May 14, 2026 5:26 am

ਕਿਆ ਤੂ ਸੋਇਆ ਜਾਗੁ ਇਆਨਾ : ਸਿੱਖ ਕੌਮ ਨਾਲ ਸੰਵਾਦ

ਆਮ ਰਿਵਾਇਤ ਬਣ ਗਈ ਹੈ ਕਿ ਕਿਸੇ ਖਾਸ ਵਿਸ਼ੇ ‘ਤੇ ਲਿਖਿਆ ਜਾਂ ਬੋਲਿਆ ਜਾਂਦਾ ਹੈ ਤੇ ਕਿਸੇ ਖਾਸ ਵਿਅਕਤੀ, ਸਮੂਹ, ਸੰਸਥਾ ਜਾਂ ਵਿਵਸਥਾ ਨੂੰ ਚਰਚਾ ਦਾ ਕੇਂਦਰ ਬਣਾ ਲਿਆ ਜਾਂਦਾ ਹੈ। ਕਿਸੇ ਕੌਮ ਲਈ ਇਹ ਕਦੇ ਵੀ ਹਿਤਕਾਰੀ ਨਹੀਂ ਰਿਹਾ ਹੈ। ਇਸ ਨਾਲ ਇਕ ਪਖੀ ਹੋ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਕੌਮ ਦੀ ਤਰਕੀ ਲਈ ਸਦਾ ਹੀ ਸਰਬ ਪਖੀ, ਦੂਰਅੰਦੇਸ਼ ਤੇ ਸਹਿਜ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਸਮਾਜ ਕੋਈ ਵੀਚਾਰ ਤਾਂ ਹੀ ਸਵੀਕਾਰਦਾ ਹੈ ਜਦੋਂ ਉਹ ਸਪਸ਼ਟ ਹੋਵੇ, ਧਾਰਣ ਜੋਗ ਹੋਵੇ ਤੇ ਇਕ ਇਕ ਵਿਅਕਤੀ ਤਕ ਪੁਜੇ। ਗੁਰੂ ਨਾਨਕ ਸਾਹਿਬ ਸਚ ਦੇ ਪੈਗੰਬਰ ਬਣ ਕੇ ਸੰਸਾਰ ਅੰਦਰ ਆਏ। ਗੁਰੂ ਸਾਹਿਬ ਕੋਲ ਬੇਸ਼ਕੀਮਤੀ ਤੇ ਵਿਲਖਣ ਵਿਚਾਰ ਦ੍ਰਿਸ਼ਟੀ ਸੀ ਪਰ ਉਹਨਾਂ ਸਮੇਂ ਦੀ ਉਡੀਕ ਨਹੀਂ ਕੀਤੀ ਸਗੋਂ ਸਮੇਂ ਤੋਂ ਅਗੇ ਜਾ ਸੰਸਾਰ ਦੇ ਹਰ ਕੋਨੇ ‘ਚ ਆਪਣੀ ਗਲ ਪੁਜਾਈ ਤੇ ਲੋਕਾਂ ਨੂੰ ਭਰਮਾਂ ਤੋਂ ਕਢ੍ਹ ਕੇ ਸਹਿਮਤ ਵੀ ਕੀਤਾ। ਦੋ ਦਹਾਕਿਆਂ ‘ਚ ਹੀ ਸਮਾਜ ਦੀ ਨੁਹਾਰ ਬਦਲ ਦਿਤੀ। ਉਸ ਤੋਂ ਬਾਅਦ ਮਾਤਰ ਦੋ ਸੌ ਸਾਲ ਹੀ ਲਗੇ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਤਿਆਰ ਬਰ ਤਿਆਰ ਖਾਲਸਾ ਜਮਾਤ ਖੜੀ ਕਰ ਦਿਤੀ। ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ . ਖਾਲਸਾ ਪੰਥ ਦੀ ਸਾਜਨਾ ਨੂੰ 320 ਸਾਲ ਹੋ ਜਾਣਗੇ। ਇਹ ਮਾਣ ਤੇ ਖੁਸ਼ੀ ਦਾ ਮੌਕਾ ਹੈ ਪਰ ਅਨੇਕਾਂ ਸਵਾਲਾਂ ਤੋਂ ਉਭਰਦਾ ਹੋਇਆ ਇਕ ਪਰੇਸ਼ਾਨ ਕਰਨ ਵਾਲਾ ਸਵਾਲ ਵੀ ਸਾਹਮਣੇ ਹੈ ਕਿ ਕੀ ਅਸੀਂ ਸੰਸਾਰ ਅੰਦਰ ਆਪਣੀ ਉਹ ਪਛਾਣ ਕਾਇਮ ਰਖ ਸਕੇ ਹਾਂ ਜੋ ਗੁਰੂ ਸਾਹਿਬਾਨ ਨੇ ਬਖਸ਼ੀ ਸੀ। ਇਹ ਸਵਾਲ ਪੂਰੀ ਕੌਮ ਦਾ ਹੈ ਤੇ ਪੂਰੀ ਕੌਮ ਲਈ ਹੈ। ਹਰ ਸਿਖ ਇਹ ਸਵਾਲ ਕਰੇ ਤੇ ਹਰ ਸਿਖ ਇਸ ਦਾ ਜਵਾਬਦੇਹ ਬਣੇ।
ਨਿਕੀਆਂ ਨਿਕੀਆਂ ਗਲਾ ਉਠਦੀਆਂ ਰਹਿੰਦੀਆਂ ਹਨ ਪਰ ਇਹ ਕਿਉਂਕਿ ਲਗਾਤਾਰ ਉਠ ਰਹੀਆਂ ਹਨ ਇਸ ਕਾਰਨ ਵਡੀ ਚਿੰਤਾ ਦਾ ਸਬਬ ਬਣ ਗਾਈਆਂ ਹਨ। ਗੁਰੂ ਸਾਹਿਬਾਨ ਤੇ ਗੁਰ ਇਤਿਹਾਸ ਨਾਲ ਚਿਰਾਂ ਤੋਂ ਛੇੜ ਛਾੜ ਕੀਤੀ ਜਾ ਰਹੀ ਹੈ। ਗੁਰੂ ਸਾਹਿਬਾਨ ਨੂੰ ਕਦੇ ਸਮਾਜ ਸੁਧਾਰਕ , ਕਦੇ ਕਿਸੇ ਭਗਤੀ ਆਂਦੋਲਨ ਦਾ ਪਾਂਧੀ , ਕਦੇ ਕਿਸੇ ਧਰਮ ਦਾ ਰਖਿਅਕ , ਕਦੇ ਕਿਸੇ ਧਰਮ ਨਾਲ ਟਾਕਰਾ ਲੈਣ ਵਾਲਾ ਕਹਿ ਕੇ ਉਸ ਵਡਮੁਲੀ ਅਧਿਆਤਮਕ ਤੇ ਧਾਰਮਕ ਵਿਰਾਸਤ ਤੋਂ ਨਿਖੇੜਨ ਦਾ ਜਤਨ ਕੀਤਾ ਜਾਂਦਾ ਹੈ ਜੋ ਸਮੂਚੀ ਮਨੁਖਤਾ ਦੇ ਭਲੇ ਲਈ ਸਿਰਜੀ ਗਈ ਸੀ। ਕੌਮ ਦੇ ਪਵਿਤਰ ਅਸਥਾਨਾਂ ਤੇ ਚਿਨ੍ਹਾਂ ਦੀ ਨਿਰਾਦਰੀ ਕੀਤੀ ਜਾ ਰਹੀ ਹੈ। ਪੰਜ ਕਕਾਰਾਂ ਤੇ ਸਵਾਲ ਕੀਤੇ ਜਾਂਦੇ ਹਨ ਤੇ ਰੋਕਾਂ ਲਾਈਆਂ ਜਾਂਦੀਆਂ ਹਨ। ਇਸ ਲਈ ਕੋਈ ਹੋਰ ਨਹੀਂ ਸਾਰੀ ਸਿਖ ਕੌਮ ਜਿੰਮੇਵਾਰ ਹੈ। ਅਸੀਂ ਆਪਨੇ ਫਰਜ ਸਮਝਣ ‘ਚ ਪੂਰੀ ਤਰਹ ਨਾ ਕਾਮਿਆਬ ਰਹੇ ਹਾਂ। ਗੁਰੂ ਸਾਹਿਬਾਨ ਦੀ ਬਖਸ਼ੀ ਰੂਹਾਨੀ ਸੇਧ ਤੇ ਜੀਵਨ ਜਾਚ ਨੂੰ ਸਾਂਭਨ ਦੀ ਜਿੰਮੇਵਾਰੀ ਹਰ ਉਸ ਦੀ ਸੀ ਜੋ ਆਪਨੇ ਆਪ ਨੂੰ ਗੁਰੂ ਦਾ ਸਿਖ ਅਖਵਾਉਂਦਾ ਹੈ। ਅਜ ਸਿਖ ਚਰਚਾ ਵਿਚ ਹੈ ਤਾਂ ਖਰਚੀਲੀਆਂ ਸ਼ਾਦੀਆਂ ਕਾਰਨ , ਮਸਾਲੇਦਾਰ ਵਿਅੰਜਨਾਂ ਦੇ ਸ਼ੌਕ ਲਈ , ਕੀਮਤੀ ਕਾਰਾਂ , ਆਲੀਸ਼ਾਨ ਘਰ , ਸ਼ਾਹ ਖਰਚੀ , ਭੜਕੀਲੇ ਪਹਿਰਾਵੇ ਤੇ ਨਸ਼ਿਆਂ ਲਈ। ਇਨ੍ਹਾਂ ਨੂੰ ਅਸੀਂ ਮਾਣ – ਇਜਤ ਦਾ ਵਿਸ਼ਾ ਬਣਾ ਲਿਆ ਹੈ। ਸਿਖਾਂ ਦੀ ਤਾਰੀਫ਼ ਹੁੰਦੀ ਹੈ ਤਾਂ ਇਸ ਲਈ ਕਿ ਉਹ ਲੰਗਰ ਲਾਉਂਦੇ ਹਨ। ਇੰਨੇ ‘ਚ ਹੀ ਸੰਤੁਸ਼ਟ ਤੇ ਆਤਮ ਮੁਗਧ ਹੋ ਜਾਣਾ ਬੇਹਦ ਨਿਰਾਸ਼ ਕਰਨ ਵਾਲੀ ਗਲ ਹੈ। ਗੁਰੂ ਨਾਨਕ ਸਾਹਿਬ ਦੇ ਸਿਖਾਂ ਦੀ ਉਹ ਕੌਮ ਅਜ ਕਿਥੇ ਹੈ ਜਿਸ ਦੇ ਜੀਵਨ ਦਾ ਮਿਸ਼ਨ ਨਾਮ ਸਿਮਰਨ ਸੀ ਜੋ ਕਿਰਤ ਕਰਨ ਤੇ ਵੰਡ ਛਕਣ ‘ਚ ਵਿਸ਼ਵਾਸ ਰਖਦੀ ਸੀ। ਗੁਰੂ ਨਾਨਕ ਸਾਹਿਬ ਨੇ ਸਿਖ ਦੀ ਪਛਾਣ ਭਾਈ ਲਾਲੋ ਜੀ , ਬਾਬਾ ਬੁਢਾ ਜੀ ‘ਚ ਥਾਪੀ ਸੀ। ਭਾਈ ਗੁਰਦਾਸ ਜੀ ਜਿਹਿਆਂ ਦੀ ਵਿਦਵਤਾ , ਭਾਈ ਜੈਤਾ ਜੀ ਤੇ ਭਾਈ ਮਖਨ ਸ਼ਾਹ ਜੀ ਜਿਹਿਆਂ ਦੀ ਭਾਵਨਾ ਤੇ ਪੰਜ ਪਿਆਰਿਆਂ ਦਾ ਸਮਰਪਣ ਉਸ ਪਛਾਣ ਨੂੰ ਨਿਖਾਰਨ ਵਾਲੇ ਸਾਬਤ ਹੋਏ।
ਸਿਖ ਕੌਮ ਨੂੰ ਅਗਾਂਹ ਵਧਾਉਣ ਲਈ , ਚੜ੍ਹਦੀਕਲਾ ਵਲ ਤੋਰਨ ਲਈ ਕੋਈ ਆਗੂ ਜਾਂ ਆਗੂਆਂ ਦਾ ਸਮੂਹ ਨਹੀਂ ਆਉਣ ਵਾਲਾ। ਹਰ ਕਿਸੇ ਦੇ ਆਪਨੇ ਹਿਤ ਤੇ ਟੀਚੇ ਹੁੰਦੇ ਹਨ। ਇਹ ਕੰਮ ਤਾਂ ਸਿਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਤੇ ਬਖਸ਼ਿਸ਼ ਨਾਲ ਆਪ ਹੀ ਸਿਰੇ ਚੜ੍ਹਾਉਣਾ ਪਏਗਾ। ਸਮੇਂ ਦੇ ਲੋੜ ਹੈ ਕਿ ਇਹ ਮੁਹਿਮ ਦੋ ਪਧਰਾਂ ਤੇ ਚਲੇ। ਪਹਿਲਾਂ ਤਾਂ ਹਰ ਸਿਖ ਆਪ ਸਿਖ ਹੋਣ ਦੇ ਮਾਇਨੇ ਸਮਝੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਅਨੁਸਾਰ ਆਪਨੇ ਜੀਵਨ ਨੂੰ ਦਿਸ਼ਾ ਦੇਵੇ। ਨਿਤਨੇਮ ਨਾਲ ਹੀ ਜੀਵਨ ਦੇ ਆਚਾਰ – ਵਿਉਹਾਰ ਨੂੰ ਗੁਰਬਾਣੀ ਦੇ ਹੁਕਮ ਮੁਤਾਬਕ ਨਿਰਮਲ ਬਨਾਏ। ਇਹ ਤਦੋਂ ਤਕ ਕਠਿਨ ਹੈ ਜਦੋਂ ਤਕ ਗੁਰਸਿਖ ਗੁਰਬਾਣੀ ਨਾਲ ਪੂਰਨ ਤੌਰ ਤੇ ਨਹੀਂ ਜੁੜਦਾ। ਗੁਰੂ ਦੀ ਸ਼ਰਨ ਗਿਆਂ ਗੁਰੂ ਆਪ ਹੀ ਬਖਸ਼ਿਸ਼ ਕਰਦਾ ਹੈ “ ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ “। ਜੀਵਨ ਵਾਹਿਗੁਰੂ ਦਾ ਅਨੁਸਾਰੀ ਹੋ ਜਾਏ ਤਾਂ ਹੀ ਸਫਲ ਹੈ “ ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ “। ਗੁਰਸਿਖ ਦੇ ਜੀਵਨ ਦੀ ਸਫਲਤਾ ਤੇ ਸਿਖ ਕੌਮ ਦੀ ਚੜ੍ਹਦੀਕਲਾ ਵਾਹਿਗੁਰੂ ਦੇ ਹੁਕਮ ਅਨੁਸਾਰ ਚਲਣ ਤੇ ਹੀ ਹੈ।
ਦੂਜੀ ਲੋੜ ਗੁਰ ਇਤਿਹਾਸ ਤੇ ਗੁਰਬਾਣੀ ਦੇ ਵਿਆਪਕ ਪ੍ਰਚਾਰ – ਪ੍ਰਸਾਰ ਦੀ ਹੈ। ਇਸ ਲਈ ਗੁਰੂ ਘਰ ਦੀ ਹਦ ਤੋਂ ਤੇ ਭਾਸ਼ਾ ਦੀ ਬੰਦਿਸ਼ ਤੋਂ ਬਾਹਰ ਆਉਣਾ ਪਵੇਗਾ। ਗੁਰੂ ਸਾਹਿਬਾਨ ਨੇ ਲੋਕਾਂ ਸਾਹਮਣੇ ਆਪਣੀ ਗਲ ਰਖਨ ਲਈ ਲੋਕਾਂ ਕੋਲ ਜਾ ਕੇ ਲੋਕਾਂ ਦੀ ਭਾਸ਼ਾ ਵਰਤੀ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਮੁਹਿਮ ਦੀ ਸ਼ੁਰੂਆਤ ਦਾ ਸਭ ਤੋਂ ਮੁਫੀਦ ਮੌਕਾ ਹੈ। ਦੁਨਿਆ ਦੇ ਹਰ ਘਰ – ਪਰਿਵਾਰ ਅੰਦਰ ਜੇ ਗੁਰੂ ਸਾਹਿਬ ਦੇ ਜੀਵਨ ਬਾਰੇ ਤੇ ਸਿਖ ਪੰਥ ਬਾਰੇ ਇਕ ਸੰਖੇਪ ਜਿਹਾ ਪਰਚਾ ਵੀ ਅਸੀਂ ਉਹਨਾਂ ਦੀ ਭਾਸ਼ਾ ‘ਚ ਪੁਜਾ ਸਕੀਏ ਤਾਂ ਵਡੀ ਸਫਲਤਾ ਹੋਵੇਗੀ। ਇਹ ਕੰਮ ਔਖਾ ਨਹੀਂ ਹੈ ਜੇ ਗੁਰਸਿਖਾਂ ਦੇ ਦਸਵੰਧ ਨਾਲ ਬਿਲਡਿੰਗਾਂ ਦੀ ਉਸਾਰੀ ਤੇ ਹੋਰ ਵਿਖਾਵਿਆਂ ਤੋਂ ਹਥ ਰੋਕ ਕੇ ਵਿਸ਼ਵ ਭਰ ਦੀਆਂ ਮੁਖ ਸਿਖ ਸੰਸਥਾਵਾਂ ਇਸ ਪਾਸੇ ਲਗ ਜਾਣ। ਸੁਭਾਵਕ ਹੈ ਕਿ ਕੋਈ ਵੀ ਸੰਸਥਾ ਆਪਣੀ ਲੀਕ ਤੋਂ ਹਟਣ ਲਈ ਸਹਿਜ ਹੀ ਤਿਆਰ ਨਹੀਂ ਹੋਵੇਗੀ। ਪੂਰੀ ਕੌਮ ਨੂੰ , ਸਥਾਨਕ ਸੰਗਤਾਂ ਨੂੰ ਅਜਿਹੀਆਂ ਸੰਸਥਾਵਾਂ ਤੇ ਦਬਾਅ ਪਾ ਕੇ ਪ੍ਰੇਰਿਤ ਕਰਣਾ ਪਵੇਗਾ ਕਿ ਉਹ ਪ੍ਰਚਾਰ ਪ੍ਰਸਾਰ ਦੇ ਕੰਮ ‘ਚ ਹਿਸਾ ਪਾਉਣ। ਪ੍ਰਚਾਰ ਲਈ ਸੋਸ਼ਲ ਮੀਡਿਆ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡਿਆ ਲੋਕਾਂ ਨਾਲ ਜੁੜਨ ਦਾ ਸਭ ਤੋਂ ਕਾਰਗਰ ਤੇ ਅਸਰਦਾਰ ਮਾਧਿਅਮ ਬਣ ਗਿਆ ਹੈ। ਪਰ ਸਿਖ ਇਸ ਦੀ ਵਰਤੋਂ ‘ਚ ਕਾਫੀ ਪਿਛੜੇ ਹੋਏ ਹਨ। ਜੋ ਵਰਤੋਂ ਹੋ ਵੀ ਰਹੀ ਹੈ ਉਹ ਸਿਰਫ ਆਪਣੀ ਹੋਂਦ ਤੇ ਹਉਮੇ ਦਾ ਪ੍ਰਗਟਾਵਾ ਕਰਨ ਲਈ। ਗੁਰੂ ਸਾਹਿਬਾਨ ਦੇ ਜੀਵਨ ਤੇ ਗੁਰਬਾਣੀ ਮਨੁਖਤਾ ਦੀ ਭਲਾਈ ਦੇ ਸਭ ਤੋਂ ਵਡੇ ਪ੍ਰੇਰਣਾਦਾਈ ਸ੍ਰੋਤ ਹਨ। ਗੁਰਸਿਖ ਅੰਦਰ ਧਰਮ , ਜਾਤ , ਵਰਣ , ਸੰਪਰਦਾ , ਰੰਗ ਆਦਿਕ ਕਿਸੇ ਵੀ ਤਰਹ ਦੇ ਵਿਤਕਰੇ ਦੀ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬਾਨ ਦੇ ਸੁਨੇਹੇ ਦਾ ਪ੍ਰਚਾਰ , ਮਨੁਖੀ ਹਿਤਾਂ ਨੂੰ ਸੁਰਖਿਅਤ ਕਰਨ ਦਾ ਮਹਾਨ ਉਦਮ ਹੈ। ਇਸ ਤੋਂ ਅਵੇਸਲੇ ਹੋਣਾ ਸਾਰੀ ਮਨੁਖਤਾ ਨਾਲ ਧ੍ਰੋਹ ਤੁਲ ਹੈ।
ਸਿਖੀ ਮਹਿਜ ਕਿਤਾਬੀ ਗਲ ਜਾਂ ਆਦਰਸ਼ ਅਵਸਥਾ ਨਹੀਂ ਜੋ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਗੁਰਬਾਣੀ ਅੰਦਰ ਫੁਰਮਾਇਆ ਹੋਇਆ ਇਕ ਇਕ ਵਚਨ ਵਿਉਹਾਰ ‘ਚ ਪੂਰਾ ਉਤਰਿਆ ਵਚਨ ਹੈ। ਅਜ ਭਾਈ ਲਾਲੋ ਜੀ ਤੇ ਬਾਬਾ ਬੁਢਾ ਜੀ ਜਿਹੇ ਗੁਰਸਿਖ ਇਸ ਕਾਰਨ ਵਿਖਾਈ ਨਹੀ ਦਿੰਦੇ ਕਿਉਂਕਿ ਕੌਮ ਭਰਮਾਂ ‘ਚ ਭਟਕ ਗਈ ਹੈ। ਭਰਮਾਂ ਕਾਰਨ ਹੀ ਪਗ ਦੀ ਰੰਗ ਦੀਆਂ ਕਾਰਾਂ ਰਖਨ ਵਾਲੇ , ਵਿਉਪਾਰ ਅੰਦਰ ਸਫਲਤਾ ਪ੍ਰਾਪਤ ਕਰਨ ਵਾਲੇ , ਲੰਗਰ ਲਾਉਣ ਵਾਲੇ , ਸਿਖ ਹਿਤਾਂ ਲਈ ਪ੍ਰੇਸ ਬਿਆਨਾਂ ਜਰੀਏ ਮੋਰਚੇ ਖੋਲਣ ਵਾਲੇ , ਸਿਖ ਨਾਇਕ ਬਣਨ ਦਾ ਜਤਨ ਕਰ ਰਹੇ ਹਨ . ਸਿਖੀ ਸਮਰਪਣ , ਸਿਦਕ ਤੇ ਸੇਵਾ ਦੀ ਉਸ ਭਾਵਨਾ ਤੋਂ ਨਿਤਰਦੀ ਹੈ ਜੋ ਪਰਮਾਤਮਾ ਮੁਖੀ ਹੈ ਨਾ ਕਿ ਲੋਕ ਪ੍ਰਸ਼ੰਸਾ ਲਈ। ਗੁਰੂ ਸਾਹਿਬਾਨ ਦੇ ਕਾਲ ਵਿਚ ਤੇ ਉਸ ਤੋਂ ਬਾਅਦ ਵੀ ਅਨਗਿਣਤ ਸਿਖ ਹੋਏ ਜਿਨ੍ਹਾਂ ਗੁਰੂ ਸ਼ਬਦ ਨੂੰ ਜੀਵਨ ਦੀ ਟੇਕ ਬਣਾ ਕੇ ਪਰਮਾਤਮਾ ਦੀ ਨਦਰਿ ਪ੍ਰਾਪਤ ਕੀਤੀ। ਉਹਨਾਂ ਸਿਖਾਂ ਲਈ ਪੂਰੀ ਸਿਖ ਕੌਮ ਨਿਤ ਸਵੇਰੇ ਸ਼ਾਮ ਅਰਦਾਸ ਕਰਦੀ ਹੈ। ਜਿਨ੍ਹਾਂ ਧਰਮ ਨਹੀਂ ਹਾਰਿਆ ਉਹਨਾਂ ਦੇ ਸਿਲਸਿਲੇ ਨੂੰ ਅਗੇ ਵਧਾਉਣ ਦੀ ਲੋੜ ਹੈ। ਪੂਰੀ ਸਿਖ ਕੌਮ ਇਸ ਲਈ ਸੁਚੇਤ ਹੋਵੇ ਤਾਂ ਹੀ ਕੌਮ ਦੀ ਸ਼ਾਨ ਬਣੇਗੀ। ਕੌਮ ਆਪਨੇ ਆਪ ਤੇ ਭਰੋਸਾ ਕਰੇ। ਨਿਕੇ ਨਿਕੇ ਕਦਮ ਵੀ ਜਦੋਂ ਮਿਲਦੇ ਹਨ , ਮਿਲ ਕੇ ਵਡਾ ਪੈਂਡਾ ਤੈ ਕਰ ਲੈਂਦੇ ਹਨ। ਇਸ ਲਈ ਜਾਗਨਾ ਪਵੇਗਾ। ਆਪ ਵੀ ਜਾਗੋ ਤੇ ਨਾਲ ਦੇ ਨੂੰ ਵੀ ਜਗਾਉ।

Send this to a friend