ਅੱਤਵਾਦੀ ਬਹੁਤ ਵੱਡੀ ਗ਼ਲਤੀ ਲਈ ਹੁਣ ਸਜ਼ਾ ਭੁਗਤਣਗੇ : ਮੋਦੀ
ਨਵੀਂ ਦਿਲੀ, 15 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਸੈਮੀ ਹਾਈ ਸਪੀਡ ਟਰੇਨ ‘ਵੰਦੇ ਭਾਰਤ ਐਕਸਪ੍ਰੈਸ’ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅਤਵਾਦੀ ਹਮਲੇ ’ਤੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿਤਾ ਅਤੇ ਕਿਹਾ ਕਿ ਅਤਵਾਦ ਦੇ ਸਰਪ੍ਰਸਤਾਂ ਨੂੰ ਇਸ ਦੀ ਕੀਮਤ ਚਕਾਉਣਗੀ ਪਵੇਗੀ। ਵੀਰਵਾਰ ਨੂੰ ਪੁਲਵਾਮਾ ’ਚ ਹੋਏ ਅਤਵਾਦੀ ਹਮਲੇ ਵਿੱਚ ਸੀ. ਆਰ. ਪੀ. ਐਫ. ਦੇ 42 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨ ਸਥਿਤ ਅਤਵਾਦੀ ਸੰਗਠਨ ‘ਜੈਸ਼-ਏ-ਮੁਹੰਮਦ’ ਨੇ ਇਸ ਅਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੈਸ਼ ਦਾ ਸਰਗਨਾ ਅਤਵਾਦੀ ਮੌਲਾਨਾ ਮਸੂਦ ਅਜ਼ਹਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਅਤਵਾਦੀ ਹਮਲੇ ’ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੇ ਪ੍ਰਾਣ ਤਿਆਗ ਦਿਤੇ। ਉਨ੍ਹਾਂ ਕਿਹਾ ਕਿ ਦੁਖ ਦੀ ਇਸ ਘੜੀ ਉਨ੍ਹਾਂ ਦੀ
ਹਮਦਰਦੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਫੌਜੀਆਂ ਦੀ ਬਹਾਦਰੀ ’ਤੇ ਪੂਰਾ ਭਰੋਸਾ ਹੈ। ਮੋਦੀ ਨੇ ਕਿਹਾ ਕਿ ਸੁਰਖਿਆ ਬਲਾਂ ਨੂੰ ਪੂਰੀ ਸੁਤੰਤਰਤਾ ਦੇ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਗੁਸਾ ਅਤੇ ਲੋਕਾਂ ਦਾ ਖ਼ੂਨ ਖੌਲ਼ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਵਾਦੀਆਂ ਦੇ ਸਰਪ੍ਰਸਤ ਬਹੁਤ ਵਡੀ ਗਲਤੀ ਕਰ ਚੁਕੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਅਤੇ ਉਨ੍ਹਾਂ ਨੂੰ ਇਸ ਦੀ ਬਹੁਤ ਵਡੀ ਕੀਮਤ ਚੁਕਾਉਣੀ ਪਵੇਗੀ। ਇਸ ਤੋਂ ਪਹਿਲਾਂ ਸੁਰਖਿਆ ਸਬੰਧੀ ਕਮੇਟੀ (ਸੀਸੀਐਸ) ਦੀ ਸ਼ੁਕਰਵਾਰ ਸਵੇਰੇ ਅਹਿਮ ਬੈਠਕ ਹੋਈ। ਇਸ ਵਿਚ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਯਾਨੀ ਐਮ.ਐਫ.ਐਨ. ਦਾ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ। ਅਰੁਣ ਜੇਤਲੀ ਨੇ ਕਿਹਾ ਕਿ ਅਸੀਂ ਕੌਮਾਂਤਰੀ ਪਧਰ ’ਤੇ ਪਾਕਿਸਤਾਨ ਨੂੰ ਅਲਗ-ਥਲਗ ਕਰ ਦਿਆਂਗੇ। ਵਿਤ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਤਵਾਦ ’ਤੇ ਪੂਰੀ ਦੁਨੀਆ ’ਚ ਬੇਨਕਾਬ ਕੀਤਾ ਜਾਵੇਗਾ। ਜੇਤਲੀ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਲਈ ਆਪਣੇ ਜੀਵਨ ਦਾ ਤਿਆਗ ਕੀਤਾ, ਉਨ੍ਹਾਂ ਲਈ ਬੈਠਕ ’ਚ 2 ਮਿੰਟਾਂ ਦਾ ਮੌਨ ਵੀ ਰਖਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਸਾਰੇ ਸੰਭਵ ਸਿਆਸੀ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ, ਜਿਨ੍ਹਾਂ ਨਾਲ ਇਹ ਯਕੀਨੀ ਕੀਤਾ ਜਾ ਸਕੇ ਕਿ ਕੌਮਾਂਤਰੀ ਪਧਰ ’ਤੇ ਪਾਕਿਸਤਾਨ ਨੂੰ ਵਖ ਕੀਤਾ ਜਾ ਸਕੇ, ਕਿਉਂਕਿ ਕਾਇਰਤਾ ਭਰੀ ਇਸ ਹਰਕਤ ਦੇ ਪਿਛੇ ਸਿਧੇ ਤੌਰ ’ਤੇ ਪਾਕਿਸਤਾਨ ਦਾ ਹਥ ਹੈ।