ਚੰਡੀਗੜ੍ਹ, 7 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਡਾ. ਸੁਤੰਤਰ ਕੁਮਾਰ ਐਰੀ ਨੇ ਅੱਜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਘਾਗ ਪੰਜਾਬ ਦੀ ਅਸਾਮੀ ਦਾ ਕਾਰਜਭਾਰ ਸੰਭਾਲ ਲਿਆ। ਉਨਾਂ ਨੂੰ ਪੰਜਾਬ ਸਰਕਾਰ ਨੇ ਜਸਬੀਰ ਸਿੰਘ ਬੈਂਸ ਦੇ 31 ਜਨਵਰੀ ਨੂੰ ਸੇਵਾ ਮੁਕਤ ਹੋਣ ਉਪਰੰਤ ਖਾਲੀ ਹੋਈ ਡਾਇਰੈਕਟਰ ਦੀ ਅਸਾਮੀ ’ਤੇ ਨਿਯੁਕਤ ਕੀਤਾ ਹੈ। ਇਸ ਅਹੁਦੇ ਦੇ ਨਾਲ-ਨਾਲ ਉਹ ਮੈਨੇਜਿੰਗ ਡਾਇਰੈਕਟਰ ਪਨਸੀਡ ਦੀ ਅਸਾਮੀ ਦਾ ਕੰਮ ਵੀ ਕਰਦੇ ਰਹਿਣਗੇ। ਡਾ. ਐਰੀ ਨੇ ਸਾਲ 1982 ਵਿਚ ਵਿਭਾਗ ਵਿੱਚ ਪ੍ਰਵੇਸ਼ ਕੀਤਾ। ਉਨਾਂ ਨੇ 36 ਸਾਲ ਵਿਭਾਗ ਵਿੱਚ ਸ਼ਾਨਦਾਰ ਸੇਵਾ ਕੀਤੀ ਜਿਸ ਦੌਰਾਨ ਉਹ 13 ਸਾਲ ਬਤੌਰ ਬਲਾਕ ਖੇਤੀਬਾੜੀ ਅਫਸਰ ਅਤੇ ਇੰਨਾਂ ਹੀ ਸਮਾਂ ਬਤੌਰ ਮੁੱਖ ਖੇਤੀਬਾੜੀ ਅਫਸਰ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਸੇਵਾਵਾਂ ਨਿਭਾਈਆਂ। ਉਹ ਡਿਪਟੀ ਡਾਇਰੈਕਟਰ ਖੇਤੀਬਾੜੀ (ਤੇਲਬੀਜ), ਲੁਧਿਆਣਾ ਵੀ ਰਹੇ। ਉਨਾਂ ਨੇ ਬਤੌਰ ਮੈਨੇਜਿੰਗ ਡਾਇਰੈਕਟਰ ਪਨਸੀਡ ਸੇਵਾਵਾਂ ਨਿਭਾਉਂਦਿਆਂ ਕਿਸਾਨਾਂ ਨੂੰ ਸੁਧਰੇ ਬੀਜ ਮੁਹੱਈਆ ਕਰਵਾ ਕੇ ਉਤਪਾਦਕਤਾ ਵਿੱਚ ਵਾਧਾ ਕਰਦੇ ਕੇਂਦਰ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਪੁਰਸਕਾਰ ਦੀ ਪ੍ਰਾਪਤੀ ਵਿੱਚ ਪੂਰਾ ਯੋਗਦਾਨ ਪਾਇਆ। ਡਾ. ਐਰੀ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿਸਾਨ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨਗੇ।