ਮੌੜ ਮੰਡੀ, 17 ਜੁਲਾਈ (ਸੁੱਖੀ ਮਾਨ)-ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਪੱਖੋਂ ਡਾਵਾਂਡੋਲ ਸਥਿਤੀ, ਅੰਤਰ-ਰਾਸ਼ਟਰੀ ਪੱਧਰ ‘ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਕਮਜ਼ੋਰ ਹੋਣ ਅਤੇ ਹੋਰ ਖੇਤਰਾਂ ਵਿੱਚ ਮੁਲਕ ਨੂੰ ਨਿਘਾਰ ਵੱਲ ਧੱਕਣ ਲਈ ਕੇਂਦਰ ਦੀ ਯੂ.ਪੀ.ਏ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਐਲਾਨਦਿਆਂ ਕਿਹਾ ਕਿ ਮੁਲਕ ਦੇ ਲੋਕ ਕੇਂਦਰ ‘ਚ ਕਾਂਗਰਸ ਦੀ ਅਗਵਾਈ ਵਾਲੀ ਅਜਿਹੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਚੁੱਕੇ ਹਨ ਜਿਸਦੀ ਜ਼ਿੰਮੇਵਾਰੀ ਕਿਸੇ ਦੇ ਹੱਥ ਹੋਵੇ ਤੇ ਤਾਕਤ ਕਿਸੇ ਹੋਰ ਦੇ ਹੱਥ।

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅਗਾਮੀ ਪਾਰਲੀਮਾਨੀ ਚੋਣਾਂ ਵਿੱਚ ਮੁਲਕ ਦੇ ਲੋਕਾਂ ਦੇ ਸਹਿਯੋਗ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬਣੇਗੀ ਜੋ ਮੁਲਕ ਨੂੰ ਤਰੱਕੀ ਪੱਖੋਂ ਨਵੀਆਂ ਲੀਹਾਂ ਉੱਪਰ ਤੋਰੇਗੀ। ਨਵੀਂ ਬਣੀ ਸਬ-ਡਿਵੀਜ਼ਨ ਮੌੜ ਵਿਖੇ ਦਫਤਰ ਉਪ-ਮੰਡਲ ਮੈਜਿਸਟ੍ਰੇਟ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਇਹ ਗੱਲ ਆਖੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੌੜ ਦੇ ਸਬ-ਡਿਵੀਜ਼ਨ ਬਣਨ ਸਦਕਾ ਇਸ ਇਲਾਕੇ ਦੇ ਲੋਕਾਂ ਲਈ ਅੱਜ ਇਤਿਹਾਸਕ ਦਿਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਬਣਨ ਸਦਕਾ ਇਸ ਖੇਤਰ ਦਾ ਵਿਕਾਸ ਹੋਰ ਵੀ ਵੱਡੀ ਪੱਧਰ ‘ਤੇ ਹੋ ਸਕੇਗਾ ਅਤੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕੇਗੀ। ਇਸ ਮੌਕੇ ਸਿੰਚਾਈ ਮੰਤਰੀ ਪੰਜਾਬ ਸ੍ਰੀ ਜਨਮੇਜਾ ਸਿੰਘ ਸੇਖੋਂ, ਅਕਾਲੀ ਆਗੂ ਸ੍ਰੀ ਜਸਪਾਲ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕਮਲ ਕਿਸ਼ੋਰ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਰਵਚਰਨ ਸਿੰਘ ਬਰਾੜ, ਐਸ.ਡੀ.ਐਮ ਸ੍ਰੀ ਹਰਜੀਤ ਸਿੰਘ ਸੰਧੂ ਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਮੈਂਬਰ ਪਾਰਲੀਮੈਂਟ ਨੇ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਇਸ ਕੇਂਦਰ ਸਰਕਾਰ ਤੋਂ ਮੁਲਕ ਦੇ ਵਿਕਾਸ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ ਜਿਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਹੋਵੇ ਤੇ ਇਸ ਸਰਕਾਰ ਦੀਆਂ ਸਾਰੀਆਂ ਤਾਕਤਾਂ ਕਿਸੇ ਹੋਰ ਦੇ ਹੱਥ ਵਿੱਚ ਹੋਣ। ਹਾਲ ਹੀ ਵਿੱਚ ਬੋਧ ਗਯਾ ਵਿੱਚ ਹੋਏ ਬੰਬ ਧਮਾਕਿਆਂ ਦਾ ਹਵਾਲਾ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਅੱਜ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਬੁਰੀ ਤਰ੍ਹਾਂ ਡਾਵਾਂਡੋਲ ਹੈ। ਉਨ੍ਹਾਂ ਕਿਹਾ ਕਿ ਚੀਨ ਵਰਗੇ ਗਵਾਂਢੀ ਮੁਲਕ ਵੱਲੋਂ ਭਾਰਤ ਦੇ ਆਪਣੇ ਇਲਾਕੇ ਵਿੱਚ ਕੀਤੀ ਜਾ ਰਈ ਦਖਲਅੰਦਾਜ਼ੀ ਵੀ ਕੇਂਦਰ ਸਰਕਾਰ ਦੇ ਬਾਹਰੀ ਸੁਰੱਖਿਆ ਦੇ ਮਾਮਲੇ ‘ਚ ਅਸਫਲ ਰਹਿਣ ਦੀ ਮੂੰਹ ਬੋਲਦੀ ਤਸਵੀਰ ਹੈ। ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਜੁਲਾਈ ਦੀ ਥਾਂ ਅਗਸਤ ਮਹੀਨੇ ਵਿੱਚ ਬੁਲਾਉਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਬੀਬੀ ਬਾਦਲ ਨੇ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਹਮੇਸ਼ਾ ਆਪਣੀਆਂ ਕਮਜ਼ੋਰੀਆਂ ਨੂੰ ਲੁਕੋਣ ਦੇ ਇਰਾਦੇ ਨਾਲ ਫੈਸਲੇ ਲੈਂਦੀ ਹੈ ਤਾਂ ਜੋ ਹਰ ਫਰੰਟ ‘ਤੇ ਅਸਫਲ ਰਹੀ ਇਹ ਕੇਂਦਰ ਦੀ ਕਾਂਗਰਸੀ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਭ੍ਰਿਸ਼ਟਾਚਾਰ ਤੇ ਲੋਕ ਵਿਰੋਧੀ ਨੀਤੀਆਂ ਦੇ ਮੁੱਦਿਆਂ ‘ਤੇ ਘੇਰੇ ਜਾਣ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਸਦਕਾ ਅੱਜ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੇ ਕਮਜ਼ੋਰ ਪੈਣ ਸਦਕਾ ਭਾਰਤ ਦੇ ਵਪਾਰੀ ਵਿਦੇਸ਼ਾਂ ਵਿੱਚ ਨਿਵੇਸ਼ ਕਰਨ ਨੂੰ ਤਰਜ਼ੀਹ ਦੇਣ ਲੱਗੇ ਹਨ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਇਨ੍ਹੇ ਮਾੜੇ ਹਾਲਾਤ ਕਦੇ ਪੈਦਾ ਨਹੀਂ ਹੋਏ ਜਿੰਨੇ ਕੇਂਦਰ ਦੀ ਇਸ ਯੂ.ਪੀ.ਏ ਸਰਕਾਰ ਵੱਲੋਂ ਕੀਤੇ ਗਏ ਹਨ। ਇਸ ਉਪਰੰਤ ਬੀਬੀ ਬਾਦਲ ਵੱਲੋਂ ਮੌੜ ਦੇ ਵੱਖ-ਵੱਖ ਵਾਰਡਾਂ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ।ਸ੍ਰੀ ਜਨਮੇਜਾ ਸਿੰਘ ਸੇਖੋਂ ਨੇ ਮੁਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਮੌੜ ਨੂੰ ਸਬ-ਡਿਵੀਜ਼ਨ ਬਣਾਏ ਜਾਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਬ-ਡਿਵੀਜ਼ਨ ਬਣਨ ਸਦਕਾ ਇਸ ਦੇ ਖੇਤਰ ਵਿੱਚ ਆਉੰਦੇ 50 ਤੋਂ ਵਧੇਰੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਇਸ ਖੇਤਰ ਦਾ ਵਿਕਾਸ ਹੋਰ ਵੀ ਉਸਾਰੂ ਤਰੀਕੇ ਨਾਲ ਸੰਭਵ ਹੋ ਸਕੇਗਾ। ਇਸ ਮੌਕੇ ਇਲਾਕੇ ਦੇ ਨਵੇਂ ਚੁਣੇ ਗਏ ਪੰਚ ਤੇ ਸਰਪੰਚ ਵੀ ਪਹੁੰਚੇ ਹੋਏ ਸਨ।
ਮੌੜ ਦਾ ਸਬ-ਡਿਵੀਜ਼ਨ ਬਣਨਾ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ : ਬੀਬੀ ਬਾਦਲ



