ਲਹਿਰਾਗਾਗਾ, 27 ਜਨਵਰੀ (ਜਤਿੰਦਰ ਜਲੂਰ)- ਅਜ ਸਵੇਰੇ ਹੀ ਲਹਿਰਾਗਾਗਾ ਦੀ ਅਨਾਜ ਮੰਡੀ ਵਿਚ ਢਹਾ ਬਿਰਾਦਰੀ ਨਾਲ ਸੰਬੰਧਿਤ ਔਰਤ ਨੂੰ ਜਿੰਦਾ ਸਾੜ ਕੇ ਮਾਰ ਦੇਣ ਦੀ ਗਲ ਜੰਗਲ ਦੀ ਅਗ ਵਾਂਗ ਫੈਲ ਗਈ । ਇਸ ਸੰਬੰਧੀ ਪੜਤਾਲ ਕਰਨ ਤੇ ਪਤਾ ਲਗਾ ਕਿ ਸਵੇਰੇ ਪੰਜ ਛੇ ਵਜੇ ਦੇ ਕਰੀਬ ਮੰਡੀ ਵਿਚ ਢਹਾ ਬਿਰਾਦਰੀ ਨਾਲ ਸਬੰਧਿਤ ਔਰਤ ਸਲਮਾ ਪਤਨੀ ਚਿਮਨ ਲਾਲ ਵਾਸੀ ਵਾਰਡ ਨੰਬਰ 14 ਰਫਿਊਜੀ ਕਲੋਨੀ ਉਮਰ ਤਕਰੀਬਨ 35/40 ਸਾਲ ਹਰ ਰੋਜ ਦੀ ਤਰ੍ਹਾਂ ਆਪਣੀ ਇਕ ਸਹੇਲੀ ਰਾਣੀ ਨਾਲ ਕਾਗਜ ਵਗੈਰਾ ਚੁਗਣ ਲਈ ਘਰੋਂ ਆਈ ਸੀ , ਪਰ ਉਸ ਤੋਂ ਬਾਅਦ ਵਾਪਸ ਨਹੀਂ ਪਹੁੰਚੀ ਅਤੇ ਉਸ ਦੀ ਸੜੀ ਹੋਈ ਲਾਸ਼ ਅਨਾਜ ਮੰਡੀ ਵਿਚੋਂ ਮਿਲੀ । ਇਸ ਸਬੰਧੀ ਥਾਣਾ ਇੰਚਾਰਜ ਡਾ. ਜਗਬੀਰ ਸਿੰਘ ਨੇ ਦਸਿਆ ਕਿ ਇਸ ਸੰਬੰਧੀ ਪਰਿਵਾਰ ਵਲੋਂ ਇਤਲਾਹ ਮਿਲਣ ਤੇ ਅਨਾਜ ਮੰਡੀ ਵਿਚ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਨਾ ਮਲੂਮ ਵਿਅਕਤੀਆਂ ਖਿਲਾਫ ਧਾਰਾ 302, 201 ਅਤੇ 34 ਤਹਿਤ ਐਫ.ਆਈ .ਆਰ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ ਅਤੇ ਇਸ ਸੰਬੰਧੀ ਛਾਣਬੀਣ ਕਰਦਿਆਂ ਦੋਸ਼ੀ ਗੁਰਮੀਤ ਸਿੰਘ ਉਰਫ ਬੁਧ ਰਾਮ ਪੁਤਰ ਪਪੂ ਸਿੰਘ ਵਾਸੀ ਵਾਰਡ ਨੰਬਰ ਇਕ ਲਹਿਰਾਗਾਗਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਪੁਛਗਿਛ ਜਾਰੀ ਹੈ ।