਲਵਾਨਾ ਵਿਚ ਹੋਏ ਹਮਲੇ ਵਿਚ 40 ਜਵਾਨਾਂ ਆਪਣੀ ਮਾਤ ਭੂਮੀ ਦੀ ਰਖਿਆ ਲਈ ਸ਼ਹੀਦ ਹੋ ਗਏ। ਜਿਆਦਾ ਦੁਖ ਦੀ ਗਲ ਤਾਂ ਇਹ ਰਹੀ ਕਿ ਸਾਡੇ ਜਾਂਬਾਜ਼ ਸੈਨਿਕਾਂ ਨੂੰ ਆਪਣੇ ਦੁਸ਼ਮਣ ਨਾਲ ਸਿਧੇ ਛਾਤੀ ਤਾਣ ਕੇ ਬਹਾਦੁਰੀ ਦਿਖਾਂਦੇ ਹੋਏ ਲੜਨ ਦਾ ਮੌਕਾ ਨਹੀਂ ਮਿਲਿਆ, ਬਲਕਿ ਉਹ ਇਕ ਡਰਪੋਕ, ਲੁਕਵੇਂ ਅਤੇ ਕਾਯਰਾਣਾ ਹਮਲੇ ਵਿਚ ਸ਼ਹੀਦ ਹੋਏ। 40 ਸ਼ਹੀਦ ਜਵਾਨ ਆਪਣੇ ਪਿਛੇ ਛਡ ਗਏ, ਨਾਂ ਭੁਲਣ ਵਾਲੀਆਂ 40 ਬਹਾਦੁਰੀ ਅਤੇ ਤਿਆਗ ਦੀਆਂ ਕਹਾਣੀਆਂ। ਕਿਸੇ ਜਵਾਨ ਦਾ ਕੁਛ ਦਿਨਾਂ ਵਿਚ ਵਿਆਹ ਹੋਣ ਵਾਲਾ ਸੀ, ਕਿਸੇ ਦੇ ਪਿਛੇ ਰਹਿ ਗਿਆ ਉਸਦਾ ਮਾਸੂਮ 15 ਦਿਨਾਂ ਦਾ ਦੁਧਮੁਹਾਂ ਬਚਾ, ਕਿਸੇ ਨੇ 10 ਦਿਨ ਬਾਅਦ ਆਪਣੀ ਧੀ ਦਾ ਵਿਆਹ ਕਰਨਾ ਸੀ ਤੇ ਕੋਈ ਆਪਣੇ ਪਿਛੇ ਬੇਸਹਾਰਾ ਛਡ ਗਿਆ ਆਪਣੇ ਬਜ਼ੁਰਗ ਮਾਂ ਬਾਪ।
ਜੇ ਇਕ ਡਰਪੋਕ ਗਵਾਂਢੀ ਮੁਲਕ ਅਤੇ ਉਸਦੇ ਪਿਠੂ ਆਤੰਕਵਾਦੀ 2500 ਹਥਿਆਰਬੰਦ ਜਵਾਨਾਂ ਦੇ ਕਾਫਲੇ ਤੇ ਹਮਲਾ ਕਰਨ ਦੀ ਜ਼ੁਰਤ ਕਰ ਪਾਏ ਹਨ ਤਾਂ ਇਸ ਵਿਚ ਉਸ ਦੇ ਸਹਾਈ ਬਣੇ ਹਨ ਸਾਡੇ ਆਪਣੇ ਮੁਲਕ ਵਿਚ ਛੁਪੇ ਗਦਾਰ। ਗਵਾਂਢੀ ਮੁਲਕ ਨੂੰ ਇਸ ਹਮਲੇ ਲਈ ਨਾਂ ਤਾਂ ਆਪਣੇ ਸੈਨਿਕ ਭੇਜਣੇ ਪਏ ਅਤੇ ਨਾਂ ਹੀ ਬਾਰੂਦ। ਉਸਦਾ ਘਿਨੋਣਾ ਮਕਸਦ ਤਾਂ ਇਸੇ ਮੁਲਕ ਦੇ ਚੰਦ ਨੌਜਵਾਨਾਂ ਦੇ ਦਿਮਾਗ ਵਿਚ ਜੇਹਾਦੀ ਜ਼ਹਿਰ ਭਰ ਕੇ ਹੀ ਪੂਰਾ ਹੋ ਗਿਆ। ਉਸ ਨੂੰ ਇਹ ਸਭ ਇਸੇ ਮੁਲਕ ਵਿਚ ਲੁਕੇ ਜਯਚੰਦਾਂ ਨੇ ਚੰਦ ਸਿਕਿਆਂ ਦੇ ਲਾਲਚ ਵਿਚ ਇਸੇ ਮੁਲਕ ਵਿਚ ਹੀ ਮੁਹਈਆ ਕਰਵਾ ਦਿਤਾ। ਇਹ ਗਦਾਰ ਸੈਨਾ ਤੇ ਹਮਲੇ ਜਾਂ ਪਥਰਬਾਜ਼ੀ ਦੌਰਾਨ ਮਰੇ ਦੇਸ਼ ਦੇ ਦੁਸ਼ਮਣਾਂ ਦੇ ਮਰਨ ਤੇ ਤਾਂ ਛਾਤੀ ਪਿਟਦੇ ਨਜ਼ਰ ਆਉਂਦੇ ਹਨ ਪਰ ਸੈਨਾ ਦੇ ਜਵਾਨ ਦੇ ਸ਼ਹੀਦ ਹੋਣ ਪਿਛੇ ਰਾਜਨਿਤੀ ਲਭਦੇ ਹਨ। ਜਿਸ ਦੇਸ਼ ਦੀ ਅਤੇ ਨਾਗਰਿਕਾਂ ਦੀ ਰਖਿਆ ਵਿਚ ਜਵਾਨ ਦਿਨ ਰਾਤ ਬਾਰਡਰ ਤੇ ਖੜਾ ਰਹਿੰਦਾ ਹੈ ਅਤੇ ਆਪਣੀ ਜਾਣ ਦੀ ਬਾਜ਼ੀ ਲਗਾ ਦੇਂਦਾ ਹੈਂ, ਉਸੇ ਮੁਲਕ ਦੇ ਕੁਝ ਮਤਲਬਪਸੰਦ ਅਤੇ ਗਦਾਰ ਉਸ ਦੀ ਸ਼ਹੀਦੀ ਤੇ ਵੀ ਰਾਜਨੀਤਕ ਰੋਟੀਆਂ ਸੇਕਦੇ ਹਨ।ਜੇ ਕਿਸੇ ਸ਼ਹੀਦ ਦਾ ਪਿਤਾ ਆਪਣੇ ਦੂਸਰੇ ਬੇਟੇ ਨੂੰ ਵੀ ਦੇਸ਼ ਸੇਵਾ ਲਈ ਸੈਨਾ ਵਿਚ ਭੇਜਣ ਦਾ ਜਜ਼ਬਾ ਰਖਦਾ ਹੈ ਤਾਂ ਸਾਡਾ ਵੀ ਫਰਜ਼ ਹੈ ਉਸਦੇ ਜ਼ਜ਼ਬੇ ਦਾ ਸਨਮਾਨ ਕਰਨ ਦਾ। ਸੈਨਾ ਤੇ ਹਮਲਾ ਭਾਵੇਂ ਗੋਲੀ ਨਾਲ ਹੋਵੇ, ਭਾਵੇਂ ਬੋਲੀ ਨਾਲ ਜਾ ਪਥਰ ਨਾਲ, ਜਿੰਮੇਵਾਰ ਨੂੰ ਦੇਸ਼ ਦਾ ਦੁਸ਼ਮਣ ਸਮਜ਼ ਕੇ ਸਲੂਕ ਕਰਨਾ ਚਾਹੀਦਾ ਹੈ। ਜੇ ਕੋਈ ਸੈਨਾ ਨੂੰ ਆਪਣੇ ਮੁਲਕ ਦੀ ਰਖਿਆ ਕਰਨ ਤੋਂ ਰੋਕਦਾ ਹੈ, ਤਾਂ ਉਸ ਨੂੰ ਭਟਕਿਆ ਨੌਜਵਾਨ ਸਮਜਣ ਦੀ ਬਜਾਇ ਆਤੰਕਵਾਦੀਆਂ ਦਾ ਸਮਰਥਕ ਮੰਨ ਕੇ ਹੀ ਸਬਕ ਸਿਖਾਉਣਾ ਚਾਹੀਦਾ ਹੈ।
ਜੇ ਇਹ ਹਮਲਾ ਸੰਭਵ ਹੋਇਆ ਹੈ ਤਾਂ ਇਸ ਪਿਛੇ ਜ਼ਿਮੇਵਾਰ ਹੈ ਸਾਡੇ ਮੁਲਕ ਦਾ ਸਾਫਟ ਸਟੇਟ ਦਾ ਅਕਸ। ਪੁਲਵਾਨਾ ਹਮਲਾ ਦੇਸ਼ ਦੇ ਮਾਨ ਸਨਮਾਨ ਤੇ ਗੁਝੀ ਸਟ ਅਤੇ ਦੇਸ਼ ਦੀ ਬਹਾਦੁਰ ਸੈਨਾ ਨੂੰ ਸਿਧੀ ਵੰਗਾਰ ਹੈ। ਹਰ ਹਮਲੇ ਤੋਂ ਬਾਅਦ ਸਿਰਫ ਨਿੰਦਾ ਕਰਨ, ਭਾਰੀ ਭਰਕਮ ਬਿਆਨਬਾਜ਼ੀ ਕਰਨ, ਰਾਜ਼ਦੂਤਾਂ ਨੂੰ ਚੇਤਾਵਨੀ ਦੇਣਾ, ਜ਼ਿਮੇਵਾਰ ਮੁਲਕ ਨੂੰ ਡੋਜ਼ੀਆਰ ਦੇਣ ਅਤੇ ਉਸਤੋਂ ਐਮ ਐਫ ਐਨ ਦਾ ਦਰਜਾ ਵਾਪਸ ਲੈਣ ਨਾਲ ਇਹ ਸਮਸਿਆ ਹਲ ਨਹੀਂ ਹੋਣੀ। ਸਮਾਂ ਹੈ ਇਸ ਤੋਂ ਅਗੇ ਵਧਣ ਦਾ। ਸਮਾਂ ਹੈ ਦੇਸ਼ ਦੀ ਸਰਕਾਰ ਦਾ ਆਪਣੀ ਸਾਫਟ ਸਟੇਟ ਦਾ ਅਕਸ ਤਿਆਗਣ ਦਾ। ਆਪਣੇ ਮੁਲਕ ਨੂੰ ਇਨਾਂ ਮਜ਼ਬੂਤ ਅਤੇ ਰਖਿਆ ਕਰਨ ਵਿਚ ਸਕਸ਼ਮ ਬਣਾਉਣ ਦਾ ਕਿ ਦੇਸ਼ ਦੇ ਹਰ ਦੁਸ਼ਮਣ ਕਿਸੇ ਹਮਲੇ ਤੋਂ ਪਹਿਲਾਂ ਸੋ ਵਾਰ ਸੋਚੇ ਅਤੇ ਆਪਣੇ ਅੰਜਾਮ ਤੋਂ ਡਰਦਾ ਅਜਿਹਾ ਕਰਨ ਦੀ ਜ਼ੁਰਤ ਨਾਂ ਕਰੇ। ਅਜਿਹਾ ਸੈਨਾ ਨੂੰ ਦੁਸ਼ਮਣ ਨਾਲ ਨਜਿਠਣ ਲਈ ਖੁਲੀ ਛੁਟੀ ਦੇਣ ਨਾਲ ਹੀ ਸੰਭਵ ਹੋ ਸਕੇਗਾ। ਹਮਲੇ ਦੇ ਜਿੰਮੇਵਾਰ ਤੇ ਆਰਥਿਕ ਮੋਰਚੇ ਤੇ ਬਰਬਾਦ ਹੋਏ ਸ਼ਰਾਰਤੀ ਗਵਾਂਢੀ ਮੁਲਕ ਨੂੰ ਦੁਨੀਆਂ ਭਰ ਵਿਚ ਉਸ ਦੀ ਹਰਕਤਾਂ ਲਈ ਨੰਗਾ ਕੀਤਾ ਜਾਵੇ। ਕਿਸੇ ਤਰ੍ਹਾਂ ਦਾ ਅਜਿਹੇ ਮੁਲਕ ਨਾਲ ਰਿਸ਼ਤਾ ਨਾਂ ਰਖਿਆ ਜਾਵੇ। ਨਾਂ ਵਪਾਰ ਦਾ, ਨਾਂ ਖੇਡਾਂ ਦਾ ਅਤੇ ਨਾਂ ਰਾਜਨੀਤਕ। ਸਮਾਂ ਹੈ ਅਜਿਹੇ ਮੁਲਕ ਨਾਲ ਨਜਿਠਣ ਲਈ ਦੁਨੀਆਂ ਭਰ ਦੇ ਮੁਲਕਾਂ ਨੂੰ ਲਾਮਬੰਦ ਕਰ ਕੇ ਇਸਨੂੰ ਆਤੰਕੀ ਦੇਸ਼ ਘੋਸ਼ਿਤ ਕਰਵਾਉਣ ਦੇ ਯਤਨ ਕਰਨ ਦੇ ਨਾਲ ਨਾਲ ਮੁਲਕ ਦੀ ਸਰਹਦਾਂ ਨੂੰ ਫੌਲਾਦ ਦਾ ਬਣਾਉਣ ਦਾ ਅਤੇ ਦੇਸ਼ ਰਖਿਆ ਲਈ ਹਰ ਕੁਰਬਾਨੀ ਲਈ ਤਿਆਰ ਰਹਿਣ ਦਾ।