ਬਲਾਚੌਰ, 27 ਜਨਵਰੀ (ਸਤਨਾਮ ਸਿੰਘ)- ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਲ੍ਹ ਲਿੰਕ ਸੜ੍ਹਕ ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਤੋਂ ਬਲਾਚੌਰ-ਰੱਤੇਵਾਲ (ਬਾਰਸਤਾ ਸਿੰਘਪੁਰ, ਬੂਥਗੜ੍ਹ, ਮਾਲੇਵਾਲ, ਮੰਗੂਪੁਰ, ਮਝੌਟ, ਭੱਦੀ, ਭਾਣੇਵਾਲ, ਰਾਜੂ ਮਾਜਰਾ, ਆਦੋਆਣਾ, ਮਨਸੇਵਾਲ, ਕਿਸਾਨਵਾੜਾ) ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਉਪਰੰਤ ਦੱਸਿਆ ਕਿ ਪੰਜਾਬ ਵਿੱਚ 29724 ਕਿਲੋਮੀਟਰ ਲਿੰਕ ਸੜ੍ਹਕਾਂ ਦਾ ਮੁਰੰਮਤ ਕਾਰਜ ਆਰੰਭਿਆ ਗਿਆ ਹੈ ਤਾਂ ਜੋ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਆਵਾਜਾਈ ਲਈ ਵਧੀਆ ਸਹੂਲਤਾਂ ਮਿਲ ਸਕਣ। ਇਨ੍ਹਾਂ ਸੜ੍ਹਕਾਂ ਦੀ ਮੁਰੰਮਤ ’ਤੇ 3578 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੰਘਪੁਰ-ਭੱਦੀ-ਰੱਤੇਵਾਲ-ਕਾਠਗੜ੍ਹ ਸੜ੍ਹਕ 10.40 ਕਰੋੜ ਰੁਪਏ ਦੀ ਲਾਗਤ ਨਾਲ ਰਿਕਾਰਡ 9 ਮਹੀਨੇ ’ਚ ਬਣਾਈ ਜਾਵੇਗੀ ਅਤੇ ਇਸ 19.5 ਕਿਲੋਮੀਟਰ ਸੜ੍ਹਕ ਦੀ ਮੌਜੂਦਾ ਚੌੜਾਈ ਨੂੰ 10 ਫੁੱਟ ਤੋਂ 18 ਫੁੱਟ ਕੀਤਾ ਜਾਵੇਗਾ। ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 452.68 ਕਿਲੋਮੀਟਰ ਸੜ੍ਹਕਾਂ ਦੀ ਮੁਰੰਮਤ ਦਾ ਕੰਮ ਆਰੰਭਿਆ ਗਿਆ ਹੈ, ਜਿਸ ਨੂੰ ਜੂਨ 2019 ਤੱਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਕਾਰਜ ’ਤੇ 41 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚ ਆਵੇਗੀ। ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਦੀਪਕ ਹਿਲੋਰੀ, ਏ ਡੀ ਸੀ (ਡੀ) ਪ੍ਰੀਤ ਇੰਦਰ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੇਮ ਚੰਦ ਭੀਮਾ, ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਜਸਪਾਲ ਸਿੰਘ, ਮਲਕੀਤ ਸਿੰਘ ਧੌਲ ਸਰਪੰਚ, ਹੀਰਾ ਖੇਪੜ ਸਰਪੰਚ, ਬਲਾਕ ਸਮਿਤੀ ਮੈਂਬਰਾਂ ’ਚ ਸੋਨੂ ਭਾਟੀਆ, ਹੇਮੰਤ ਕੁਮਾਰ, ਗੌਰਵ ਚੌਧਰੀ ਤੇ ਰਾਜੂ ਬੂੰਗੜੀ, ਪ੍ਰਦੇਸ਼ ਕਾਂਗਰਸ ਦੇ ਆਗੂ ਮਦਨ ਲਾਲ ਹਕਲਾ, ਹਰਭਜਨ ਸਿੰਘ ਸਰਪੰਚ ਰਾਜੂ ਮਾਜਰਾ ਤੇ ਹਰਚਰਨ ਸਿੰਘ ਸਮੇਤ ਇਲਾਕੇ ਦੇ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।