‘ਪੁੱਠੀ ਬਾਜੀ’ ਤੋਂ ਭਾਵ ਮੁਸ਼ਕਿਲ ਹਾਲਾਤ ਹਨ। ਦੋਸਤ, ਮਿੱਤਰ ਜਾਂ ਕਿਸੇ ਕਰੀਬੀ ਰਿਸ਼ਤੇਦਾਰ ਦਾ ਮੁਸ਼ਕਿਲ ਸਮੇਂ ਮਦਦ ਲਈ ਅੱਗੇ ਆਉਣਾ ਜਰੂਰੀ ਮੰਨਿਆ ਜਾਂਦਾ ਹੈ ਪਰ ਜੇਕਰ ਅਜਿਹਾ ਨਾ ਹੋਵੇ ਤਾਂ ਸਮਝ ਲੈਣਾਂ ਚਾਹੀਦਾ ਹੈ ਕਿ ਸਭ ਲੋਕ ਦਿਖਾਵਾ ਹੈ। ਸਥਿਤੀ ਉਸ ਵਕਤ ਬੇਹੱਦ ਗੰਭੀਰ ਹੋ ਜਾਂਦੀ ਹੈ ਜਦੋਂ ਉਮੀਦ ਦੇ ਉਲਟ ਇਹ ਕਰੀਬੀ ਦੋਸਤ, ਮਿੱਤਰ ਜਾਂ ਰਿਸ਼ਤੇਦਾਰ ਟਿੱਚਰ, ਮਖੌਲ ਜਾਂ ਗਦਾਰੀ ਕਰਕੇ ਕਿਸੇ ਦੇ ਦੁੱਖ ਨੂੰ ਹੋਰ ਡੂੰਘਾ ਕਰ ਦਿੰਦੇ ਹਨ। ਸਹਾਇਤਾ ਕਰਨੀ ਤਾਂ ਇੱਕ ਪਾਸੇ ਬਲ਼ਦੀ ’ਤੇ ਅੱਗ ਪਾ ਕੇ ਜਦੋਂ ਇਹ ਕਰੀਬੀ ਲੋਕ ਤਮਾਸ਼ਾ ਦੇਖਣ ਲੱਗ ਜਾਣ ਤਾਂ ਫਿਰ ਇਨਸਾਨ ਨੂੰ ਆਖਰੀ ਸਹਾਰਾ ਦੇਣ ਲਈ ਉਹ ਪ੍ਰਮਾਤਮਾ ਆਪ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ ਹੁੰਦਾ ਹੈ।
ਹਰ ਇਨਸਾਨ ਜਿੰਦਗੀ ਦੇ ਰਸਤੇ ਨੂੰ ਤੈਅ ਕਰਦਾ ਹੋਇਆ ਅਨੇਕ ਤਰਾਂ ਦੇ ਤਜੁਰਬਿਆਂ ਨੂੰ ਆਪਣੇ ਤਨ ਅਤੇ ਮਨ ’ਤੇ ਹੰਢਾਉਂਦਾ ਹੈ। ਜਿਸ ਵਕਤ ਇਸ ਤਨ ਅਤੇ ਮਨ ਨੂੰ ਕੋਈ ਗੁੱਝੀ ਮਾਰ ਪੈ ਜਾਵੇ ਉਹ ਪਲ ਜਿੰਦਗੀ ਖਤਮ ਹੋਣ ਤੱਕ ਮਨ ’ਚੋਂ ਮਨਫੀ ਨਹੀਂ ਹੁੰਦੇ। ਆਪਣੇ ਚੌਦਾਂ ਸਾਲ ਦੇ ਅਧਿਆਪਨ ਕਿੱਤੇ ਦੇ ਦੌਰਾਨ ਮੈਂ ਅਜਿਹੇ ਕਈ ਮੌਕੇ ਦੇਖੇ ਹਨ ਜਦੋਂ ਨਾਲ ਦੇ ਵਿਅਕਤੀਆਂ ਨੇ ਹੀ ਆਪਣੇ ਸਾਥੀਆਂ ਨੂੰ ਕੋਝੀਆਂ ਮਾਰਾਂ ਮਾਰੀਆਂ ਹਨ। ਮੇਰਾ ਇੱਕ ਕਰੀਬੀ ਦੋਸਤ ਕਾਲਜ ’ਚ ਲੈਕਚਰਾਰ ਲੱਗ ਗਿਆ। ਆਪਣੇ ਕੰਮ ਦੇ ਪ੍ਰਤੀ ਉਹ ਪੂਰਾ ਸਮਰਪਿਤ ਸੀ। ਨਵੇਂ ਵਿਦਿਅਕ ਸ਼ੈਸਨ ਦੀ ਸ਼ੁਰੂਆਤ ਹੋ ਚੁੱਕੀ ਸੀ, ਸਭ ਅਧਿਆਪਕ ਅਤੇ ਕਰਮਚਾਰੀ ਖੁਸ਼ੀ ਖੁਸ਼ੀ ਗਰਮੀਆਂ ਦੀਆਂ ਛੁੱਟੀਆਂ ਕੱਟ ਕੇ ਕਾਲਜ ਪਰਤੇ ਸਨ। ਵਿਦਿਆਰਥੀਆਂ ਦੇ ਦਾਖਲਿਆਂ ਦਾ ਦੌਰ ਚੱਲ ਰਿਹਾ ਸੀ ਅਤੇ ਟਾਵਾਂ ਟਾਵਾਂ ਵਿਦਿਆਰਥੀ ਦਾਖਲੇ ਲਈ ਕਾਲਜ ਪਹੁੰਚ ਰਿਹਾ ਸੀ। ਵਿਦਿਆਰਥੀਆਂ ਦਾ ਕਾਲਜ ’ਚ ਦਾਖਲੇ ਲਈ ਕਾਫੀ ਘੱਟ ਗਿਣਤੀ ’ਚ ਆਉਣਾ ਅਧਿਆਪਕਾਂ ਨੂੰ ਚਿੰਤਤ ਕਰ ਰਿਹਾ ਸੀ ਕਿਉਂਕਿ ਇਹ ਫੁਰਮਾਨ ਸੀ ਕਿ ਜੇਕਰ ਕਿਸੇ ਅਧਿਆਪਕ ਦੇ ਵਿਸ਼ੇ ’ਚ ਵਿਦਿਆਰਥੀਆਂ ਦੀ ਗਿਣਤੀ ਘੱਟਦੀ ਹੈ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਹਰੇਕ ਅਧਿਆਪਕ ਨੂੰ ਆਪਣਾ ਵਿਸ਼ਾ ਚਲਦਾ ਰੱਖਣ ਲਈ ਅਤੇ ਆਪਣੀ ਨੌਕਰੀ ਬਚਾਉਣ ਲਈ ਪੰਦਰਾਂ ਵਿਦਿਆਰਥੀ ਆਪਣੇ ਵਿਸ਼ੇ ’ਚ ਰੱਖਣੇ ਜਰੂਰੀ ਸਨ। ਦਾਖਲੇ ਖਤਮ ਹੋਣ ਦੀ ਤਰੀਕ ਬਿੱਲਕੁੱਲ ਨੇੜੇ ਸੀ ਪਰ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਅੱਧ ਵੀ ਨਹੀਂ ਸੀ ਟੱਪੀ। ਸਭ ਅਧਿਆਪਕ ਆਪਣੇ ਆਪਣੇ ਵਿਸ਼ੇ ਦੇ ਵਿਦਿਆਰਥੀ ਪੂਰੇ ਕਰਨ ਲਈ ਯਤਨ ਕਰ ਰਹੇ ਸਨ ਅਤੇ ਨਵੇਂ ਆਉਂਦੇ ਵਿਦਿਆਰਥੀਆਂ ਨੂੰ ਸਮਝਾ ਬੁਝਾ ਕੇ ਆਪਣਾ ਵਿਸ਼ਾ ਰੱਖ ਲੈਣ ਲਈ ਪ੍ਰਰੇਰ ਰਹੇ ਸਨ। ਅਧਿਆਪਕ ਅਤੇ ਵਿਦਿਆਰਥੀਆਂ ਦੇ ਇਸ ਘੋਲ ਨੂੰ ਮੇਰਾ ਦੋਸਤ ਅਧਿਆਪਕ ਸਮਝ ਨਾ ਸਕਿਆ ਕਿ ਆਖਿਰ ਵਜ੍ਹਾ ਕੀ ਹੈ, ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਆਪਣਾ ਆਪਣਾ ਵਿਸ਼ਾ ਰੱਖਣ ਲਈ ਮਜਬੂਰ ਕਿਉਂ ਕਰ ਰਹੇ ਹਨ।
ਆਖਿਰ ਉਸਨੂੁੰ ਉਸਦੇ ਇੱਕ ਸਾਥੀ ਅਧਿਆਪਕ ਨੇ ਇਸ ਪਿੱਛੇ ਦੀ ਕਹਾਣੀ ਦੱਸਦਿਆਂ ਕਿਹਾ ਕਿ ਜੇਕਰ ਕਿਸੇ ਅਧਿਆਪਕ ਕੋਲ ਉਸਦੇ ਵਿਸ਼ੇ ਵਿਚਲੇ ਵਿਦਿਆਰਥੀਆਂ ਦੀ ਗਿਣਤੀ ਪੰਦਰਾਂ ਤੋਂ ਘੱਟ ਰਹਿ ਜਾਏ ਤਾਂ ਉਸਦੀ ਨੌਕਰੀ ਖਤਮ ਕਰ ਦਿੱਤੀ ਜਾਂਦੀ ਹੈ। ਇਹ ਸੁਣ ਕੇ ਮੇਰਾ ਦੋਸਤ ਦੰਗ ਰਹਿ ਗਿਆ ਕਿਉਂਕਿ ਉਸਨੂੰ ਇਸ ਬਾਰੇ ਕਿਸੇ ਨੇ ਵੀ ਜਾਣਕਾਰੀ ਨਹੀਂ ਸੀ ਦਿੱਤੀ ਅਤੇ ਉਸਦੇ ਵਿਸ਼ੇ ’ਚ ਉਦੋਂ ਤੱਕ ਸਿਰਫ ਇੱਕ ਹੀ ਵਿਦਿਆਰਥੀ ਨੇ ਦਾਖਲਾ ਲਿਆ ਸੀ। ਟੀਚਾ ਪੰਦਰਾਂ ਵਿਦਿਆਰਥੀਆਂ ਨੂੰ ਪੂਰਾ ਕਰਨ ਦਾ ਸੀ ਪਰ ਦਾਖਲੇ ਖਤਮ ਹੋਣ ਦੀ ਮਿਤੀ ’ਚ ਸਿਰਫ ਤਿੰਨ ਦਿਨ ਹੀ ਬਾਕੀ ਰਹਿ ਗਏ ਸਨ। ਮੇਰੇ ਦੋਸਤ ਅਧਿਆਪਕ ਦੀ ਸਥਿਤੀ ਕਾਫੀ ਤਰਸਯੋਗ ਬਣ ਚੁੱਕੀ ਸੀ। ਜੋ ਸਾਥੀ ਅਧਿਆਪਕ ਉਸ ਨਾਲ ਬਹਿ ਕੇ ਚਾਰ ਮਹੀਨੇ ਚਾਹ ਪਾਣੀ ਪੀਂਦੇ ਰਹੇ ਉਹ ਵੀ ਇਸ ਸਥਿਤੀ ’ਚ ਉਸ ਅਧਿਆਪਕ ਤੋਂ ਮੂੰਹ ਫੇਰ ਗਏ ਅਤੇ ਹਾਲਾਤ ਵਾਹਣ ’ਚ ਇਕੱਲੇ ਰੁੱਖ ਵਾਲੇ ਬਣ ਗਏ।
ਇੱਕ ਦਿਨ ਮੁੱਖ ਅਧਿਆਪਕ ਨੇ ਮੇਰੇ ਦੋਸਤ ਅਧਿਆਪਕ ਨੂੰ ਆਪਣੇ ਦਫਤਰ ਬੁਲਾਇਆ ਅਤੇ ਸਮਝਾਇਆ ਕਿ ਉਸ ਕੋਲ ਸਿਰਫ ਤਿੰਨ ਦਿਨ ਹਨ ਜੇਕਰ ਉਹ ਇਹਨਾ ਤਿੰਨ ਦਿਨਾਂ ’ਚ ਆਪਣੇ ਵਿਸ਼ੇ ਦੇ ਪੰਦਰਾਂ ਵਿਦਿਆਰਥੀ ਪੂਰੇ ਕਰ ਲੈਂਦਾ ਹੈ ਤਾਂ ਉਸ ਦਾ ਰੁਜ਼ਗਾਰ ਬੱਚ ਸਕਦਾ ਹੈ ਨਹੀਂ ਫਿਰ ਉਸ ਨੂੰ ਨੌਕਰੀ ਛੱਡਣੀ ਪਵੇਗੀ। ਇਹ ਸੁਣ ਕੇ ਉਸਨੂੰ ਆਪਣੇ ਪੈਰਾਂ ਹੋਠੋਂ ਜਮੀਨ ਖਿਸਕਦੀ ਪ੍ਰਤੀਤ ਹੋਣ ਲੱਗੀ। ਉਸਦੀਆਂ ਅੱਖਾਂ ਅੱਗੇ ਮਹੀਨਾਵਰ ਤਨਖਾਹ ਦੇ ਸਿਰ ’ਤੇ ਚਲਦਾ ਖਰਚਾ ਗੇੜੇ ਕੱਢਣ ਲੱਗਿਆ। ਬੱਚਿਆਂ ਦੀਆਂ ਸਕੂਲ਼ ਫੀਸਾਂ ਅਤੇ ਬੁੱਢੀ ਮਾਤਾ ਦੀ ਦਵਾਈ ਉਸਨੂੰ ਆਪਣੇ ਹੱਥੋਂ ਜਾਂਦੀ ਨਜਰ ਆਈ। ਹਾਲਾਤ ਉਸ ਵਕਤ ਨਾਜੁਕ ਹੋ ਗਏ ਜਦੋਂ ਨਾਲ ਹੀ ਬੈਠੇ ਇੱਕ ਵਡੇਰੀ ਉਮਰ ਦੇ ਪੱਕੀ ਨੌਕਰੀ ਕਰਦੇ ਅਧਿਆਪਕ ਨੇ ਟਿੱਚਰ ਕਰਦੇ ਹੋਏ ਕਿਹਾ ’ਕੋਈ ਨੀ ਯਾਰ ਜਿੰਦਗੀ ’ਚ ਇਨਸਾਨ ਅਨੇਕ ਵਾਰ ਘੋੜੇ ਤੋਂ ਡਿੱਗਦਾ ਹੈ ਅਤੇ ਫਿਰ ਸੰਭਲਦਾ ਹੈ ਕੋਈ ਹੋਰ ਰਸਤਾ ਲੱਭ ਜੂ’। ਉਸਦੀ ਇਹ ਗੱਲ ਸੁਣ ਕੇ ਥੋੜੀ ਦੂਰੀ ’ਤੇ ਬੈਠਾ ਇੱਕ ਹੋਰ ਅਧਿਆਪਕ ਬੁੱਲਾਂ ’ਚ ਮਿੰਨਾ ਮਿੰਨਾ ਹਾਸਾ ਹੱਸ ਰਿਹਾ ਸੀ, ਸ਼ਾਇਦ ਉਹ ਮੇਰੇ ਮਜਬੂਰ ਅਧਿਆਪਕ ਦੋਸਤ ਦੇ ਜ਼ਜ਼ਬਾਤਾਂ ਨੂੰ ਬਾਰੀਕੀ ਨਾਲ ਪਸੀਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮੀਟਿੰਗ ਖਤਮ ਹੋ ਗਈ ਅਤੇ ਕੁੱਝ ਜਰੂਰੀ ਕਾਗਜ ਲੈਣ ਲਈ ਮੇਰਾ ਦੋਸਤ ਅਧਿਆਪਕ ਕਲਰਕ ਦੇ ਦਫਤਰ ’ਚ ਚਲਿਆ ਗਿਆ। ਉਮਰ ਦੇ ਤਕਰੀਬਨ ਪੰਜ ਦਹਾਕੇ ਪਾਰ ਕਰ ਚੁੱਕਿਆ ਕਲਰਕ ਆਪਣੇ ਦਫਤਰ ’ਚ ਕੁਰਸੀ ’ਤੇ ਬੜੇ ਠਾਠ ਨਾਲ ਬੈਠਾ ਸੀ। ਕਲਰਕ ਨੇ ਉਸਨੂੰ ਢਾਰਸ ਤਾਂ ਕੀ ਦੇਣਾਂ ਸੀ ਸਗੋਂ ਆਪਣੀ ਸਿਆਣੀ ਉਮਰ ਦੇ ਉਲਟ ਉਸ ਅਧਿਆਪਕ ਨੂੰ ਕਹਿੰਦਾ ਕਿ ਮੈਨੂੰ ਲੱਗਦੈ ਇਹ ਲੋਕ ਮਿਲ ਕੇ ਤੈਨੂੰ ਇੱਥੋਂ ਭਜਾਉਣਗੇ। ਇਹ ਸੁਣ ਕੇ ਮੇਰਾ ਦੋਸਤ ਅਧਿਆਪਕ ਨਿਰਾਸ਼ਾ ਦੇ ਆਲਮ ’ਚੋਂ ਕੁੱਝ ਹਿੰਮਤ ਟੋਲ਼ਦੇ ਹੋਏ ਬੋਲਿਆ ’ਸਾਹਬ ਕਿਹਨੇ ਭੱਜਣੈਂ ਅਤੇ ਕੀਹਨੂੰ ਭਜਾਉਣੈਂ ਇਹ ਸਭ ਉਸ ਮਾਲਕ ਦੇ ਹੱਥ ਹੈ, ਜੇਕਰ ਜਿੰਦਗੀ ’ਚ ਲਿਖਿਆ ਹੋਇਆ ਤਾਂ ਰੁਜਗਾਰ ਬੱਚ ਜਾਏਗਾ ਨਹੀਂ ਫਿਰ ਜੋ ਮਾਲਕ ਨੂੰ ਮਨਜੂਰ ਉਹ ਮੰਨ ਲਿਆ ਜਾਵੇਗਾ’। ਅਧਿਆਪਕ ਦੀ ਗੱਲ ਸੁਣ ਕੇ ਬਾਬੂ ਹੈਰਾਨ ਰਹਿ ਗਿਆ ਸ਼ਾਇਦ ਉਸ ਦਵਾਰਾ ਉਡਾਈ ਖਿੱਲੀ ਉਸਨੂੰ ਮਹਿੰਗੀ ਪੈ ਗਈ ਸੀ।
ਦਫਤਰ ’ਚੋਂ ਬਾਹਰ ਆਉਂਦਿਆਂ ਕਾਲਜ ਦੇ ਹੀ ਇੱਕ ਹੋਰ ਅਧਿਆਪਕ ਨੇ ਮੇਰੇ ਦੋਸਤ ਨੂੰ ਸਲਾਹ ਦਿੱਤੀ ਕਿ ਜੇਕਰ ਲੋੜ ਪਈ ਤਾਂ ਉਹ ਕਾਲਜ ਦਫਤਰ ’ਚੋਂ ਕੁੱਝ ਜਰੂਰੀ ਕਾਗਜ਼ ਉਪਲਬਧ ਕਰਵਾ ਦੇਵੇਗਾ ਜਿਸ ਨਾਲ ਨੌਕਰੀ ਨੂੰ ਬਚਾਉਣ ਲਈ ਕੋਈ ਕਾਨੂੰਨੀ ਕਰਵਾਈ ਕਰਨ ’ਚ ਸਹਾਇਤਾ ਮਿਲ ਜਾਵੇਗੀ, ਪਰ ਹੱਦ ਉਸ ਵਕਤ ਹੋ ਗਈ ਜਦੋਂ ਉਸ ਚਾਪਲੂਸ ਕਿਸਮ ਦੇ ਇਨਸਾਨ ਨੇ ਕੁੱਝ ਦੇਰ ਬਾਅਦ ਇਹ ਗੱਲ ਮੁੱਖ ਅਧਿਆਪਕ ਨੂੰ ਦੱਸ ਦਿੱਤੀ ਕਿ ਨਵਾਂ ਅਧਿਆਪਕ ਕਾਲਜ ਦਫਤਰ ’ਚੋਂ ਕੁੱਝ ਜਰੂੁਰੀ ਕਾਗਜ ਖਿਸਕਾਉਣ ਦੀ ਫਰਾਕ ’ਚ ਹੈ, ਜਦਕਿ ਅਜਿਹਾ ਕੁੱਝ ਨਹੀਂ ਸੀ। ਹੁਣ ਤੱਕ ਮੇਰਾ ਦੋਸਤ ਅਧਿਆਪਕ ਸਮਝ ਚੁੱਕਿਆ ਸੀ ਕਿ ਹੁਣ ਇੱਥੇ ਕੋਈ ਹਮਦਰਦ ਨਹੀਂ ਅਤੇ ਆਪਣੀ ਲੜਾਈ ਆਪ ਲੜਣੀ ਪੈਣੀ ਹੈ ਅਤੇ ਇਹ ਸੋਚ ਕੇ ਉਹ ਕਾਲਜ ਦੇ ਨਾਲ ਲਗਦੇ ਪਿੰਡਾਂ ’ਚ ਵਿਦਿਆਰਥੀਆਂ ਦੀ ਭਾਲ ’ਚ ਨਿਕਲ ਗਿਆ।
ਆਪਣੀ ਜਿੰਦਗੀ ਦੇ ਪਿਛਲੇ ਤਜੁਰਬੇ ਦੇ ਜ਼ਰੀਏ ਅਤੇ ਵਿਦਿਆਰਥੀਆਂ ’ਚ ਮਾਣ ਸਤਿਕਾਰ ਹੋਣ ਕਾਰਨ ਉਸ ਨੇ ਢਾਈ ਦਿਨਾਂ ’ਚ ਹੀ ਬਾਈ ਦੇ ਕਰੀਬ ਵਿਦਿਆਰਥੀ ਆਪਣੇ ਵਿਸ਼ੇ ’ਚ ਦਾਖਲ ਕਰ ਲਏ ਜਦਕਿ ਸ਼ਰਤ ਪੰਦਰਾਂ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਸੀ। ਇਹ ਦੇਖ ਕੇ ਟਿੱਚਰ ਮਖੌਲ ਕਰਨ ਵਾਲਿਆਂ ਦੇ ਬੁੱਲਾਂ ਨੂੰ ਸਿਕਰੀ ਆ ਗਈ। ਸ਼ਾਇਦ ਉਹਨਾਂ ਨੇ ਜਿੰਦਗੀ ’ਚ ਅਜਿਹਾ ਪਹਿਲੀ ਵਾਰ ਦੇਖਿਆ ਹੋਣੈ। ਬਾਜੀ ਉਲਟ ਚੁੱਕੀ ਸੀ। ਮੇਰੇ ਦੋਸਤ ਅਧਿਆਪਕ ਦਾ ਰੁਜਗਾਰ ਪ੍ਰਮਾਤਮਾ ਦੀ ਕਿਰਪਾ ਨਾਲ ਬੱਚ ਗਿਆ ਸੀ ਅਤੇ ਉਹ ਖੁਸ਼ ਸੀ ਪਰ ਬੂਰਾ ਵਕਤ ਪਏ ’ਤੇ ਨਾਲ ਦਿਆਂ ਵਲੋਂ ਦਿਖਾਈ ਗਦਾਰੀ ਉਸ ਨੂੰ ਇਸ ਗੱਲ ਦਾ ਪੱਕਾ ਅਹਿਸਾ ਕਰਾ ਗਈ ਸੀ ਕਿ ਵਕਤ ਪਏ ’ਤੇ ਹੀ ਸੱਜਣ ਜਾਂ ਮਿੱਤਰ ਦੀ ਅਸਲ ਪਰਖ ਹੁੰਦੀ ਹੈ।