ਅੰਮ੍ਰਿਤਸਰ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿਤ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਧਾਰਮਿਕ ਤਨਖ਼ਾਹ ਲਗਾਈ ਗਈ ਹੈ। ਇਸ ਤਨਖ਼ਾਹ ਦੌਰਾਨ ਉਨ੍ਹਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ 7 ਦਿਨ ਜੋੜਿਆਂ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ ਅਤੇ 1-1 ਘੰਟਾ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ 1-1 ਘੰਟਾ 5 ਦਿਨ ਸੇਵਾ ਕਰਨ ਅਤੇ ਦੋਵੇਂ ਗੁਰੂ ਧਾਮਾਂ ’ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਅਤੇ ਦੇਗ ਲਈ 5100-5100 ਰੁਪਏ ਭੇਟ ਕਰਨ ਦੀ ਧਾਰਮਿਕ ਸਜ਼ਾ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਉਪਰ ਇਲਜ਼ਾਮ ਸੀ ਕਿ ਉਨ੍ਹਾਂ ਨੇ ਸਿਖ ਧਰਮ ਦੀ ਅਰਦਾਸ ਦੇ ਵਾਕ ਬਿਹਾਰ ਦੇ ਮੁਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਲਈ ਵਰਤੇ ਸਨ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਹਿਤ ਨੂੰ ਤਲਬ ਕੀਤਾ ਸੀ। ਹਿਤ ਦਿਲੀ ਕਮੇਟੀ ਦੇ ਵੀ ਪ੍ਰਧਾਨ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਨ।