ਪਟਨਾ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਦੇ ਛਪਰਾ ਦੇ ਇੱਕ ਸਰਕਾਰੀ ਸਕੂਲ ‘ਚ ਮਿਡ-ਡੇ-ਮੀਲ ਖਾਣ ਤੋਂ ਬਾਅਦ 22 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 50 ਬੱਚੇ ਅਜੇ ਵੀ ਹਸਪਤਾਲ ‘ਚ ਹਨ। ਇਨ੍ਹਾਂ ‘ਚੋਂ 10 ਦੀ ਹਾਲਤ ਨਾਜ਼ੁਕ ਹੈ। ਗੰਭੀਰ ਰੂਪ ਨਾਲ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਇਸ ਹਾਦਸੇ ‘ਚ ਸਕੂਲ ਵਿੱਚ ਖਾਣਾ ਬਣਾਉਣ ਵਾਲੀ ਔਰਤ ਦੀ ਵੀ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਜਿਸ ਤੇਲ ਵਿੱਚ ਖਾਣਾ ਤਿਆਰ ਕੀਤਾ ਗਿਆ ਉਸ ਵਿੱਚ ਜ਼ਹਿਰ ਸੀ।

ਇਸ ਘਟਨਾ ਨੇ ਨਿਤੀਸ਼ ਸਰਕਾਰ ਦੇ ਸੁਸ਼ਾਸਨ ‘ਤੇ ਗੰਭੀਰ ਸਵਾਲ ਉਠਾਏ ਹਨ। ਉੱਥੇ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਉੱਥੇ ਹੀ ਛਪਰਾ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਭਾਰੀ ਸੁਰੱਖਿਆ ਵਿਵਸਥਾ ਦੇ ਇੰਤਜ਼ਾਮ ਕੀਤੇ ਗਏ ਹਨ।
ਛਪਰਾ ਦੇ ਮਸਰਖ ਇਲਾਕੇ ਦੇ ਸਰਕਾਰੀ ਸਕੂਲ ‘ਚ ਜਦ ਬੱਚਿਆਂ ਨੇ ਖਿਚੜੀ ਖਾਧੀ ਤਾਂ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਤੁਰੰਤ ਹੀ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਦੋਂ ਸਿਹਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਬੱਚਿਆਂ ਨੂੰ ਛਪਰਾ ਦੇ ਜ਼ਿਲਾ ਹਸਪਤਾਲ ਰੈੱਫਰ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ ਛਪਰਾ ਦੇ ਸਰਕਾਰੀ ਸਕੂਲ ‘ਚ ਕਰੀਬ 250 ਬੱਚਿਆਂ ਨੂੰ ਇਕੱਠੀ ਖਿਚੜੀ ਪਰੋਸੀ ਗਈ ਸੀ। ਖਿਚੜੀ ਖਾਣ ਤੋਂ ਬਾਅਦ ਕਰੀਬ 60 ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਖਾਣਾ ਬਣਾਉਣ ਵਾਲੀ ਰਸੋਈਆ ਮੀਨਾ ਦੀ ਵੀ ਸਿਹਤ ਖਰਾਬ ਹੋ ਗਈ। ਮੀਨਾ ਨੇ ਬਾਅਦ ‘ਚ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹਾਲਾਂਕਿ ਖਿਚੜੀ ਖਾ ਕੇ ਸਕੂਲ ਦੇ ਸਾਰੇ ਬੱਚੇ ਬੀਮਾਰ ਨਹੀਂ ਪਏ, ਕੁਝ ਠੀਕ ਵੀ ਹਨ। ਸਰਕਾਰ ਨੇ ਫੋਰੈਂਸਿਕ ਐਕਸਪਰਟ ਦੀ ਇਕ ਟੀਮ ਛਪਰਾ ਭੇਜੀ ਹੈ ਜੋ ਕਿ ਮਿਡ-ਡੇ-ਮੀਲ ‘ਚ ਦਿੱਤੀ ਗਈ ਖਿਚੜੀ ਦਾ ਸੈਂਪਲ ਲਵੇਗੀ। ਉੱਥੇ ਹੀ ਪੂਰੀ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਸਰਕਾਰ ਨੇ ਮਰਨ ਵਾਲੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਬਿਹਾਰ ਦੇ ਸਿੱਖਿਆ ਮੰਤਰੀ ਪੀ.ਕੇ.ਸਾਹੀ ਨੇ ਕਿਹਾ ਹੈ ਕਿ ਛਾਣਬੀਣ ਦੌਰਾਨ ਜਿਹੜੇ ਤੱਥ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਸਕੂਲ ਦੀ ਮੁੱਖ ਅਧਿਆਪਕਾ ਮੀਨਾ ਕੁਮਾਰੀ 2011 ਤੱਕ ਕਿਸੇ ਹੋਰ ਸਕੂਲ ਵਿੱਚ ਸੀ। ਉਸ ਦੀ ਸਿਆਸੀ ਤੌਰ ‘ਤੇ ਸਿਫਾਰਿਸ਼ ਹੋਈ ਤਾਂ ਅਧਿਕਾਰੀਆਂ ਨੇ ਉਸ ਨੂੰ ਡੈਪੂਟੇਸ਼ਨ ‘ਤੇ ਮੁੱਖ ਅਧਿਆਪਕਾ ਬਣਾ ਕੇ ਭੇਜ ਦਿੱਤਾ। ਮੀਨਾ ਕੁਮਾਰੀ ਦਾ ਪਤੀ ਅਰਜਨ ਰਾਏ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਇੱਕ ਸਿਆਸੀ ਪਾਰਟੀ ਦਾ ਸਰਗਰਮ ਮੈਂਬਰ ਹੈ। ਉੱਥੋਂ ਹੀ ਸਕੂਲ ਦੇ ਮਿਡ ਡੇ ਮੀਲ ਲਈ ਸਾਮਾਨ ਆਉਂਦਾ ਸੀ। ਅਰਜਨ ਰਾਏ ਦੇ ਵੱਡੇ ਭਰਾ ਇੱਕ ਸਿਆਸੀ ਦਲ ਦੇ ਨੇਤਾ ਦੇ ਖਾਸਮਖਾਸ ਹਨ। ਉਨ੍ਹਾਂ ਕਿਹਾ ਕਿ ਇਸ ਭੁਮਿਕਾ ਦੇ ਬਾਅਦ ਮੰਤਰੀ ਜੀ ਮੁੱਖ ਰੂਪ ਵਿੱਚ ਇਸ ਮਾਮਲੇ ਵਿੱਚ ਆਉਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਰਜਨ ਰਾਏ ਦੀ ਦੁਕਾਨ ਤੋਂ ਹੀ ਇਹ ਤੇਲ ਆਇਆ, ਜਿਸ ਨਾਲ ਬਣੀ ਸਬਜੀ ਖਾ ਕੇ ਬੱਚੇ ਬਿਮਾਰ ਹੋਏ ਅਤੇ ਮਰੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਬੱਚਿਆਂ ਨੇ ਸਬਜੀ ਬਾਰੇ ਕੁੱਕ ਨੂੰ ਸ਼ਿਕਾਇਤ ਕੀਤੀ ਤਾਂ ਅਧਿਆਪਕਾ ਨੇ ਕਿਹਾ ਕਿ ਖਾਣਾ ਬਰਬਾਦ ਨਹੀਂ ਹੋਣਾ ਚਾਹੀਦਾ ਖਾ ਲਓ। ਇਸ ‘ਤੇ ਬਾਚਿਆਂ ਨੇ ਖਾਣਾ ਖਾ ਲਿਆ। ਸਾਹੀ ਨੇ ਇੱਕ ਡਾਕਟਰ ਦੇ ਹਵਾਲੇ ਨਾਲ ਇਹ ਵੀ ਕਿਹਾ ਹੈ ਕਿ ਬੱਚਿਆਂ ਦੀ ਉਲਟੀ ਤੋਂ ਆ ਰਹੀ ਬਦਬੂ ਤੋਂ ਲੱਗ ਰਿਹਾ ਹੈ ਕਿ ਤੇਲ ਵਿੱਚ ਆਰਗੇਨਿਕ ਫਾਸਫੋਰਸ ਮਿਲਿਆ ਹੋਇਆ ਹੈ। ਇਸੇ ਜ਼ਹਿਰੀਲੇ ਪਦਾਰਥ ਨਾਲ ਬੱਚਿਆਂ ਦੀ ਮੌਤ ਹੋ ਗਈ।
ਬਿਹਾਰ ‘ਚ ਮਿਡ ਡੇ ਮੀਲ ਖਾਣ ਨਾਲ 22 ਬੱਚਿਆਂ ਦੀ ਮੌਤ



