ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਸੋਨੂੰ ਖੇੜਾ)-ਸਿੱਖ ਇਤਿਹਾਸ ਵਿਚ ਬੇਹੱਦ ਮਹੱਤਵਪੂਰਨ ਅਤੇ ਸਨਮਾਨ ਯੋਗ ਸਥਾਨ ਰੱਖਣ ਵਾਲੀ ਮਹਾਨ ਯੋਧਾ ਮਾਤਾ ਭਾਗ ਕੌਰ ਜੀ (ਮਾਈ ਭਾਗੋ) ਦੀ ਪਵਿੱਤਰ ਯਾਦ ਨੂੰ ਸਮਰਪਿਤ ਸਥਾਨਕ ਮਾਈ ਭਾਗੋ ਯਾਦਗਾਰੀ ਹੈਰੀਟੇਜ਼ ਆਪਣੀ ਦੁਰਦਸ਼ਾ ’ਤੇ ਹੰਝੂ ਵਹਾਉਂਦਾ ਜਾਪਦਾ ਹੈ। ਸਥਾਨਕ ਸ੍ਰੀ ਦਰਬਾਰ ਸਾਹਿਬ ਸਮੇਤ ਜ਼ਿਲ੍ਹਾ ਪ੍ਰੀਸ਼ਦ, ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ, ਡਾਇਟ, ਪਨਸਪ ਗੈਸ ਏਜੰਸੀ ਸਮੇਤ ਹੋਰ ਕਈ ਅਦਾਰਿਆਂ ਵਿਚ ਕੰਮ ਧੰਦਿਆਂ ਲਈ ਆਉਣ ਵਾਲੇ ਵਿਅਕਤੀ ਆਪਣੇ ਕੰਮਾਂ ਦੀ ਉਡੀਕ ਵਿਚ, ਦਿਨ ਵੇਲੇ ਜ਼ਿਆਦਾਤਰ ਸਮਾਂ ਬੰਦ ਰਹਿਣ ਵਾਲੇ ਰੈਡ ਕਰਾਸ ਪਾਰਕ ਦਾ ਬੰਦ ਦਰਵਾਜ਼ਾ ਵੇਖ ਕੇ ਅਕਸਰ ਉਕਤ
ਹੈਰੀਟੇਜ਼ ਪਾਰਕ ਵੱਲ ਸਮਾਂ ਗੁਜ਼ਾਰਨ ਲਈ ਆਉਂਦੇ ਹਨ। ਇਸ ਦੇ ਨਾਲ ਹੀ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਦੂਰ-ਦੁਰਾਡੇ ਤੋਂ ਆਏ ਸ਼ਰਧਾਲੂ ਵੀ ਅਕਸਰ ਇਸ ਕੰਪਲੈਕਸ ਵਿਚ ਆਉਂਦੇ ਰਹਿੰਦੇ ਹਨ, ਪਰੰਤੂ ਇਸ ਹੈਰੀਟੇਜ਼ ਕੰਪਲੈਕਸ ਦੀ ਦੁਰਦਸ਼ਾ ਵੇਖ ਕੇ ਜਿੱਥੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ, ਉਥੇ ਹੀ ਉਨ੍ਹਾਂ ਦੇ ਮਨਾਂ ਵਿਚ ਇਸ ਪਾਰਕ ਪ੍ਰਤੀ ਵਰਤੀ ਜਾ ਰਹੀ ਸਰਕਾਰੀ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਬੇਰੁਖ਼ੀ ਵੀ ਉਨ੍ਹਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਹੈਰੀਟੇਜ਼ ਕੰਪਲੈਕਸ ਦੀ ਦੁਰਦਸ਼ਾ ਬਾਰੇ ਆਮ ਜਨਤਾ ਵੱਲੋਂ ਧਿਆਨ ਵਿਚ ਲਿਆਂਦੇ ਜਾਣ ਉਪਰੰਤ ਅੱਜ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਨਿੱਜੀ ਰੂਪ ਵਿਚ ਉਪਰੋਕਤ ਹਾਲਤਾਂ ਦਾ ਜਾਇਜ਼ਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਕਿ ਇਸ ਯਾਦਗਾਰ ਦੀ ਮੁੱਖ ਐਂਟਰੀ ਵਾਲੇ ਗੇਟ ਦੇ ਦੋਵੇਂ ਪਿੱਲਰਾਂ ਦੇ ਕਰੀਬ ਸਾਰੇ ਪੱਧਰ ਡਿੱਗੇ ਹੋਏ ਹਨ। ਇਸ ਤੋਂ ਇਲਾਵਾ ਸਿੱਖ ਯੋਧਿਆਂ ਅਤੇ ਹੋਰ ਲੜਾਕੂਆਂ ਦੇ ਬਣਾਏ ਹੋਏ ਬੁੱਤਾਂ ਦੇ ਰੰਗ ਵੀ ਕਈ ਥਾਂ-ਥਾਂ ਤੋਂ ਲੱਥੇ ਪਏ ਹਨ। ਐਨਾ ਹੀ ਨਹੀਂ ਇਸ ਹੈਰੀਟੇਜ਼ ਦੇ ਕੇਂਦਰ ਬਿੰਦੂ ਮਾਤਾ ਭਾਗ ਕੌਰ ਜੀ ਦੇ ਬੁੱਤ ਲਈ ਬਣਾਇਆ ਗਏ ਚਬੂਤਰੇ ਦੇ ਵੀ ਪੱਥਰ ਕਈ ਥਾਂ ਤੋਂ ਟੁੱਟ ਕੇ ਜ਼ਮੀਨ ’ਤੇ ਡਿੱਗੇ ਪਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਯਾਦਗਾਰ ਵਿਚ ਬਣੇ ਹੋਏ ਆਡੀਟੋਰੀਅਮ ਦੀ ਹਾਲਤ ਵੀ ਬੇਹੱਦ ਖਸਤਾ ਹੈ ਅਤੇ ਇਸ ਦੀਆਂ ਪੌੜੀਆਂ ਥਾਂ-ਥਾਂ ਤੋਂ ਟੁੱਟੀਆਂ ਪਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਯਾਦਗਾਰ ਦੀ ਸ਼ੋਭਾ ਵਧਾਉਣ ਲਈ ਇੱਥੇ ਲਗਾਏ ਗਏ ਫੁਹਾਰੇ ਬੰਦ ਹਨ ਅਤੇ ਵਾਟਰ ਬਾਡੀ ਟੁੱਟੀ ਹੋਈ ਹੈ ਅਤੇ ਹਾਲਤ ਬੇਹੱਦ ਖਸਤਾ ਹੈ। ਢੋਸੀਵਾਲ ਨੇ ਇਸ ਹੈਰੀਟੇਜ਼ ਦੀ ਦੁਰਦਸ਼ਾ ਦੇਖ ਕੇ ਬੇਹੱਦ ਦੁਖੀ ਹਿਰਦੇ ਨਾਲ ਕਿਹਾ ਕਿ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਚ ਇਸ ਯਾਦਗਾਰ ਦੀ ਬਦਹਾਲੀ ਦਾ ਇਸ ਯਾਦਗਾਰ ਲਈ ਸੰਬੰਧਿਤ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਦੀ ਨਲਾਇਕੀ ਦਾ ਸਪੱਸ਼ਟ ਸਬੂਤ ਹੈ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗੀ ਜਾਣਕਾਰੀ ਅਨੁਸਾਰ ਇਸ ਯਾਦਗਾਰ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸਥਾਨਕ ਨਗਰ ਕੌਂਸਲ ਕੋਲ ਹੈ। ਢੋਸੀਵਾਲ ਨੇ ਸੰਬੰਧਿਤ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਪਾਰਕ ਦੀ ਉਕਤ ਸਾਰੀ ਬਦਹਾਲੀ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਦੂਰ ਕਰਕੇ ਆਮ ਲੋਕਾਂ ਵਿਚ ਫੈਲ ਲਈ ਨਿਰਾਸ਼ਾ ਅਤੇ ਗੁੱਸੇ ਨੂੰ ਖਤਮ ਕੀਤਾ ਜਾਵੇ।



