ਭਗਤਾ ਭਾਈਕਾ, 9 ਅਪ੍ਰੈਲ (ਪੀ.ਟੀ.)-ਜ਼ਿਲ੍ਹਾ ਬਠਿੰਡਾ ਦੇ ਪਿੰਡ ਗੁਰੂਸਰ ਜਲਾਲ ਵਿਖੇ ਕਰਜ਼ੇ ਤੋਂ ਤੰਗ ਆ ਕੇ 50 ਸਾਲਾ ਕਿਸਾਨ ਗੁਰਨਾਮ ਸਿੰਘ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਫੂਲ-ਭਗਤਾ ਭਾਈਕਾ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਪੀੜਤ ਕਿਸਾਨ ਗੁਰਨਾਮ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਗੁਰੂਸਰ ਜਲਾਲ ਪਿਛਲੇ ਸਮੇਂ ਤੋਂ ਕਰਜ਼ੇ ਦੇ ਬੋਝ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਦੇ ਸਿਰ ਤਿੰਨ ਲੱਖ ਰੁਪਏ ਅਤੇ ਇੱਕ ਲੱਖ ਰੁਪਏ ਆੜ੍ਹਤੀਏ ਦਾ ਕਰਜ਼ਾ ਸੀ। ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਕਿਸਾਨ ਗੁਰਨਾਮ ਸਿੰਘ ਨੇ ਸਪਰੇਅ ਕਰਨ ਵਾਲੀ ਦਵਾਈ ਪੀ ਲਈ। ਇਸ ਦਾ ਪਤਾ ਲੱਗਦਿਆਂ ਹੀ ਪਰਿਵਾਕ ਮੈਂਬਰਾਂ ਵੱਲੋਂ ਕਿਸਾਨ ਨੂੰ ਤੁਰੰਤ ਭਗਤਾ ਭਾਈਕਾ ਦੇ ਇਕ ਨਿੱਜੀ ਹਸਪਤਾਲ ਲਿਆਂਦਾ, ਜਿੱਥੇ
ਡਾਕਟਰਾਂ ਵੱਲੋਂ ਕਿਸਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਗੁਰਮੇਲ ਕੌਰ ਅਤੇ ਦੋ ਪੁੱਤਰ ਸਤਨਾਮ ਸਿੰਘ ਅਤੇ ਰੇਸ਼ਮ ਸਿੰਘ ਨੂੰ ਛੱਡ ਗਿਆ ਹੈ। ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਪਿੰਡ ਦੇ ਵੱਡੀ ਗਿਣਤੀ ਲੋਕਾਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ ਹੈ।



