ਸ੍ਰੀ ਮਾਛੀਵਾੜਾ ਸਾਹਿਬ, 14 ਫ਼ਰਵਰੀ (ਜਗਰੂਪ ਸਿੰਘ ਮਾਨ)- ਇਥੋਂ ਨੇੜਲੇ ਸਰਹੰਦ ਨਹਿਰ ਦੇ ਰੋਪੜ-ਦੋਰਾਹਾ ਰੋਡ ਤੇ ਨੀਲੋਂ ਪੁਲ ਨੇੜੇ ਅਜ ਦੁਪਹਿਰੇ ਇਕ ਕਾਰ ਦੇ ਸੜਕ ਤੇ ਬਣੀ ਪੁਲੀ ਨਾਲ ਟਕਰਾਉਣ ਕਾਰਨ ਕਟਾਣੀ ਕਲਾਂ ਕਾਲਜ ਦੇ ਚਾਰ ਵਿਦਿਆਰਥੀਆਂ ਦੀ ਮੌਕੇ ਤੇ ਈ ਮੌਤ ਹੋ ਗਈ । ਜਾਣਕਾਰੀ ਅਨੁਸਾਰ ਹਾਦਸਾ ਏਨਾ ਭਿਆਨਕ ਸੀ ਕਿ ਕਾਰ ਦੇ ਦੋ ਟੋਟੋ ਹੋ ਕੇ ਪਰਖਚੇ ਉਡ ਗਏ । ਦੋ ਨੌਜਵਾਨ ਜਸ਼ਨਦੀਪ ਸਿੰਘ ਤੇ ਭਵਨਦੀਪ ਸਿੰਘ ਸ੍ਰੀ ਮਾਛੀਵਾੜਾ ਸਾਹਿਬ ਦੇ ਪਿੰਡ ਭਮਾਂ ਕਲਾਂ ਦੇ ਵਸਨੀਕ ਸਨ ਤੇ ਇਕ ਨੌਜਵਾਨ ਸਮਰਾਲਾ ਦੇ ਨੇੜਲੇ ਪਿੰਡ ਮਾਦਪੁਰ ਦਾ ਰਹਿਣ ਵਾਲਾ ਸੀ ਜਦਕਿ ਚੌਥੇ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਚਾਰਾਂ ਨੌਜਵਾਨਾਂ ਦੀ ਉਮਰ 21 ਤੋਂ 23 ਸਾਲ ਦੇ ਕਰੀਬ ਹੈ ।ਇਸ ਭਿਆਨਕ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਤੋਂ ਕੁੱਲ 7 ਨੌਜਵਾਨ ਸੜਕ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ। ਕੱਲ੍ਹ ਵੀ ਸ੍ਰੀ ਮੁਕਤਸਰ ਨੇੜੇ ਕਾਰ ਦੀ ਟੈਂਕਰ ਨਾਲ ਟੱਕਰ ਹੋਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ ਸੀ।