ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖ਼ਲ ਦੇਣ ਤੋਂ ਗੁਰੇਜ਼ ਕਰੇ : ਫੈਡਰੇਸ਼ਨ ਗਰੇਵਾਲ

ਜਗਰਾਉਂ, 24 ਜਨਵਰੀ (ਪਰਮਜੀਤ ਸਿੰਘ ਗਰੇਵਾਲ)- ਸਿੱਖਾਂ ਦੇ ਸਤਿਕਾਰਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਸਬੰਧੀ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਆਪਣੀ ਮਨਮਰਜੀ ਦਾ ਪ੍ਰਧਾਨ ਚੁਣਨ ਲਈ ਕਾਨੂੰਨੀ ਫੇਰ ਬਦਲ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ, ਉਸ ਲਈ ਸਿੱਖਾਂ ਅੰਦਰ ਭਾਰੀ ਰੋਸ ਹੈ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਇਸ ਫੈਸਲੇ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਸਿੱਧਾ ਦਖ਼ਲ ਮੰਨਦਿਆਂ ਇਸ ਦਾ ਡਟਵਾਂ ਵਿਰੋਧ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਇੱਥੇ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਇਕ ਮੀਟਿੰਗ ਦੌਰਾਨ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪਿੱਛਲੇ ਦਿਨੀਂ 84 ਦੇ ਕਤਲੇਆਮ ਸਬੰਧੀ ਆਏ ਫੈਸਲਿਆਂ ’ਚ ਕੇਂਦਰ ਦੀ ਭਾਜਪਾ ਸਰਕਾਰ ਦੇ ਯੋਗਦਾਨ ਨੇ ਸਿੱਖਾਂ ਦੇ ਜ਼ਖ਼ਮਾਂ ’ਤੇ ਮਲਮ ਦਾ ਕੰਮ ਭਾਵੇਂ ਜ਼ਰੂਰ ਕੀਤਾ ਹੈ ਪਰ ਅੱਜ ਜਦੋਂ ਸਿੱਖਾਂ ਦੇ ਇਤਿਹਾਸਿਕ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਪ੍ਰਬੰਧਕੀ ਬੋਰਡ ’ਚ 1956 ਦੇ ਐਕਟ ਦੀ ਧਾਰਾ 11 ਨੂੰ ਅਣਦੇਖਿਆ ਕਰਕੇ ਆਪਣਾ ਚਹੇਤਾ ਪ੍ਰਧਾਨ ਲਾਉਣ ਦੀ ਮੁਹਿੰਮ ਨੇ ਸਿੱਖਾਂ ਦੇ ਮਨ੍ਹਾਂ ’ਤੇ ਡੂੰਘਾ ਅਸਰ ਕੀਤਾ ਹੈ, ਜਿਸ ਨਾਲ ਜਿੱਥੇ ਮਹਾਂਰਾਸ਼ਟਰ ਦੇ ਸਿੱਖਾਂ ਨੇ ਆਪਣਾ ਸਖ਼ਤ ਵਿਰੋਧ ਦਰਜ ਕਰਵਾਇਆ ਹੈ, ਉਥੇ ਸਮੁੱਚੇ ਸਿੱਖ ਜਗਤ ਅੰਦਰ ਇਸ ਦੀ ਡਟਵੀਂ ਵਿਰੋਧਤਾ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਤੌਰ ’ਤੇ ਪੱਤਰਚਾਰ ਰਾਹੀਂ ਵਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਸਿੱਖ ਸਟੂਡੈਂਟਸ ਫੈਡਰੇਸ਼ਨ ਕੇਂਦਰ ਦੀ ਭਾਜਪਾ ਸਰਕਾਰ ਨੂੰ ਸੁਚੇਤ ਕਰਦੀ ਹੈ ਕਿ ਉਹ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਸਿੱਖ ਵਿਰੋਧੀ ਫੈਸਲੇ ਨੂੰ ਤੁਰੰਤ ਰੋਕਣ ਦਾ ਹੁਕਮ ਜਾਰੀ ਕਰੇ ਅਤੇ ਪਹਿਲਾ ਵਾਂਗ ਸਿੱਖ ਨੁਮਾਇੰਦਿਆਂ ’ਚੋਂ ਹੀ ਪ੍ਰਧਾਨ ਚੁਣੇ ਜਾਣ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਕਰ, ਸਰਪ੍ਰੀਤ ਸਿੰਘ ਕਾਉਂਕੇ, ਹਰੀ ਸਿੰਘ ਕਾਉਂਕੇ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ ਸਿੱਧਵਾਂ, ਮੈਨੇਜਰ ਸਾਰਜ ਸਿੰਘ, ਸੁੱਖਾ ਸਿੰਘ, ਰਛਪਾਲ ਸਿੰਘ ਤੇ ਦੀਪ ਸਿੰਘ ਡੱਲਾ ਆਦਿ ਹਾਜ਼ਰ ਸਨ।

Send this to a friend