ਚੰਡੀਗੜ੍ਹ/ ਡਾਵੋਸ (ਸਵਿੱਟਜ਼ਰਲੈਂਡ), 24 ਜਨਵਰੀ ਵਰਲਡ ਇਕਨਾਮਿਕ ਫੋਰਮ ਦੇ ਡਾਵੋਸ ਵਿੱਚ ਚੱਲ ਰਹੇ ਸੰਮੇਲਨ ਵਿੱਚ ਤੀਜੇ ਦਿਨ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਸੂਬੇ ਵਿੱਚ ਨਿਵੇਸ਼ ਲਈ ਆਲਮੀ ਸਨਅਤਾਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਵਣਜ ਤੇ ਉਦਯੋਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਸ਼ਾਮਲ ਹਨ। ਇਸ ਮੌਕੇ ਵਿੱਤ ਮੰਤਰੀ ਨੇ ਵੱਖ-ਵੱਖ ਸੈਸ਼ਨਾਂ ਵਿੱਚ ਕਈ ਆਲਮੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਵਪਾਰਕ ਅਤੇ ਸਨਅਤੀ ਗਤੀਸ਼ੀਲਤਾ ਦੇ ਵਿਸ਼ਿਆਂ ’ਤੇ ਦੋ ਸੈਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ ਵਾਸਤੇ ਸਨਅਤਾਂ ਨੂੰ ਸਹਿਯੋਗ ਦੇਣ ਦਾ ਸੱਦਾ ਦਿੱਤਾ।