ਸੰਗਰੂਰ, 14 ਫਰਵਰੀ (ਪਰਮਜੀਤ ਸਿੰਘ ਲੱਡਾ)- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤਕਨੀਕੀ ਤੇ ਕਿੱਤਾਮੁਖੀ ਸਿਖਲਾਈ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖੇਤੀਬਾੜੀ ਦੇ ਪ੍ਰਚੱਲਿਤ ਢੰਗ ਵਿੱਚ ਵੰਨ-ਸੁਵੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਝੋਨੇ/ਕਣਕ ਦੇ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਡੇਅਰੀ ਫਾਰਮਿੰਗ ਇੱਕ ਅਜਿਹਾ ਧੰਦਾ ਹੈ, ਜੋ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਆਧੁਨਿਕ ਅਤੇ ਵਿਗਿਆਨਿਕ ਢੰਗ ਨਾਲ ਕੀਤੀ ਗਈ ਡੇਅਰੀ ਫਾਰਮਿੰਗ ਮੌਜੂਦਾ ਖੇਤੀਬਾੜੀ ਦਾ ਢੁੱਕਵਾਂ ਬਦਲ ਸਾਬਿਤ ਹੋ ਸਕਦੀ ਹੈ। ਡਿਪਟੀ ਡਾਇਰੈਕਟਰ ਡੇਅਰੀ ਸੰਗਰੂਰ ਸ੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਮਿਆਰੀ ਦੁੱਧ ਦੀ ਗੁਣਵੱਤਾ ਸਬੰਧੀ ਜਾਗਰੂਕ ਕਰਨ ਲਈ ਇਸ ਚਾਲੂ ਵਿੱਤੀ ਸਾਲ ਦੌਰਾਨ ਵੱਖ-ਵੱਖ ਮੁਹੱਲਿਆਂ ਵਿੱਚ 26 ਮੁਫ਼ਤ ਦੁੱਧ ਪਰਖ ਕੈਂਪ ਲਗਾਏ ਗਏ, ਜਿਨ੍ਹਾਂ ਦੌਰਾਨ 722 ਦੁੱਧ ਦੇ ਸੈਂਪਲ ਟੈਸਟ ਕਰਕੇ ਉਨ੍ਹਾਂ ਦੀ ਗੁਣਵੱਤਾ ਬਾਰੇ ਦੁੱਧ ਖਪਤਕਾਰਾਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਵਿੱਚ 11 ਬਲਾਕ ਪੱਧਰੀ ਕੈਂਪ ਲਗਾ ਕੇ 1126 ਦੁੱਧ ਉਤਪਾਦਕਾਂ ਨੂੰ ਵਪਾਰਕ ਡੇਅਰੀ ਕਿੱਤੇ ਸਬੰਧੀ ਜਾਗਰੂਕ ਕੀਤਾ ਗਿਆ ਅਤੇ 44 ਮੁਫ਼ਤ ਫੀਡ ਪਰਖ ਕਂੈਪ ਲਗਾ ਕੇ 672 ਤੋਂ ਵੱਧ ਕੈਟਲਫੀਡ ਦੇ ਸੈਂਪਲ ਟੈਸਟ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੁਆਰਾ ਵਰਤੀ ਜਾ ਰਹੀ ਪਸੂ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਦੁੱਧ ਉਤਪਾਦਕ ਅਤੇ ਵਿਸਥਾਰ ਸੇਵਾ ਕੈਪਾਂ ਤਹਿਤ ਵੱਖ-ਵੱਖ ਪਿੰਡਾਂ ਵਿੱਚ 25 ਕੈਪ ਲਗਾ ਕੇ 1,635 ਸਿਖਿਆਰਥੀਆਂ ਨੂੰ ਡੇਅਰੀ ਧੰਦੇ ਬਾਰੇ ਉਤਸ਼ਾਹਿਤ ਕੀਤਾ ਗਿਆ।