May 11, 2026 6:21 pm

ਪੰਜਾਬ ਦੇ ਉਸਰਈਏ ਲੋਹ ਪੁਰਸ਼ ਸ. ਪ੍ਰਤਾਪ ਸਿੰਘ ਕੈਰੋਂ

ਸ੍ਰ ਪਰਤਾਪ ਸਿੰਘ ਕੈਰੋਂ ਨੂੰ ਪੰਜਾਬ ਦੇ ਵਿਕਾਸ ਦੇ ਉਸਰਈਏ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਲੋਹ ਪੁਰਸ਼ ਹੋਣ ਦਾ ਮਾਣ ਵੀ ਪ੍ਰਾਪਤ ਹੈ। ਸ੍ਰ ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪਿੰਡ ਕੈਰੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਇਕ ਦਰਮਿਆਨੇ ਕਿਸਾਨ ਸ੍ਰ ਨਿਹਾਲ ਸਿੰਘ ਦੇ ਘਰ ਹੋਇਆ ਸੀ। ਸ੍ਰ ਨਿਹਾਲ ਸਿੰਘ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਇੱਕ ਸਨ। ਉਹ ਪਿੰਡਾਂ ਦੀਆਂ ਲੜਕੀਆਂ ਲਈ ਸਿਖਿਆ ਦੇਣ ਦੇ ਹਾਮੀ ਸਨ। ਇਸ ਲਈ ਉਨ੍ਹਾਂ ਪਿੰਡ ਕੈਰੋਂ ਵਿਖੇ ਲੜਕੀਆਂ ਦਾ ਸਕੂਲ ਸਥਾਪਤ ਕੀਤਾ। ਉਹਨਾ ਆਪਣੀ ਪੜ੍ਹਾਈ ਪਹਿਲਾਂ ਬਰਾਊਨ ਕੈਂਬਰਿਜ ਸਕੂਲ ਦੇਹਰਾਦੂਨ ਅਤੇ ਬਾਅਦ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ੳੁੱਚ ਪੜ੍ਹਾਈ ਲਈ ਆਪ ਅਮਰੀਕਾ ਚਲੇ ਗਏ। ਉਥੇ ਜਾ ਕੇ ਆਪ ਨੇ ਯੂਨੀਵਰਸਿਟੀ ਆਫ ਮਿਸੀਗਨ ਵਿੱਚ ਐਮ ਏ ਰਾਜਨੀਤੀ ਸ਼ਾਸ਼ਤਰ ਵਿੱਚ ਦਾਖਲਾ ਲੈ ਲਿਆ। ਇਸ ਤੋਂ ਬਾਅਦ ਆਪਨੇ ਐਮ ਏ ਅਰਥ ਸ਼ਾਸ਼ਤਰ ਵਿੱਚ ਯੂਨੀਵਰਸਿਟੀ ਆਫ ਕੈਲੇਫੋਰਨੀਆਂ ਬਰਕਲੇ ਵਿਖੇ ਦਾਖਲਾ ਲੈ ਲਿਆ। ਪੜ੍ਹਾਈ ਦੌਰਾਨ ਉਹਨਾ ਵਿਹਲੇ ਸਮੇਂ ਵਿੱਚ ਉਦੋਂ ਦੇ ਕਾਨੂੰਨ ਅਨੁਸਾਰ ਪਾਰਟ ਟਾਈਮ ਕੰਮ ਕਰਕੇ ਆਪਣੀ ਪੜ੍ਹਾਈ ਦਾ ਖਰਚਾ ਆਪ ਤੋਰਿਆ। ਉਹ ਅਮਰੀਕਾ ਦੇ ਖੇਤੀਬਾੜੀ ਦੇ ਫਾਰਮਾ ਅਤੇ ਫੈਕਟਰੀਆਂ ਵਿੱਚ ਵੀ ਕੰਮ ਕਰਦੇ ਰਹੇ ਅਤੇ ਉਥੋਂ ਦੀ ਫਾਰਮਿੰਗ ਤੋਂ ਬਹੁਤ ਹੀ ਪ੍ਰਭਾਵਤ ਹੋਏ। ਅਮਰੀਕਾ ਦੇ ਕੈਲੇਫੋਰਨੀਆਂ ਰਾਜ ਵਿਚ ਫਲਾਂ ਦੀ ਖੇਤੀ ਤੋਂ ਬਹੁਤ ਪ੍ਰਭਾਵਤ ਹੋਏ। ਖੇਤੀਬਾੜੀ ਬਾਰੇ ਆਪ ਨੇ ਨੀਝ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਮਨ ਬਣਾ ਲਿਆ ਕਿ ਪੰਜਾਬ ਵਿਚ ਵਾਪਸ ਜਾ ਕੇ ਖੇਤੀਬਾੜੀ ਨੂੰ ਵਿਗਿਆਨਕ ਢੰਗਾਂ ਨਾਲ ਵਿਕਸਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਕਿਸਾਨਾਂ ਦੀ ਆਰਥਕ ਹਾਲਤ ਮਜ਼ਬੂਤ ਹੋ ਸਕੇ। ਆਪ 1929 ਵਿੱਚ ਵਾਪਸ ਭਾਰਤ ਆ ਗਏ। ਏਥੇ ਆ ਕੇ ਉਹ ਸ਼ਰੋਮਣੀ ਅਕਾਲੀ ਵਿੱਚ ਸ਼ਾਮਲ ਹੋ ਗਏ ਕਿਉਂਕਿ ਉਨ੍ਹਾਂ ਦੇ ਪਿਤਾ ਸਿੰਘ ਸਭਾ ਲਹਿਰ ਵਿਚ ਕੰਮ ਕਰ ਰਹੇ ਸਨ। ਪ੍ਰੰਤੂ ਅਕਾਲੀ ਦਲ ਆਪ ਨੂੰ ਰਾਸ ਨਹੀਂ ਆਇਆ। ਪੰਜਾਬ ਦੇ ਬਹੁਤੇ ਸਿਆਸਤਦਾਨਾ ਨੇ ਅਕਾਲੀ ਦਲ ਵਿਚ ਰਾਜਨੀਤੀ ਦੀ ਸਿਖਿਆ ਪ੍ਰਾਪਤ ਕੀਤੀ। ਉਸੇ ਤਰ੍ਹਾਂ ਪਰਤਾਪ ਸਿੰਘ ਕੈਰੋਂ ਨੇ ਵੀ ਰਾਜਨੀਤਕ ਸਿਖਿਆ ਪ੍ਰਾਪਤ ਕਰਕੇ 1930 ਵਿੱਚ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਮੁੜਕੇ ਪਿੱਛੇ ਨਹੀਂ ਵੇਖਿਆ। ਉਨ੍ਹਾਂ ਦਿਨਾ ਵਿਚ ਅਕਾਲੀ ਦਲ ਅਤੇ ਕਾਂਗਰਸ ਆਪਸ ਵਿਚ ਮਿਲਵਰਤਨ ਨਾਲ ਕੰਮ ਕਰਦੇ ਸਨ। ਇਸ ਤੋਂ ਬਾਅਦ ਆਪਨੇ ਅਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਨੇ 1932 ਵਿੱਚ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਇੱਕ ਅੰਗਰੇਜ਼ੀ ਦਾ ਸਪਤਾਹਕ ਅਖਬਾਰ ‘‘ਨਿਊ ਈਰਾ ਇਨ ਅ੍ਰਮ੍ਰਿਤਸਰ’’ ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ। ਇਹ ਅਖਬਾਰ ਵੀ ਬਹੁਤੀ ਦੇਰ ਚੱਲ ਨਾ ਸਕਿਆ ਕਿਉਂਕਿ ਆਪ ਸਿਆਸਤ ਵਿੱਚ ਜ਼ਿਆਦਾ ਸਰਗਰਮ ਹੋ ਗਏ। ਕੁਝ ਸਮਾਂ ਆਪ ਅਕਾਲੀ ਪੱਤਰਕਾ ਅਖ਼ਬਾਰ ਦੇ ਵੀ ਸੰਪਾਦਕ ਰਹੇ।1932 ਵਿੱਚ ਜਦੋਂ ਸਿਵਲ ਨਾ ਫੁਰਮਾਨੀ ਲਹਿਰ ਸ਼ੁਰੂ ਹੋਈ ਤਾਂ ਆਪਨੇ ਮੋਹਰੀ ਹੋ ਕੇ ਇਸ ਲਹਿਰ ਵਿੱਚ ਹਿੱਸਾ ਲਿਆ ਜਿਸਦੇ ਸਿੱਟੇ ਵਜੋਂ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੰਜ ਸਾਲ ਦੀ ਸਜਾ ਹੋ ਗਈ। 1937 ਵਿੱਚ ਪਹਿਲੀ ਵਾਰ ਆਪਨੇ 36 ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਚੋਣ ਲੜਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਦਿਤ ਸਿੰਘ ਸਰਹਾਲੀ ਹਰਾਕੇ ਐਮ ਐਲ ਏ ਚੁਣੇ ਗਏ। ਆਪ 1941 ਤੋਂ 1946 ਤੱਕ ਪ੍ਰੋਵਿੰਸ਼ੀਅਲ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਹੇ। ਇਸ ਤੋਂ ਬਾਅਦ 1942 ਵਿੱਚ ਭਾਰਤ ਛੋੜੋ ਅੰਦੋਲਨ ਵਿੱਚ ਵੀ ਹਿੱਸਾ ਲਿਆ, ਜਿਸ ਕਰਕੇ ਆਪਨੂੰ ਫਿਰ ਪੰਜ ਸਾਲ ਦੀ ਸਜਾ ਹੋ ਗਈ। ਫਿਰ 1946 ਵਿੱਚ ਆਪ ਸੰਵਿਧਾਨਕ ਅਸੈਂਬਲੀ ਲਈ ਪੱਟੀ ਹਲਕੇ ਤੋਂ ਚੁਣੇ ਗਏ। ਅਜ਼ਾਦੀ ਤੋਂ ਬਾਅਦ ਆਪ 1947 ਤੋਂ 49 ਤੱਕ ਪੰਜਾਬ ਦੇ ਵਿਕਾਸ ਤੇ ਮੁੜ ਵਸੇਬਾ ਮੰਤਰੀ ਰਹੇ। ਇਸ ਸਮੇਂ ਆਪਨੇ ਬੜੀ ਸਖ਼ਤ ਮਿਹਨਤ ਕਰਕੇ ਮੁੜ ਵਸੇਬਾ ਮੰਤਰੀ ਹੁੰਦਿਆਂ ਹੋਇਆਂ ਪੱਛਵੀਂ ਪੰਜਾਬ ਵਿਚੋਂ ਆਏ 30 ਲੱਖ ਲੋਕਾਂ ਨੂੰ ਮੁੜ ਵਸਾਇਆ ਅਤੇ ਉਨ੍ਹਾਂ ਨੂੰ ਜ਼ਮੀਨਾਂ ਅਤੇ ਘਰ ਅਲਾਟ ਕੀਤੇ। ਉਨ੍ਹਾਂ ਲੋਕਾਂ ਨੂੰ ਰੋਜ਼ਗਾਰ ਤੇ ਲਗਾਕੇ ਸਥਾਪਤ ਕੀਤਾ। ਇਨ੍ਹਾਂ ਦਿਨਾਂ ਵਿਚ ਆਪਨੇ ਦਿਨ ਰਾਤ ਕੰਮ ਕੀਤਾ। ਆਪ 1952 ਤੋਂ 57 ਤੱਕ ਅਤੇ 1957 ਤੋਂ 62 ਤੱਕ ਸਰਹਾਲੀ ਹਲਕੇ ਤੋਂ ਐਮ ਐਲ ਏ ਰਹੇ 1962 ਤੋਂ ਆਪਣੀ ਮੌਤ ਤੱਕ ਵੀ ਸਰਹਾਲੀ ਤੋਂ ਹੀ ਐਮ ਐਲ ਏ ਹੀ ਸਨ।
ਆਪ ਸਾਂਝੇ ਪੰਜਾਬ ਦੇ ਦੋ ਵਾਰ 9 ਅਪ੍ਰੈਲ 1957 ਤੋਂ 11 ਮਾਰਚ 1962 ਅਤੇ 11 ਮਾਰਚ 1962 ਤੋਂ 21 ਜੂਨ 1964 ਤੱਕ ਮੁੱਖ ਮੰਤਰੀ ਰਹੇ। ਉਸ ਸਮੇਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਪੰਜਾਬ ਵਿਚ ਹੀ ਹੁੰਦੇ ਸਨ। ਮੁੱਖ ਮੰਤਰੀ ਹੁੰਦਿਆਂ ਆਪਨੇ ਜ਼ਮੀਨੀ ਸੁਧਾਰਾਂ ਦਾ ਬੀੜਾ ਚੁੱਕਕੇ ਕਿਸਾਨਾ ਦੀਆਂ ਜ਼ਮੀਨਾਂ ਦੀ ਮੁਰੱਬੇਬੰਦੀ ਕਰਵਾਈ। ਇਸ ਤੋਂ ਇਲਾਵਾ ਸਿੰਜਾਈ ਦੇ ਪ੍ਰਬੰਧ ਵੀ ਕੀਤੇ। ਭਾਖੜਾ ਡੈਮ ਦੀ ਸਥਾਪਨਾ ਵਿਚ ਵੀ ਆਪਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਆਪਨੂੰ ਪਤਾ ਸੀ ਕਿ ਬਿਜਲੀ ਅਤੇ ਪਾਣੀ ਤੋਂ ਬਿਨਾਂ ਪੰਜਾਬ ਦਾ ਕਿਸਾਨ ਅਤੇ ਸਨਅਤ ਤਰੱਕੀ ਨਹੀਂ ਕਰ ਸਕਦੀ। ਆਪ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਨਜ਼ਦੀਕੀਆਂ ਵਿੱਚੋਂ ਗਿਣੇ ਜਾਂਦੇ ਸਨ। ਆਪਨੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਕੋਲ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਆਪਣੀ ਰਾਜਧਾਨੀ ਲਾਹੌਰ ਦੇਸ਼ ਦੀ ਵੰਡ ਸਮੇਂ ਛੱਡਕੇ ਆਇਆ ਹੈ। ਇਸ ਲਈ ਇਸਨੂੰ ਆਪਣੀ ਰਾਜਧਾਨੀ ਬਣਾਉਣ ਦੀ ਇਜ਼ਾਜਤ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ। ਫਿਰ ਉਨ੍ਹਾਂ ਚੰਡੀਗੜ੍ਹ ਦੀ ਸਥਾਪਨਾ ਕੀਤੀ। ਕੇਂਦਰ ਸਰਕਾਰ ਨੇ ਵੀ ਖੁਲ੍ਹਦਿਲੀ ਨਾਲ ਪੰਜਾਬ ਦੀ ਅਰਥਕ ਮਦਦ ਕੀਤੀ। ਚੰਡੀਗੜ੍ਹ ਨੂੰ ਵਸਾਉਣ ਲਈ ਪਹਿਲਾਂ ਪਲਾਟ ਖ੍ਰੀਦਣ ਅਤੇ ਫਿਰ ਉਨ੍ਹਾਂ ਤੇ ਉਸਾਰੀ ਕਰਨ ਲਈ ਸਸਤੀਆਂ ਦਰਾਂ ਤੇ ਕਰਜ਼ੇ ਮੁਹੱਈਆ ਕਰਵਾਏ ਗਏ। ਆਪਨੂੰ ਵਿਕਾਸ ਮੁੱਖੀ ਮੁੱਖ ਮੰਤਰੀ ਕਿਹਾ ਜਾਂਦਾ ਸੀ। ਆਪਨੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦਾ ਸੰਗਠਤ ਵਿਕਾਸ ਕੀਤਾ ਅਤੇ ਪੰਜਾਬ ਨੂੰ ਦੇਸ਼ ਦੇ ਖੇਤੀਬਾੜੀ ਦੇ ਨਕਸ਼ੇ ਤੇ ਲੈ ਆਂਦਾ, ਫਰੀਦਾਬਾਦ ਨੂੰ ਸਨਅਤੀ ਸ਼ਹਿਰ ਦੇ ਤੌਰ ਤੇ ਸਥਾਪਤ ਕੀਤਾ ਅਤੇ ਸਨਅਤੀ ਵਿਕਾਸ ਕਰਵਾਇਆ ਆਦਿ ਮਹੱਤਵਪੂਰਨ ਵਿਕਾਸ ਦੇ ਕੰਮ ਕੀਤੇ। ਇਸੇ ਕਰਕੇ ਆਪਨੂੰ ਫਾਦਰ ਆਫ ਮਾਡਰਨ ਪੰਜਾਬ ਪਾਲੇਟਿਕਸ ਕਿਹਾ ਜਾਂਦਾ ਹੈ। ਪੰਜਾਬ ਵਿੱਚ ਪ੍ਰਾਇਮਰੀ ਅਤੇ ਮਿਡਲ ਤੱਕ ਦੀ ਸਿੱਖਿਆ ਜ਼ਰੂਰੀ ਅਤੇ ਸਰਕਾਰੀ ਸਕੂਲਾਂ ਵਿੱਚ ਮੁਫਤ ਕੀਤੀ। ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਤਿੰਨ ਤਿੰਨ ਇੰਜਿਨੀਅਰਿੰਗ ਕਾਲਜ, ਆਈ ਟੀ ਆਈਜ ਜਾਂ ਪਾਲੇਟਿਕਨਿਕਸ ਸਥਾਪਤ ਕੀਤੀਆਂ। ਆਪ 1950 ਤੋਂ 52 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਰਬ ਭਾਰਤੀ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ। ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਸੀ ਇਸ ਲਈ ਪਰਤਾਪ ਸਿੰਘ ਕੈਰੋਂ ਨੇ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਸਥਾਪਤ ਕੀਤੀ ਤਾਂ ਜੋ ਨਵੀਆਂ ਵਿਗਿਆਨਕ ਖੋਜਾਂ ਖੇਤੀਬਾੜੀ ਦੇ ਵਿਕਾਸ ਲਈ ਕੀਤੀਆਂ ਜਾ ਸਕਣ। ਪੰਜਾਬ ਵਿਚ ਹਰਾ ਇਨਕਲਾਬ ਲਿਆਉਣ ਵਿਚ ਖੇਤੀਬਾੜੀ ਯੂਨੀਵਰਸਿਟੀ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਿਸ ਕਰਕੇ ਦੇਸ਼ ਅਨਾਜ ਦੇ ਖੇਤਰ ਵਿਚ ਆਤਮ ਨਿਰਭਰ ਹੋਇਆ। ਸ੍ਰ ਪਰਤਾਪ ਸਿੰਘ ਕੈਰੋਂ ਦੀ ਇਕ ਹੋਰ ਖ਼ੂਬੀ ਸੀ ਕਿ ਉਹ ਦਫਤਰੀ ਕੰਮ ਸਾਰਾ ਆਪ ਦਿਲਚਸਪੀ ਲੈ ਕੇ ਵੇਖਦੇ ਸਨ। ਉਨ੍ਹਾਂ ਨੇ ਆਪਣੇ ਨਾਲ ਕੋਈ ਫਾਲਤੂ ਸਟਾਫ ਨਹੀਂ ਰੱਖਿਆ ਸੀ। ਸਿਰਫ ਇਕ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਅਤੇ ਇਕ ਰਾਜਨੀਤਕ ਸਕੱਤਰ ਹੁੰਦਾ ਸੀ। ਸਲਾਹਕਾਰ ਅਤੇ ਵਿਸ਼ੇਸ਼ ਕਾਰਜ ਸਾਧਕ ਅਧਿਕਾਰੀ ਰੱਖਣ ਦਾ ਰਿਵਾਜ ਤਾਂ ਪਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸ਼ੁਰੂ ਹੋਇਆ ਸੀ। ਉਹ 16 ਘੰਟੇ ਸਰਕਾਰੀ ਕੰਮ ਕਰਦੇ ਰਹਿੰਦੇ ਸਨ। ਉਹ ਪੰਜਾਬੀ ਸੂਬਾ ਬਣਾਉਣ ਦੇ ਵੀ ਕੱਟੜ ਵਿਰੋਧੀ ਸਨ। ਪੰਜਾਬ ਦਾ ਵਿਕਾਸ ਕਰਕੇ ਉਨ੍ਹਾਂ ਪੰਜਾਬ ਨੂੰ ਦੇਸ਼ ਦੇ ਆਰਥਕ ਨਕਸ਼ੇ ਤੇ ਲਿਆਂਦਾ। ਆਪ ਦੀ ਯਾਦ ਵਿਚ 2005 ਵਿਚ ਡਾਕ ਟਿਕਟ ਜਾਰੀ ਕੀਤੀ ਗਈ ਸੀ। ਆਪ ਦਾ ਵਿਆਹ ਸ੍ਰੀਮਤੀ ਰਾਮ ਕੌਰ ਨਾਲ ਹੋਇਆ। ਸ੍ਰੀਮਤੀ ਰਾਮ ਕੌਰ ਵੀ ਐਮ ਐਲ ਰਹੇ ਹਨ। ਆਪਦੇ ਦੋ ਲੜਕੇ ਸੁਰਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਅਤੇ ਇੱਕ ਲੜਕੀ ਸਰਬਰਿੰਦਰ ਕੈਰੋਂ ਗਰੇਵਾਲ ਸਨ। ਆਪਦੇ ਪਰਿਵਾਰ ਤੇ ਭਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗੇ ਸਨ ਜਿਸ ਕਰਕੇ ਪੜਤਾਲੀਆ ਕਮਿਸ਼ਨ ਬਣਾਇਆ ਗਿਆ ਸੀ। ਪੜਤਾਲੀਆ ਕਮਿਸ਼ਨ ਨੇ ਆਪ ਉਪਰ ਲੱਗੇ ਬਹੁਤੇ ਇਜ਼ਾਮਾਂ ਤੋ ਬਰੀ ਕਰ ਦਿੱਤਾ ਸੀ ਪ੍ਰੰਤੂ ਆਪਨੇ ਇਖ਼ਲਾਕੀ ਜ਼ਿੰਮਵਾਰੀ ਸਮਝਦਿਆ 23 ਜੂਨ 1964 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਪ ਦਾ ਵੱਡਾ ਲੜਕਾ ਸ੍ਰ ਸੁਰਿੰਦਰ ਸਿੰਘ ਕੈਰੋਂ ਤਰਨਤਾਰਨ ਤੋਂ ਕਾਂਗਰਸ ਪਾਰਟੀ ਦਾ ਲੋਕ ਸਭਾ ਦਾ ਮੈਂਬਰ ਰਿਹਾ ਹੈ। ਸੁਰਿੰਦਰ ਸਿੰਘ ਕੈਰੋਂ ਬਾਅਦ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਸੀ। ਆਪਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪ੍ਰਕਾਸ਼ ਸਿੰਘ ਬਾਦਲ ਦੀ ਲੜਕੀ ਪਰਨੀਤ ਕੌਰ ਨੂੰ ਵਿਆਹਿਆ ਹੋਇਆ ਹੈ ਅਤੇ ਉਹ ਵੀ ਪੰਜਾਬ ਦਾ ਮੰਤਰੀ ਰਿਹਾ ਹੈ। ਆਪਨੂੰ ਦਿੱਲੀ ਤੋਂ ਵਾਪਸ ਆਉਂਦਿਆਂ ਹਰਿਆਣੇ ਦੇ ਰੋਹਤਕ ਜਿਲ੍ਹੇ ਦੇ ਰਸੋਈ ਪਿੰਡ ਕੋਲ 6 ਫਰਵਰੀ 1965 ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ।

Send this to a friend