ਬਰਨਾਲਾ, 20 ਫ਼ਰਵਰੀ (ਅਰਿਹੰਤ ਰਾਏ ਗਰਗ)- ਜ਼ਿਲ੍ਹਾ ਜੇਲ ਸੁਧਾਰ ਘਰ ਬਰਨਾਲਾ ਉਤੇ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਅਚਨਚੇਤ ਛਾਪੇਮਾਰੀ ਕਰਕੇ ਉਥੋਂ ਦਾ ਰਿਕਾਰਡ ਆਪਣੇ ਕਬਜੇ ਵਿੱਚ ਲੈ ਕੇ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੁਧਾਰ ਘਰ ਵਿੱਚ ਰਾਸ਼ਨ ਦੀ ਖਰੀਦਦਾਰੀ ਦੇ ਸਬੰਧ ਵਿੱਚ ਜਾਅਲੀ ਬਿੱਲ ਪੇਸ਼ ਹੋਣ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਕੋਲ ਪੁੱਜੀ ਸੀ। ਜਿਸ ਅਧਾਰ ਤੇ ਵਿਜੀਲੈਂਸ ਵਿਭਾਗ ਨੇ ਅਚਨਚੇਤ ਚੈਕਿੰਗ ਕੀਤੀ। ਜਾਣਕਾਰੀ ਦਿੰਦਿਆ ਵਿਜੀਲੈਂਸ ਵਿਭਾਗ ਬਰਨਾਲਾ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਜ਼ਿਲ੍ਹਾ ਸੁਧਾਰ ਘਰ ਵਿੱਚ ਰਾਸ਼ਨ ਦੀ ਖਰੀਦਦਾਰੀ ਦੇ ਕੁਝ ਜਾਅਲੀ ਬਿੱਲਾ ਦੀ ਸ਼ਿਕਾਇਤ ਪੁੱਜੀ ਸੀ। ਜਿਸ ਅਧਾਰ ਤੇ ਅੱਜ ਅਚਨਚੇਤ ਛਾਪੇਮਾਰੀ ਕੀਤੀ ਗਈ ਅਤੇ ਉਥੋਂ ਦਾ ਰਿਕਾਰਡ ਜਬਤ ਕਰ ਲਿਆ। ਉਨ੍ਹਾ ਕਿਹਾ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਮਾਮਲਾ ਹੈ। ਜਿਸਦੀ ਗੰਭੀਰਤਾ ਨਾਲ ਪੈਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਦੋਂ ਇਸ ਸਬੰਧੀ ਜ਼ਿਲ੍ਹਾ ਸੁਧਾਰ ਘਰ ਦੇ ਇੰਚਾਰਜ਼ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫ਼ੋਨ ਬੰਦ ਆਇਆ।
ਜਦੋਂ ਜ਼ਿਲ੍ਹਾ ਸੁਧਾਰ ਘਰ ਦੇ ਸਹਾਇਕ ਇੰਚਾਰਜ਼ ਭੋਲਾ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਅਤੇ ਛੁੱਟੀ ਦਾ ਬਹਾਨਾ ਲਗਾਕੇ ਫ਼ੋਨ ਕੱਟ ਦਿੱਤਾ।
ਜਦੋਂ ਇਸ ਸਬੰਧੀ ਜੇਲ੍ਹ ਵਿਭਾਗ ਦੇ ਆਈ.ਜੀ.ਲਖਵਿੰਦਰ ਸਿੰਘ ਜਾਖੜ੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ। ਉਹ ਇਸ ਸਬੰਧੀ ਹੁਣੇ ਜਾਂਚ ਕਰਵਾਉਂਦੇ ਹਨ।