ਨਿਊਯਾਰਕ, 3 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁਕਿਆ ਹੈ। ਹਾਲਾਂਕਿ ਉਨ੍ਹਾਂ ਇਹ ਸੰਕੇਤ ਵੀ ਦਿਤੇ ਹਨ ਕਿ ਉਹ ਬਜਟ ’ਤੇ ਸੰਸਦ ਦੇ ਵਰਤਮਾਨ ਸੈਸ਼ਨ ਵਿਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਵਾਪਸ ਆ ਸਕਣ। ਜੇਤਲੀ (66) ਅਜੇ ਇਲਾਜ ਲਈ ਅਮਰੀਕਾ ਵਿੱਚ ਹਨ। ਇਸੇ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ’ਚ ਇਸ ਵਾਰ ਪਹਿਲੀ ਫ਼ਰਵਰੀ ਨੂੰ 2019–20 ਦਾ ਆਖਰੀ ਬਜਟ ਰੇਲ ਮੰਤਰੀ ਪਿਯੂਸ਼ ਗੋਇਲ ਨੇ ਲੋਕ ਸਭਾ ’ਚ ਪੇਸ਼ ਕੀਤਾ। ਗੋਇਲ ਨੂੰ ਵਿਤ ਮੰਤਰਾਲੇ ਦਾ ਵਾਧੂ ਕਾਰਜਭਾਰ ਦਿਤਾ ਗਿਆ ਹੈ। ਜੇਤਲੀ ਨੇ ਇਥੇ ਮੀਡੀਆ ਸੂਤਰਾਂ ਨਾਲ ਗਲਬਾਤ ਵਿਚ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ ਅਤੇ ਬਜਟ ਦਾ ਜਵਾਬ ਦੇਣ ਲਈ ਸਮੇਂ ’ਤੇ ਉਨ੍ਹਾਂ ਦਾ ਭਾਰਤ ਵਾਪਿਸ ਜਾਣਾ ਡਾਕਟਰਾਂ ਦੀ ਸਲਾਹ ਉਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਇਹ (ਬਹਿਸ ’ਤੇ ਜਵਾਬ) ਇਥੇ ਚਲ ਰਹੇ ਮੇਰੇ ਇਲਾਜ ਦੇ ਬਾਅਦ ਦੀ ਗਲ ’ਤੇ ਨਿਰਭਰ ਕਰੇਗਾ। ਇਸ ਸਮੇਂ ਤਾਂ ਮੈਨੂੰ ਲਗਦਾ ਹੈ ਕਿ ਪਿਯੂਸ਼ ਗੋਇਲ ਹੀ ਸੰਸਦ ਵਿਚ ਬਜਟ ’ਤੇ ਬਹਿਸ ਦਾ ਜਵਾਬ ਦੇਣਗੇ।