ਤ੍ਰੈਲੋਚਨ ਲੋਚੀ ਦੀ ਗਜ਼ਲ ਦੀਆਂ ਲਾਈਨਾਂ ‘ਜ਼ਾਲਮ ਕਹਿਣ ਬਲਾਵਾਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ’, ਬਿਲਕੁਲ ਸੱਚ ਨੇ। ਪੰਜਾਬੀਆਂ ਦਾ ਸੱਭਿਆਚਾਰ ਕਲਾਵਾਂ ਨਾਲ ਪੁਰਾਣਾ ਰਿਸ਼ਤਾ ਏ। ਪੰਜਾਬਣ ਮੁਟਿਆਰਾਂ ਅੱਜ ਕਿਸੇ ਵੀ ਖੇਤਰ ’ਚ ਚੌਬਰਾਂ ਤੋਂ ਘੱਟ ਨਹੀਂ, ਚਾਹੇ ਉਹ ਖੇਤਰ ਖੇਡਾਂ ਦਾ ਹੋਵੇ, ਪੜ੍ਹਾਈ ਦਾ ਹੋਵੇ ਜਾਂ ਫਿਰ ਸਾਹਿਤ ਦਾ। ਜਦੋਂ ਕੋਈ ਲੇਖਕ ਬੇਬਾਕ, ਨਿਧੜਕ ਤੇ ਨਿਡਰ ਹੋ ਕੇ ਆਪਣੀ ਕਲਮ ਦਾ ਮੂੰਹ ਖੋਲ੍ਹਦਾ ਹੈ ਤਾਂ ਉਸ ਦੀ ਜ਼ਿੰਦਗੀ ਕੰਡਿਆਂ ਦਾ ਤਾਜ ਬਣ ਜਾਂਦੀ ਹੈ। ਸੋ ਇਸੇ ਤਰ੍ਹਾਂ ਦੀ ਲੇਖਿਕਾ ਹੈ ਜਸਵਿੰਦਰ ਕੌਰ ਉਰਫ਼ ਬਰਾੜ ਜੈਸੀ, ਜਿਸ ਦੇ ਵਿਸ਼ੇ, ਉਦੇਸ਼ ਤੇ ਤਜਰਬੇ ਸੱਚਮੁੱਚ ਧੁਰ ਅੰਦਰ ਤਕ ਲਹਿ ਜਾਂਦੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਦੀ ਜੰਮਪਲ ਜਸਵਿੰਦਰ ਕੌਰ ਦਾ ਜਨਮ ਪਿਤਾ ਸ੍ਰ. ਹਰਬੰਸ ਸਿੰਘ ਤੇ ਮਾਤਾ ਸ੍ਰੀਮਤੀ ਅਮਰਜੀਤ ਕੌਰ ਦੇ ਘਰ ਹੋਇਆ। ਘਰਦਿਆਂ ਤਾਂ ਉਸ ਦਾ ਨਾਂ ਜਸਵਿੰਦਰ ਕੌਰ ਰੱਖਿਆ ਪਰ ਸਾਹਿਤਕ ਖੇਤਰ ’ਚ ਉਸ ਦੀ ਪਛਾਣ ਬਰਾੜ ਜੈਸੀ ਵਜੋਂ ਬਣੀ। ਪਿੰਡ ਦੇ ਸਕੂਲ ਤੋਂ ਆਪਣੀ ਮੁੱਢਲੀ ਪੜ੍ਹਾਈ ਸ਼ੁਰੂ ਕਰਦਿਆਂ ਗ੍ਰੈਜੂਏਸ਼ਨ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ ਸੁਖਾਨੰਦ ਵਿਖੇ ਕੀਤੀ। ਇਸ ਮਗਰੋਂ ਐਮ.ਐਸਸੀ ਗੁਰੂਕੁਲ ਕਾਲਜ ਕੋਟਕਪੂਰਾ ਅਤੇ ਐਮ ਫਿਲ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਤੋਂ ਪਾਸ ਕੀਤੀ ਅਤੇ ਅੱਜ-ਕੱਲ੍ਹ ਇਥੋਂ ਹੀ ਕੰਪਿਊਟਰ ਐਪਲੀਕੇਸ਼ਨ ਦੀ ਪੀਐਚ. ਡੀ ਕਰ ਰਹੀ ਹੈ। ਆਪਣੇ ਲਿਖਣ ਦੇ ਸ਼ੌਕ ਸਬੰਧੀ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਘਰ ’ਚ ਸਾਹਿਤਕ ਮਾਹੌਲ ਸੀ। ਉਹ ਆਪਣੀ ਦਾਦੀ ਜੀ ਨੂੰ ਅਕਸਰ ਧਾਰਮਿਕ ਕਿਤਾਬਾਂ ਪੜ੍ਹਿਆ ਕਰਦੀ ਦੇਖਦੀ ਹੁੰਦੀ ਸੀ, ਜਿਨ੍ਹਾਂ ਨੂੰ ਦੇਖ 10ਵੀਂ ਕਲਾਸ ’ਚ ਪੜ੍ਹਦਿਆਂ ਉਸ ਨੂੰ ਵੀ ਕਲਮੀ ਚੇਟਕ ਲੱਗ ਗਈ।
ਜੇ ਜੈਸੀ ਦੀਆਂ ਲਿਖਤਾਂ ਦੀ ਗੱਲ ਕਰੀਏ ਤਾਂ ਸ਼ਬਦਾਂ ਦੇ ਅਥਾਹ ਸਮੁੰਦਰ ’ਚੋਂ ਖਰੇ ਸ਼ਬਦਾਂ ਦੀ ਚੋਣ ਕਰ ਕੇ ਪਾਠਕਾਂ ਸਨਮੁੱਖ ਰੱਖਣਾ ਉਸ ਦੇ ਹਿੱਸੇ ਹੀ ਆਇਐ। ਅੰਬਰੀਂ ਉਡਾਰੀਆਂ ਲਾਉਂਦੀ ਉਸ ਦੀ ਕਲਮ ਕਿਸੇ ਇਕ ਵਿਧਾ ਦੀ ਗੁਲਾਮ ਨਹੀਂ। ਵਿਸ਼ਾ ਭਾਵੇਂ ਧਾਰਮਿਕ ਹੋਵੇ, ਕੁੜੀਆਂ ਦਾ ਦਰਦ ਹੋਵੇ ਜਾਂ ਫਿਰ ਸਮਾਜ ਦੀ ਦੁਰਦਸ਼ਾ ਬਾਰੇ, ਜੈਸੀ ਦੀ ਉਸ ’ਤੇ ਪਕੜ ਇੰਨੀ ਪ੍ਰੋੜ੍ਹ ਤੇ ਕੁਦਰਤੀ ਹੁੰਦੀ ਹੈ ਕਿ ਹਰ ਚੇਤੰਨ ਪਾਠਕ ਉਸ ਦੀ ਸੂਝ-ਬੂਝ ’ਤੇ ਰਸ਼ਕ ਕਰਦਾ ਦਿਸਦਾ ਹੈ। ਸਮਾਜਿਕ ਕੁਰੀਤੀਆਂ ਵਾਲਾ ਤਾਂ ਕੋਈ ਵੀ ਵਿਸ਼ਾ ਉਸ ਦੀ ਕਲਮ ਦਾ ਨਿਸ਼ਾਨਾ ਬਣੇ ਬਗ਼ੈਰ ਨਹੀਂ ਰਹਿ ਸਕਿਆ। ਕੁਦਰਤ ਦੀ ਅਪਾਰ ਬਖ਼ਸ਼ਿਸ਼ ਉਸ ਦੀਆਂ ਲਿਖਤਾਂ ਨਾਲ ਉਸ ਨੂੰ ਕਾਮਯਾਬੀ ਦੀਆਂ ਸਿਖ਼ਰਾਂ ’ਤੇ ਪਹੁੰਚਾ ਦਿੰਦੀ ਹੈ।
ਬਹੁਤ ਘੱਟ ਇਨਸਾਨ ਹੁੰਦੇ ਹਨ, ਜਿਹੜੇ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੁੰਦੇ ਹਨ। 21 ਫਰਵਰੀ ਨੂੰ ਜੈਸੀ ਦੀ ਪਲੇਠੀ ਕਿਤਾਬ ‘ਮੈਂ ਸਾਊ ਕੁੜੀ ਨਹੀਂ ਹਾਂ’ ਕੈਲੀਬਰ ਪਬਲੀਕੇਸ਼ਨ, ਪਟਿਆਲਾ ਵੱਲੋਂ ਲੋਕ-ਅਰਪਣ ਕੀਤੀ ਜਾ ਰਹੀ ਹੈ। ਉਸ ਨੇ ਆਪਣੀ ਕਲਮ ਰਾਹੀਂ ਔਰਤ ਨੂੰ ਵਸਤੂ ਸਮਝਣ ਵਾਲਿਆਂ ਨੂੰ ਬੁਰੀ ਤਰ੍ਹਾਂ ਭੰਡਿਆ ਹੈ। ਕਿਤਾਬ ਦੇ ਸਿਰਲੇਖ ‘ਮੈਂ ਸਾਊ ਕੁੜੀ ਨਹੀਂ ਹਾਂ’ ਰੱਖਣ ਸਬੰਧੀ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਦੀ ਸੋਚ ਹੈ ਸਮਾਜ ’ਚ ਔਰਤ ਨੂੰ ਪੂਰਨ ਆਜ਼ਾਦੀ ਨਾਲ ਜਿਊਣਾ ਚਾਹੀਦਾ ਹੈ, ਨਾ ਕਿ ਉਹ ਚਾਰ-ਦੀਵਾਰੀ ’ਚ ਘੁੱਟ ਹੋ ਕੇ ਮਰੇ। ਉਸ ਨੇ ਹੋਰ ਦੱਸਿਆ ਕਿ ਇਕ ਵਾਰ ਮੈਂ ਆਪਣੇ ਭਤੀਜੇ ਦੀ ਫੋਟੋ ਸੈਨੇਟਰੀ ਪੈਡ ਨਾਲ ਫੇਸਬੁੱਕ ’ਤੇ ਪਾਈ। ਇਸ ਨੂੰ ਦੇਖਦਿਆਂ ਮੇਰੇ ਨਾਨਕੇ ਪਿੰਡ ਦੀ ਕੁੜੀ ਨੇ ਮੇਰੀ ਭੈਣ (ਮਾਮੇ ਦੀ ਕੁੜੀ) ਨੂੰ ਕਿਹਾ ਕਿ ਜੈਸੀ ਨੂੰ ਸ਼ਰਮ ਨਹੀਂ ਆਉਂਦੀ, ਇਹੋ ਜਿਹੀਆਂ ਪੋਸਟਾਂ ਫੇਸਬੁੱਕ ’ਤੇ ਪਾਉਂਦਿਆਂ, ਮੁਹੱਬਤ ਦੀਆਂ ਗੱਲਾਂ ਇੰਨੀਆਂ ਖੁੱਲ੍ਹ ਕੇ ਲਿਖਦੀ ਹੈ। ਕੀ ਮਿੱਤਰ ਸੂਚੀ ’ਚ ਸ਼ਾਮਲ ਉਸ ਦੇ ਰਿਸ਼ਤੇਦਾਰ ਜਾਂ ਭਰਾ ਨਹੀਂ ਪੜ੍ਹਦੇ ਉਸ ਦੇ ਇਸ ਸਭ ਲਿਖੇ ਨੂੰ। ‘ਸਾਊ ਕੁੜੀਆਂ ਇਵੇਂ ਨ੍ਹੀਂ ਕਰਦੀਆਂ। ਇਸਤਰੀ ਤੇ ਸਮਾਜ ਦੀ ਬਿਹਤਰੀ ਲਈ ਕਾਰਜ ਕਰਨ ਵਾਲਿਆਂ ਦਾ ਉਹ ਭਰਪੂਰ ਸਤਿਕਾਰ ਕਰਦੀ ਹੈ। ਜੇ ਕੋਈ ਆਪਣੀ ਸੋਚ ਦੇ ਛੋਟੇ ਪੈਮਾਨੇ ਨਾਲ ਔਰਤ ਦੀ ਚਰਿੱਤਰਤਾ ਨੂੰ ਅਗਾਂਹਵਧੂ ਸੋਚ ਕਰਕੇ ਨਕਾਰਦਾ ਤਾਂ ਉਹ ਮਾਣ ਨਾਲ ਕਹਿੰਦੀ ਹੈ ‘ਮੈਂ ਸੱਚੀਂ ਸਾਊ ਕੁੜੀ ਨਹੀਂ ਹਾਂ।’ ਉਸ ਦੀ ਸੋਚ ਹੈ ਕਿ ਮੁਹੱਬਤ ਦਾ ਅਰਥ ਮੁੰਡੇ-ਕੁੜੀ ਦਾ ਪਿਆਰ ਹੀਂ ਨਹੀਂ, ਉਸ ਨੇ ਬੜੇ ਬਾਖ਼ੂਬ ਅਲਫ਼ਾਜ਼ਾਂ ਨਾਲ ਮੁਹੱਬਤ ਦੀ ਪ੍ਰੀਭਾਸ਼ਾ ਨੂੰ ਆਪਣੀ ਕਵਿਤਾ ਜ਼ਰੀਏ ਬਿਆਨਿਆ ਹੈ :
ਮੈਂ ਸਾਊ ਕੁੜੀ ਨਹੀਂ ਹਾਂ,
ਕਵਿਤਾ ਲਿਖਦੀ ਹਾਂ,
ਪਰ ਹਾਂ ਯਾਦ ਰੱਖੀ
ਮੁਹੱਬਤ ਵਾਲੀ ਕਵਿਤਾ
ਲਿਖਣ ਵਾਲੀਆਂ ਕੁੜੀਆਂ
ਚਰਿੱਤਰਹੀਣ ਨਹੀਂ ਹੁੰਦੀਆਂ,
ਮੁਹੱਬਤ ਦੇ ਅਰਥ ਤੂੰ ਕੁਝ
ਹੋਰ ਸਮਝੀ ਬੈਠਾਂ,
ਅੱਸੀ ਸਾਲਾਂ ਦੀ ਬੁੱਢੀ ਬੇਬੇ
ਬਿਨਾਂ ਦੰਦਾਂ ਤੋਂ ਕੁਝ ਚਬਾਉਂਦੀ ਏ,
ਤਾਂ ਮੈਨੂੰ ਉਹਦੇ ਨਾਲ ਪਹਿਲੀ
ਨਜ਼ਰੇ ਮੁਹੱਬਤ ਹੋ ਜਾਂਦੀ ਹੈ,
ਜਦ ਮੇਰੇ ਦੁਖਦੇ ਸਿਰ ਨੂੰ ਮਾਂ ਦੱਬਦੀ ਏ
ਤਾਂ ਉਹ ਮੇਰੀ ਮਹਿਬੂਬ ਬਣ ਜਾਂਦੀ ਏ,
ਤੂੰ ਮੁਹੱਬਤ ਅਸ਼ਲੀਲਤਾ ਨਾਲ ਜੋੜਨਾ ਬੰਦ ਕਰ’ਦੇ,
ਨਹੀਂ ਤਾਂ ਹਰ ਕੁੜੀ ਆਖੇਗੀ
‘ਮੈਂ ਸਾਊ ਨਹੀਂ ਹਾਂ।’
ਸਾਹਿਤਕ ਖੇਤਰ ’ਚ ਜੈਸੀ ਵਰਗੀਆਂ ਸੂਝਵਾਨ ਲੇਖਿਕਾਵਾਂ ਦਾ ਉਦੈ ਹੋਣਾ ਵਾਕਿਆ ਹੀ ਇਕ ਸ਼ੁੱਭ ਸ਼ਗਨ ਹੈ। ਸ਼ਾਲਾ! ਪੰਜਾਬ ਦੀ ਇਹ ਧੀ ਹੋਰ ਤਰੱਕੀਆਂ ਕਰੇ ਅਤੇ ਉਸ ਦੀ ਕਲਮੀ ਪ੍ਰਵਾਜ਼ ਅੰਬਰਾਂ ਨੂੰ ਜਾ ਛੂਹੇ।
– ਸ਼ਰਨਜੀਤ ਕੌਰ