May 12, 2026 2:59 pm

ਡੀਸੀ ਫਿਰੋਜ਼ਪੁਰ ਵੱਲੋਂ ਲੋਕ ਸਭਾ ਚੋਣਾਂ ਦੇ ਅਗੇਤੇ ਪ੍ਰਬੰਧਾਂ ਸਬੰਧੀ ਮੀਟਿੰਗ

ਫਿਰੋਜ਼ਪੁਰ, 6 ਫ਼ਰਵਰੀ (ਰਵੀ ਸ਼ਰਮਾ)- ਲੋਕ ਸਭਾ-2019 ਦੇ ਅਗੇਤੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਚੋਣਾਂ ਨਾਲ ਸਬੰਧਤ ਅਧਿਕਾਰੀਆਂ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਉਨ੍ਹਾਂ ਵੱਲੋਂ ਇਲੈਕਸ਼ਨ ਮੈਨੇਜਮੈਂਟ ਪਲਾਨ ਤਿਆਰ ਕਰਨ, ਵੈਨਰੇਬਲ ਪੋਲਿੰਗ ਸਟੇਸ਼ਨਾਂ ਅਤੇ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਲਾਅ ਅਤੇ ਆਰਡਰ ਸਬੰਧੀ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਹਲਕੇ ਵਿਚ ਪੈਂਦੇ ਪੋਲਿੰਗ ਸਟੇਸ਼ਨਾਂ ਦੀ ਪੜਤਾਲ ਕਰ ਲੈਣ ਅਤੇ ਆਪਣੇ ਇਲਾਕੇ ਵਿਚ ਪੈਂਦੇ ਸੈਂਸਟਿਵ, ਵੈਰੀ ਸੈਂਸਟਿਵ ਅਤੇ ਵਨਰੇਬਲ ਪੋਲਿੰਗ ਸਟੇਸ਼ਨਾਂ ਦੀ ਪੜਤਾਲ ਕਰਕੇ ਇਕ ਲਿਸਟ ਬਣਾ ਲੈਣ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਪੋਲਿੰਗ ਸਟੇਸ਼ਨਾਂ ਦਾ ਖ਼ੁਦ ਜਾ ਕੇ ਦੌਰਾ ਕਰਨ ਅਤੇ ਉੱਥੇ ਬਜ਼ੁਰਗਾਂ ਤੇ ਵਿਲੱਖਣ ਸਮਰੱਥਾ ਵਾਲਿਆਂ ਲਈ ਰੈਂਪ, ਪਖਾਨੇ, ਪੀਣ ਵਾਲੇ ਪਾਣੀ, ਵਹੀਲਚੇਅਰ ਆਦਿ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿਹੜੇ ਪੋਲਿੰਗ ਸਟੇਸ਼ਨਾਂ ਦੀ ਹਾਲਤ ਠੀਕ ਨਹੀਂ, ਉਨ੍ਹਾਂ ਨੂੰ ਤਬਦੀਲ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮਾਡਲ ਪੋਲਿੰਗ ਬੂਥ ਬਣਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਚੋਣਾਂ ਦੌਰਾਨ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਕੋਈ ਅਣਸੁਖਾਂਵੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸਮੂਹ ਰਿਟਰਨਿੰਗ ਅਫ਼ਸਰਾਂ ਵੱਲੋਂ ਆਪਣੇ ਹਲਕੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨ ਲੋਕੇਸ਼ਨਾਂ ਤੇ ਵੋਟਰਾਂ ਨੂੰ ਈਵੀਐਮ, ਡਬਲਯੂਪੀਏਟੀ ਸਬੰਧੀ ਜਾਣਕਾਰੀ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ ਅਤੇ ਇਕ ਲੋਗ ਬੁੱਕ ਵੀ ਤਿਆਰ ਕੀਤੀ ਜਾਵੇ। ਜਿਸ ਵਿੱਚ ਘੱਟੋ-ਘੱਟ 15-20 ਲੋਕਾਂ ਦੇ ਹਸਤਾਖ਼ਰ ਲਏ ਜਾਣ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ.) ਗੁਰਮੀਤ ਸਿੰਘ ਮੁਲਤਾਨੀ, ਐਸਪੀਐਚ ਮਨਵਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ.) ਰਣਜੀਤ ਸਿੰਘ, ਐਸਡੀਐਮ ਫਿਰੋਜ਼ਪੁਰ ਅਮਿਤ ਗੁਪਤਾ, ਐਸਡੀਐਮ ਜ਼ੀਰਾ ਨਰਿੰਦਰ ਸਿੰਘ, ਐਸਡੀਐਮ ਗੁਰੂਹਰਸਹਾਏ ਕੁਲਦੀਪ ਬਾਵਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਡੀਐਸਪੀ ਫਿਰੋਜ਼ਪੁਰ ਜਸਪਾਲ ਸਿੰਘ, ਡੀਐਸਪੀ ਮਮਦੋਟ ਲਖਵੀਰ ਸਿੰਘ, ਡੀਐਸਪੀ ਜ਼ੀਰਾ ਨਰਿੰਦਰ ਸਿੰਘ, ਗਗਨ ਕਾਨੂੰਗੋ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜ਼ੂਦ ਸਨ।

Send this to a friend