ਸੰਗਰੂਰ, 30 ਜਨਵਰੀ (ਪਰਮਜੀਤ ਸਿੰਘ ਲੱਡਾ)- ਜ਼ਿਲ੍ਹਾ ਸੰਗਰੂਰ ’ਚ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਖੇਡ ਗਤੀਵਿਧੀਆਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਲੋ ਇੰਡੀਆ ਪ੍ਰੋਜੈਕਟ ਤਹਿਤ ਬਹੁ ਮੰਤਵੀ ਅਤਿ ਆਧੁਨਿਕ ਇਨਡੋਰ ਖੇਡ ਕੰਪਲੈਕਸ ਦੀ ਚੱਲ ਰਹੀ ਉਸਾਰੀ ਦਾ ਕੰਮ ਲਗਭਗ 40 ਫੀਸਦੀ ਮੁਕੰਮਲ ਹੋ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਖੇਡ ਕੰਪਲੈਕਸ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਸੰਗਰੂਰ ਸ਼ਹਿਰ ਵਿਖੇ ਬਣਨ ਵਾਲੇ ਇਸ ਇਨਡੋਰ ਖੇਡ ਜਿਮਨੇਜ਼ੀਅਮ ਅੰਦਰ ਖਿਡਾਰੀ 11 ਵੱਖ-ਵੱਖ ਖੇਡਾਂ ਦੀ ਸਿਖਲਾਈ ਲੈਣ ਦੇ ਸਮਰੱਥ ਬਣ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਕੁਸ਼ਤੀ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਜੂਡੋ, ਮੁੱਕੇਬਾਜ਼ੀ, ਜਿਮਨਾਸਟਿਕ, ਵੇਟ ਲਿਫਟਿੰਗ, ਸਕੇਟਿੰਗ ਆਦਿ ਦੀ ਤਕਨੀਕੀ ਸਿਖਲਾਈ ਦਾ ਪ੍ਰਬੰਧ ਹੋਵੇਗਾ ਅਤੇ ਵੱਖ-ਵੱਖ ਖੇਡਾਂ ਦੀ ਸਿਖਲਾਈ ਦੇਣ ਲਈ ਰਾਜ ਸਰਕਾਰ ਵੱਲੋਂ ਕੋਚ ਨਿਯੁਕਤ ਕੀਤੇ ਗਏ ਹਨ। ਸਰਕਾਰ ਵੱਲੋਂ ਇਸ ਆਧੁਨਿਕ ਖੇਡ ਕੰਪਲੈਕਸ ਦੀ ਉਸਾਰੀ ਲਈ ਕਰੀਬ 7.5 ਕਰੋੜ ਰੁਪਏ ਦੀ ਗਰਾਂਟ ਮੁਹੱਈਆ ਕਰਵਾਈ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਸਰਵੋਤਮ ਖੇਡ ਸੁਵਿਧਾਵਾਂ ਮੁਹੱਈਆ ਕਰਵਾ ਕੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਉੱਚੀਆਂ ਮੱਲਾਂ ਮਾਰਨ ਦੇ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਸ ਬਹੁ-ਮੰਤਵੀ ਖੇਡ ਕੰਪਲੈਕਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਤਾਂ ਜੋ ਸੰਗਰੂਰ ਨੂੰ ਖੇਡਾਂ ਦੇ ਹੱਬ ਵਜੋਂ ਵਿਕਸਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡ ਕੰਪਲੈਕਸ ਵਿੱਚ ਵੱਖ-ਵੱਖ ਖੇਡਾਂ ਲਈ ਲੋੜੀਂਦੀਆਂ ਆਧੁਨਿਕ ਸੁਵਿਧਾਵਾਂ ਉਪਲਬਧ ਹੋਣ ਨਾਲ ਜ਼ਿਲ੍ਹਾ, ਰਾਜ ਅਤੇ ਕੌਮੀ ਪੱਧਰ ਦੇ ਖੇਡ ਮੁਕਾਬਲੇ ਵੀ ਵੱਡੇ ਪੱਧਰ ’ਤੇ ਉਲੀਕੇ ਜਾ ਸਕਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਖੇਡ ਗਤੀਵਿਧੀਆਂ ਦੇ ਮਿਆਰੀ ਕੇਂਦਰ ਵਜੋਂ ਜਾਣਿਆ ਜਾਵੇਗਾ। ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ ਲੈਣ ਮੌਕੇ ਜ਼ਿਲ੍ਹਾ ਖੇਡ ਅਫਸਰ ਯੋਗਰਾਜ ਵੀ ਮੌਜੂਦ ਸਨ।