May 13, 2026 11:29 am

ਪੰਜਾਬ ਵਿਧਾਨ ਸਭਾ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਮਤਾ ਪਾਸ

ਕੇਂਦਰ ਪਾਸ ਮੁੱਦਾ ਉਠਾਉਣਗੇ ਕੈਪਟਨ

ਚੰਡੀਗੜ੍ਹ, 14 ਫ਼ਰਵਰੀ- ਐਸ.ਜੀ.ਪੀ.ਸੀ ਚੋਣਾਂ ਵਿੱਚ ਦੇਰੀ ਦਾ ਮੁੱਦਾ ਕੇਂਦਰ ਕੋਲ ਉਠਾਉਣ ਲਈ ਸੂਬਾ ਵਿਧਾਨ ਸਭਾ ਵੱਲੋਂ ਅਧਿਕਾਰਤ ਕੀਤੇ ਜਾਣ ਤੋਂ ਕੁੱਝ ਘੰਟੇ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ’ਤੇ ਨਿਯੰਤਰਣ ਕਰਨ ਵਾਲੀ ਉੱਚਤਮ ਸੰਸਥਾ ਦੀਆਂ ਸੁਵੇਲੇ ਚੋਣਾਂ ਲੋਕਾਂ ਦਾ ਅਧਿਕਾਰ ਹੈ। ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਐਸ.ਜੀ.ਪੀ.ਸੀ ਚੋਣਾਂ ਵਿੱਚ ਦੇਰੀ ਗਲਤ ਅਤੇ ਪੰਜਾਬ ਦੇ ਲੋਕਾਂ ਨਾਲ ਪੱਖਪਾਤੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ.ਫੂਲਕਾ ਵੱਲੋਂ ਸਦਨ ਵਿੱਚ ਉਠਾਏੇ ਮੁੱਦੇ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਚੋਣਾਂ ਵਿੱਚ ਵੋਟ ਕਰਨਾ ਹਰੇਕ ਪੰਜਾਬੀ ਦਾ ਜਮਹੂਰੀ ਅਧਿਕਾਰ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਮੈਂਬਰਾਂ ਦੇ ਵਿਰੋਧ ਵਿੱਚ ਸਦਨ ਨੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰਤ ਕੀਤਾ। ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਵਾਇਆ ਕਿ 2016 ਤੋਂ ਲੰਬਿਤ ਪਈਆਂ ਐਸ.ਜੀ.ਪੀ.ਸੀ ਚੋਣਾਂ ਨੂੰ ਜਲਦੀ ਕਰਵਾਉਣ ਲਈ ਦਬਾਅ ਪਾਉਣ ਵਾਸਤੇ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣਗੇ। ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤੇ ਮਤੇ ਨੂੰ ਪ੍ਰਵਾਨ ਕਰਨ ਲਈ ਆਪਣੀ ਸਰਕਾਰ ਦੀ ਤੱਰਫੋਂ ਸਪੀਕਰ ਵੱਲੋਂ ਆਗਿਆ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਐਕਟ ਰਾਸ਼ਟਰੀ ਕਾਨੂੰਨ ਹੈ ਅਤੇ ਇਸ ਦੀਆਂ ਵੇਲੇ ਸਿਰ ਚੋਣਾਂ ਕਰਵਾਉਣਾ ਕੇਂਦਰ ਸਰਕਾਰ ਦੀ ਡਿਊਟੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਰੋਧ ਵਿੱਚ ਸਪੀਕਰ ਨੇ ਇਸ ਮਤੇ ’ਤੇ ਵੋਟਿੰਗ ਲਈ ਪ੍ਰਸਤਾਵ ਕੀਤਾ ਜਿਸ ਦੇ ਨਤੀਜੇ ਵਜੋਂ ਸਦਨ ਨੇ ਇਹ ਮੁੱਦਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਕਾਰਤ ਕਰ ਦਿੱਤਾ। ਇਸ ਮਤੇ ਨੂੰ ਵੋਟ ਲਈ ਰੱਖੇ ਜਾਣ ’ਤੇ ਸੱਤਾਧਾਰੀ ਪਾਰਟੀ ਅਤੇ ਆਮ ਆਦਮੀ ਪਾਟੀ ਦੇ ਮੈਂਬਰਾਂ ਨੇ ਡੈਸਕ ਥਪਥਪਾ ਕੇ ਇਸ ਦਾ ਸਵਾਗਤ ਕੀਤਾ।

Send this to a friend