ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਵਿਖੇ ਬੀ.ਆਰ. ਟੀ.ਐਸ. ਪ੍ਰਾਜੈਕਟ ਦੀ ਮੁਕੰਮਲ ਰੂਪ ’ਚ ਸ਼ੁਰੂਆਤ

ਤਿੰਨ ਮਹੀਨੇ ਲਈ ਮੁਫ਼ਤ ਸੈਰ ਕਰਵਾਉਣਗੀਆਂ ਵਾਤਾਅਨਕੂਲ ਬੱਸਾਂ

ਅੰਮ੍ਰਿਤਸਰ, 28 ਜਨਵਰੀ-ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬੀ ਆਰ ਟੀ ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜਿਟ ਸਿਸਟਮ) ਦੀ ਮੁਕੰਮਲ ਰੂਪ ਵਿਚ ਸ਼ੁਰੂਆਤ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਕਰ ਦਿੱਤੀ ਗਈ ਹੈ। ਇਸ ਵਿਚ ਦੋ ਰੂਟਾਂ ’ਤੇ ਚੱਲਣ ਵਾਲੀਆਂ 93 ਏ. ਸੀ. ਬੱਸਾਂ ਅਤੇ ਵਿਸ਼ਵ ਪੱਧਰੀ ਮੈਟਰੋ ਬੱਸ ਟਰਮੀਨਲ ਸ਼ਾਮਿਲ ਹੈ। ਕਰੀਬ 545 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਾਂਝੀ ਭਾਈਵਾਲੀ ਨਾਲ ਹੋਂਦ ਵਿਚ ਆਇਆ ਹੈ ਅਤੇ ਹੁਣ ਤੱਕ ਇਹ ਭਾਰਤ ਦੇ 12 ਸ਼ਹਿਰਾਂ, ਜਿਸ ਵਿਚ ਅਹਿਮਦਾਬਾਦ, ਜੈਪੂਰ, ਸੂਰਤ, ਪੂਨਾ, ਰਾਜਕੋਟ, ਵਿਜੈਵਾੜਾ, ਇੰਦੌਰ, ਭੁਬਨੇਸ਼ਵਰ, ਰਾਏਪੁਰ, ਵਿਸ਼ਾਖਾਪਟਨਮ, ਭੋਪਾਲ ਅਤੇ ਹੁਬਲੀ ਵਿਚ ਚੱਲ ਰਿਹਾ ਹੈ। ਉਨਾਂ ਐਲਾਨ ਕੀਤਾ ਕਿ ਇਹ ਬੱਸਾਂ ਅੱਜ ਤੋਂ ਤਿੰਨ ਮਹੀਨੇ ਤੱਕ ਹਰੇਕ ਯਾਤਰੀ ਨੂੰ ਮੁਫ਼ਤ ਸਫਰ ਕਰਵਾਉਣਗੀਆਂ। ਇਸ ਸਮੇਂ ਮਗਰੋਂ ਸਕੂਲੀ ਬੱਚੇ ਮੁਫ਼ਤ, ਕਾਲਜ ਵਿਦਿਆਰਥੀ 66 ਫੀਸਦੀ ਰਿਆਇਤ, ਸਿਨੀਅਰ ਸਿਟੀਜਨ ਅਤੇ ਦਿਵਿਆਂਗ 50 ਫੀਸਦੀ ਰਿਆਇਤ ਨਾਲ ਸਫਰ ਦੀ ਸਹੂਲਤ ਲੈ ਸਕਣਗੇ। ਯਾਤਰੀ 25 ਰੁਪਏ ਦਾ ਕਾਰਡ ਬਣਾ ਕੇ ਇਕ ਦਿਨ ਵਿਚ ਬਿਨਾਂ ਕਿਸੇ ਸੀਮਾ ਦੇ ਸਫਰ ਕਰ ਸਕਣਗੇ। ਸ. ਨਵਜੋਤ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੀ ਸਰਕਾਰ ਦਾ ਕੰਮ ਪੁਰਾਣੇ ਚੱਲਦੇ ਪ੍ਰਾਜੈਕਟ ਵਿਰੋਧ ਭਾਵਨਾ ਨਾਲ ਬੰਦ ਕਰਨਾ ਨਹੀਂ, ਬਲਕਿ ਰਾਜ ਦੇ ਲੋਕਾਂ ਦੁਆਰਾ ਸ਼ੁਰੂ ਕੀਤੇ ਕੰਮਾਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ, ਪੀ ਆਈ ਡੀ ਬੀ ਦੇ ਐਮ ਡੀ ਸ੍ਰੀ ਵੀ. ਐਨ. ਯਾਦੇ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਜੀ. ਐਮ ਸ੍ਰੀ ਆਰ. ਐਸ ਬੱਲ, ਸੀ ਈ ਓ ਸ. ਇੰਦਰਜੀਤ ਸਿੰਘ ਚਾਵਲਾ, ਐਕਸੀਅਨ ਸ੍ਰੀ ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Send this to a friend