60 ਦਿਨਾਂ ’ਚ ਮੁਕੰਮਲ ਹੋਵੇਗੀ ਜਾਂਚ : ਡੀ.ਜੀ.ਪੀ. ਦਿਨਕਰ ਗੁਪਤਾ
ਲੁਧਿਆਣਾ, 14 ਫਰਵਰੀ (ਜਸਪਲ ਅਰੋੜਾ)- ਲੁਧਿਆਣਾ ਦੇ ਪਿੰਡ ਈਸੇਵਾਲ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਨਵ ਨਿਯੁਕਤ ਡੀ.ਜੀ.ਪੀ. ਦਿਨਕਰ ਗੁਪਤਾ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚੇ। ਜਿਥੇ ਓਹਨਾ ਪਤਰਕਾਰਾਂ ਨਾਲ ਗਲਬਾਤ ਕਰਦੇ ਕਿਹਾ ਕਿ ਜਬਰਜਨਾਹ ਮਾਮਲੇ ’ਚ ਹੁਣ ਤਕ ਓਹਨਾ ਦੀ ਪੁਲਿਸ ਟੀਮ ਨੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਨਵਾਂ ਸ਼ਹਿਰ ਦੇ ਪਿੰਡ ਰੇਹਿਮਪਾ ਨਿਵਾਸੀ ਸਦੀਕ ਅਲੀ ,ਲੁਧਿਆਣਾ ਦੇ ਪਿੰਡ ਜਸਪਾਲ ਬਾਂਗਰ ਨਿਵਾਸੀ ਜਾਗਰੂਪ ਸਿੰਘ ਉਰਫ ਰੂਪੀ, ਪਿੰਡ ਖਾਨਪੁਰ ਨਿਵਾਸੀ ਸੂਰਮੁ ਪਿੰਡ ਟਿਬਾ ਨਿਵਾਸੀ ਅਜੇ ਅਤੇ ਸੇਫਅਲੀ ਵਜੋਂ ਹੋਈ ਅਤੇ ਇਕ ਦੋਸ਼ੀ ਨਾਬਾਲਿਗ ਬਸਤੀ ਚੰਗਰਾ ਕਠੂਆ ਦਾ ਰਹਿਣ ਵਾਲਾ ਹੈ। ਜਿਨ੍ਹਾਂ ਤੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ। ਸ੍ਰੀ ਗੁਪਤਾ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਆਈ. ਜੀ. ਰੋਪੜ ਸ੍ਰੀਮਤੀ ਨੀਰਜਾ ਦੀ ਨਿਗਰਾਨੀ ਵਿਚ ਦਾਖਾ ਦੀ ਡੀ. ਐਸ. ਪੀ. ਸ੍ਰੀਮਤੀ ਹਰਕੰਵਲ ਕੌਰ ਵਲੋਂ 60 ਦਿਨਾਂ ਵਿਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰਨ ਲਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਚਾਰ ਮਹੀਨੇ ਦੇ ਵਿਚ-ਵਿਚ ਸਜ਼ਾ ਦਿਵਾਈ ਜਾ ਸਕੇ।
ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਤੁਰੰਤ ਹਰਕਤ ਵਿਚ ਨਾ ਆਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਮੁਅਤਲ ਕਰ ਦਿਤਾ ਗਿਆ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਭਵਿਖ ਵਿਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਪੰਜਾਬ ਪੁਲਿਸ ਵਲੋਂ 181 ਹੈਲਪਲਾਈਨ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜੇਕਰ ਜ਼ਰੂਰਤ ਪਵੇਗੀ ਤਾਂ ਅਜਿਹੀਆਂ ਥਾਵਾਂ ‘ਤੇ ਨਿਗਰਾਨੀ ਰਖਣ ਲਈ ਢੁਕਵੇਂ ਪੁਲਿਸ ਸਟੇਸ਼ਨ ਆਦਿ ਵੀ ਖੋਲ੍ਹੇ ਜਾਣਗੇ। ਪੀ. ਸੀ. ਆਰ. ਅਤੇ ਰੂਰਲ ਰੈਪਿੰਡ ਰਿਸਪਾਂਸ ਸੇਵਾਵਾਂ ਨੂੰ ਹੋਰ ਕਾਰਗਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖਟੜਾ, ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿਲ, ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ (ਦਿਹਾਤੀ) ਸ੍ਰ. ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਪੁਲਿਸ ਮੁਖੀ ਖੰਨਾ ਸ੍ਰੀ ਧਰੁਵ ਦਹਿਆ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ।