ਅਨਦੁ ਕਰਹੁ ਮਿਲਿ ਸੁੰਦਰ ਨਾਰੀ

ਕਿਸ ਦੇ ਮਨ ਅੰਦਰ ਖੁਸ਼ੀਆਂ ਦੇ ਮਿਠੇ ਝਰਨੇ ਵਗਣ ਨਹੀ ਲਗ ਪੈਣਗੇ ਜਿਸ ਨੂੰ ਬੜੇ ਦੁਲਾਰ ਸਹਿਤ ਆਨੰਦ ਮਾਨਣ ਦਾ ਨਿਘਾ ਸਦਾ ਮਿਲੇ। ਸਰਬ ਸਮਰਥ ਵਾਹਿਗੁਰੂ ਆਪ ਕਿਸੇ ਤੇ ਦਇਆਲੂ ਹੋ ਉਸ ਦੇ ਗੁਣ ਪਰਵਾਨ ਕਰੇ ਤੇ ਉਸ ਦੀ ਝੋਲੀ ਸੁਖਾਂ ਨਾਲ ਭਰ ਦੇਣ ਲਈ ਆਵਾਜ ਮਾਰ ਕੇ ਬੁਲਾਏ ਤਾਂ ਇਸ ਤੋਂ ਵਡਾ ਸੁਭਾਗ ਕੋਈ ਹੋ ਹੀ ਨਹੀਂ ਸਕਦਾ। ਜੀਵਨ ਆਨੰਦ ਦਾ ਸੋਮਾ ਬਣ ਜਾਂਦਾ ਹੈ। ਪਰਮ ਕਿਰਪਾਲੂ ਗੁਰੂ ਅਰਜਨ ਸਾਹਿਬ ਦੀ ਅਮਿਤ ਵਡਿਆਈ ਆਪ ਪਰਗਟ ਹੁੰਦੀ ਹੈ ਜਦੋਂ ਗੁਰੂ ਸਾਹਿਬ ਕਿਸੇ ਇਕ ਜਾਂ ਕੁਝ ਲੋਕਾਂ ਨੂੰ ਨਹੀਂ , ਪੂਰੀ ਲੋਕਾਈ ਲਈ ਆਨੰਦ ਮਾਨਣ ਦੇ ਦੁਆਰ ਖੋਲਦੇ ਨਜਰ ਆਉਂਦੇ ਹਨ। ਗੁਰੂ ਸਾਹਿਬ ਦਾ ਆਨੰਦ ਘਰ ਹਰ ਉਸ ਲਈ ਖੁਲਿਆ ਹੈ ਜੋ ਨਾਰੀ ਹੈ ਤੇ ਸੁੰਦਰ ਹੈ। ਆਨੰਦ ਦੇ ਸਰੋਵਰ ‘ਚ ਇਸਨਾਨ ਕਰਨ ਲਈ ਪਹਿਲੀ ਲੋੜ ਨਾਰੀ ਹੋਣਾ ਹੈ। ਨਾਰੀ ਜਾਂ ਪੁਰਖ ਹੋਣਾ ਅਧਿਆਤਮ ਦੀ ਗਹਿਰੀ ਰਮਜ ਹੈ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ “ ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ “। ਪੁਰਖ ਅੰਦਰ ਨਾਰੀ ਵਸੀ ਹੋਈ ਹੈ ਤੇ ਨਾਰੀ ਅੰਦਰ ਪੁਰਖ ਸਮੋਇਆ ਹੋਇਆ ਹੈ . ਜਿਸ ਨੇ ਇਸ ਭੇਦ ਨੂੰ ਜਾਣ ਲਿਆ ਉਸ ਨੂੰ ਬ੍ਰਹਮ ਗਿਆਨ ਹੋ ਜਾਂਦਾ ਹੈ। ਦੁਨਿਆਵੀ ਦ੍ਰਿਸ਼ਟੀ ਨਾਲ ਕਿਸੇ ਪੁਰਖ ਅੰਦਰ ਨਾਰੀ ਤੇ ਕਿਸੇ ਨਾਰੀ ਅੰਦਰ ਪੁਰਖ ਵੇਖਣਾ ਕੋਈ ਖਿਆਲੀ ਪੁਲਾਉ ਜਿਹਾ ਲਗਦਾ ਹੈ। ਪਰ ਗੁਰਮਤਿ ਦੀ ਸ਼ਰਣ ਗਿਆਂ ਮਨ ਇਸ ਹਕੀਕਤ ਤੋਂ ਸਹਿਜ ਹੀ ਰੂਬਰੂ ਹੋਣ ਲਗਦਾ ਹੈ। ਮਨ ਅੰਦਰ ਪਰਮਾਤਮਾ ਲਈ ਸੁਹਾਗਣ ਇਸਤਰੀ ਦਾ ਭਾਵ ਜਨਮ ਲੈਂਦਾ ਹੈ “ ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ “। ਗੁਰਬਾਣੀ ਦੀ ਰਬੀ ਦ੍ਰਿਸ਼ਟੀ ਹਰ ਜੀਵ ਨੂੰ ਇਸਤਰੀ ਦੇ ਰੂਪ ਵਿਚ ਵੇਖਦੀ ਹੈ ਤੇ ਇਕ ਪਰਮਾਤਮਾ ਨੂੰ ਹੀ ਪੁਰਖ ਮੰਨਦੀ ਹੈ। ਪਰਮਾਤਮਾ ਇਕੋ ਇਕ ਪੁਰਖ ਤੇ ਸਰਬ ਸ੍ਰੇਸ਼ਟ ਪੁਰਖ ਹੈ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਕਰਤਾ ਪੁਰਖ ਕਿਹਾ। ਪਰਮਾਤਮਾ ਦਾ ਪੁਰਖ ਹੋਣਾ ਉਸ ਦੇ ਗੁਣਾਂ , ਵਡਿਆਈ ਤੋਂ ਨਿਤ ਪਰਗਟ ਹੋ ਰਿਹਾ ਹੈ। ਉਹ ਕਰਤਾ ਹੈ , ਨਿਰਭਉ ਹੈ , ਨਿਰਵੈਰ ਹੈ , ਕਾਲ ਤੋਂ ਪਰੇ ਹੈ ਤੇ ਗਿਆਨ ਦਾ ਸੋਮਾ ਹੈ। ਇਹ ਵਡਿਆਈ ਕਿਸੇ ਮਨੁਖ ਅੰਦਰ ਨਹੀਂ ਮਿਲਦੀ ਇਸ ਲਈ ਉਸ ਨੂੰ ਪੁਰਖ ਨਹੀਂ ਕਿਹਾ ਜਾ ਸਕਦਾ। ਪਰਮਾਤਮਾ ਦੀ ਵਡੀ ਵਡਿਆਈ ਉਸ ਦੀ ਸਿਰਜਨਸ਼ੀਲਤਾ। ਉਸ ਨੇ ਸਾਰੀ ਸ੍ਰਿਸ਼ਟੀ ਬਣਾਈ ਤੇ ਉਸ ਦੀ ਸਾਰ ਸੰਭਾਲ ਵੀ ਕਰ ਰਿਹਾ ਹੈ। ਸਿਰਜਨ ਤੇ ਸੰਭਾਲ ਦੇ ਗੁਣ ਦਾ ਅੰਸ਼ ਇਸਤਰੀ ਅੰਦਰ ਵੀ ਹੈ। ਉਹ ਸੰਤਾਨ ਨੂੰ ਜਨਮ ਦਿੰਦੀ ਹੈ ਤੇ ਉਸ ਦਾ ਲਾਲਨ ਪਾਲਨ ਕਰ ਵਡਾ ਕਰਦੀ ਹੈ। ਗੁਰਬਾਣੀ ਇਸਤਰੀ ਦੇ ਇਸ ਬੇਮਿਸਾਲ ਗੁਣ ਦਾ ਭਰਵਾਂ ਸਤਿਕਾਰ ਕਰਦੀ ਹੋਈ ਪਰਮਾਤਮਾ ਦੀ ਸਿਰਜਣ ਸ਼ਕਤੀ ਨੂੰ ਉਸ ਦਾ ਇਸਤਰੀ ਰੂਪ ਵੇਖਦੀ ਹੈ। ਪਰਮਾਤਮਾ ਸਿਰਜਨ ਕਰਦਿਆਂ ਇਸਤਰੀ ਬਣ ਜਾਂਦਾ ਹੈ। ਗੁਰਬਾਣੀ ਜੀਵ ਇਸਤਰੀ ਨੂੰ ਵੀ ਉਦੋਂ ਪੁਰਖ ਬਣਦੀਆਂ ਵੇਖਦੀ ਹੈ ਜਦੋਂ ਉਸ ਅੰਦਰ ਪਰਮਾਤਮਾ ਵਸ ਜਾਂਦਾ ਹੈ। ਪਰਮਾਤਮਾ ਪੁਰਖ ਨੂੰ ਮਨ ਅੰਦਰ ਵਸਾ ਲੈਣਾ ਹੀ ਭਲੀ ਇਸਤਰੀ ਦਾ ਲਖਨ ਹੈ ਜਿਸ ਨੂੰ ਸੁਹਾਗਨ ਵੀ ਕਿਹਾ ਗਿਆ ਹੈ।
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ॥
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ॥
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ॥
( ਪੰਨਾ 90)
ਪਤੀ ਨੂੰ ਰੀਝਾਉਣ ਲਈ ਇਸਤਰੀ ਵਖ – ਵਖ ਜਤਨ ਕਰਦੀ ਹੈ। ਆਪਨੇ ਰੰਗ ਰੂਪ ਦਾ ਸਹਾਰਾ ਲੈਂਦੀ ਹੈ , ਭਾਵਨਾਵਾਂ ਦਾ ਰਾਗ ਛੇੜਦੀ ਹੈ , ਸ਼ਬਦਾਂ ਦੀ ਮਿਠਾਸ ਘੋਲਦੀ ਹੈ। ਪਰ ਪਤੀ ਨਿਰੀਆਂ ਇਨ੍ਹਾਂ ਗਲਾਂ ਨਾਲ ਨਹੀਂ ਰੀਝਦਾ ਕਿਉਂਕਿ ਉਸ ਨੂੰ ਗਿਆਤ ਹੈ ਕਿ ਇਸ ਦੇ ਜਤਨਾਂ ਦਾ ਮਨ ਦੀ ਅਵਸਥਾ ਨਾਲ ਕੋਈ ਮੇਲ ਨਹੀਂ ਹੈ। ਇਸ ਦਾ ਅਸਲ ਵਿਉਹਾਰ ਕੁਝ ਹੋਰ ਹੀ ਹੈ “ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ “। ਇਸਤਰੀ ਦਾ ਧਰਮ ਹੈ ਕਿ ਉਹ ਮਨ ਅੰਦਰ ਪਰਮਾਤਮਾ ਪ੍ਰੀਤਿ ਦੀ ਅਵਸਥਾ ਬਨਾਏ ਤੇ ਪਰਮਾਤਮਾ ਤੇ ਭਰੋਸਾ ਟਿਕਾਏ। ਇਸਤਰੀ ਆਪਨੇ ਪਤੀ ਤੇ ਭਰੋਸਾ ਕਰਦੀ ਹੈ ਤਾਂ ਹੀ ਉਸ ਨੂੰ ਪਤੀ ਦੇ ਗੁਣ ਤੇ ਸਮਰਥਾ ਵਿਖਾਈ ਦੇਣ ਲਗਦੀ ਹੈ। ਪਤੀ ਆਪਨੇ ਤੇ ਭਰੋਸਾ ਕਰਨ ਵਾਲੀ ਇਸਤਰੀ ਨੂੰ ਅੰਗੀਕਾਰ ਕਰ ਲੈਂਦਾ ਹੈ ਤੇ ਉਸ ਤੇ ਆਪਣਾ ਸਾਰਾ ਪਿਆਰ ਨਿਉਛਾਵਰ ਕਰ ਦਿੰਦਾ ਹੈ। ਇਸਤਰੀਆਂ ਅੰਦਰ ਚਰਚਾ ਦਾ ਆਮ ਵਿਸ਼ਾ ਹੁੰਦਾ ਹੈ ਕਿ ਕਿਸੇ ਇਸਤਰੀ ਨੂੰ ਉਸ ਦਾ ਪਤੀ ਕਿੰਨਾ ਪਿਆਰ ਕਰਦਾ ਹੈ। ਅਜਿਹੀ ਇਸਤਰੀ ਤੋਂ ਬਾਕੀ ਇਸਤਰੀਆਂ ਈਰਖਾ ਵੀ ਕਰਦਿਆਂ ਹਨ ਤੇ ਰੀਸ ਕਰਨ ਦਾ ਵੀ ਜਤਨ ਕਰਦਿਆਂ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ “ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ “। ਪਤੀ ਨੇ ਉਸ ਨੂੰ ਸਵੀਕਾਰ ਕੀਤਾ ਹੈ ਜੋ ਤਨੋ ਮਨੋ ਪਤੀ ਨਾਲ ਰਮੀ ਹੋਈ ਹੈ ਤੇ ਸਦਾ ਹੀ ਮਨ ਅੰਦਰ ਉਸ ਦੀ ਆਸ ਕਰ ਰਹੀ ਹੈ। ਪਤੀ ਦੀ ਪ੍ਰੀਤਿ ਪਾਉਣ ਵਾਲੀਆਂ ਇਸਤਰੀਆਂ ਵਡੇ ਭਾਗਾਂ ਵਾਲੀਆਂ ਮੰਨਿਆਂ ਜਾਂਦੀਆਂ ਹਨ ਪਰ ਉਹ ਇਸ ਦਾ ਹੰਕਾਰ ਨਹੀਂ ਕਰਦਿਆਂ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਉਹ ਨਿਮਾਣਿਆਂ ਬਣ ਕੇ ਰਹਿੰਦੀਆਂ ਹਨ “ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਣੀਆਹ “। ਸੰਸਾਰ ਅੰਦਰ ਵੀ ਇਹੋ ਖੇਡ ਵਰਤ ਰਹੀ ਹੈ . ਕੋਈ ਰੰਗ , ਰਸ , ਰੂਪ ਵਿਚ ਫਸਿਆ ਹੋਇਆ ਹੈ , ਕੋਈ ਪਰਿਵਾਰ – ਸੰਤਾਨ , ਕੋਈ ਧਨ ਦੌਲਤ , ਵਪਾਰ ਵਿਚ। ਪਰਮਾਤਮਾ ਦੇ ਭਗਤ ਦਾ ਸਾਰਾ ਧਿਆਨ ਪਰਮਾਤਮਾ ਵਿਚ ਹੁੰਦਾ ਹੈ “ ਸੰਤ ਬਿਹਾਵੈ ਹਰਿ ਨਾਮ ਅਧਾਰਾ “। ਬਹੁਤ ਸਾਰੇ ਲੋਗ ਸੰਸਾਰਕ ਰਸ ਰੰਗ ਦੇ ਗੀਤ ਗਾ ਰਹੇ ਹਨ ਪਰ ਭਗਤ ਸਦਾ ਪਰਮਾਤਮਾ ਦੀ ਮਹਿਮਾ ਹੀ ਗਾਉਂਦਾ ਹੈ “ ਸੰਤ ਬਿਹਾਵੈ ਹਰਿ ਜਸੁ ਗਾਵਤ “। ਜੀਵ ਇਸਤਰੀ ਪਰਮਾਤਮਾ ਨੂੰ ਜੀਵਨ ਦਾ ਆਧਾਰ ਬਣਾ ਲੈਂਦੀ ਹੈ ਤੇ ਸਦਾ ਉਸ ਦੇ ਰੰਗ ਵਿਚ ਰੰਗੀ ਰਹਿੰਦੀ ਹੈ।
ਇਸਤਰੀਆਂ ਅੰਦਰ ਸਹਿਜ ਜਿਗਿਆਸਾ ਬਣੀ ਰਹਿੰਦੀ ਹੈ ਕਿ ਕਿਸੇ ਇਸਤਰੀ ਨੇ ਕਿਵੇਂ ਆਪਣੇ ਪਤੀ ਦਾ ਪ੍ਰੇਮ ਪ੍ਰਾਪਤ ਕਰ ਲਿਆ “ ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ “। ਗੁਰੂ ਨਾਨਕ ਸਾਹਿਬ ਇਸ ਰਹਸ ਨੂੰ ਖੋਲਦਿਆਂ ਵਚਨ ਕਰਦੇ ਹਨ “ ਸਹਜਿ ਸੰਤੋਖਿ ਸੀਗਾਰੀਆ ਮੀਠਾ ਬੋਲਣੀ “। ਪਤੀ ਦਾ ਪ੍ਰੇਮ ਪਾਉਣ ਵਾਲੀ ਇਸਤਰੀ ਸਹਿਜ , ਸੰਜਮ , ਸੰਤੋਖ ਆਦਿਕ ਗੁਣਾਂ ਦਾ ਸਿੰਗਾਰ ਕਰਦੀ ਹੈ। ਉਸ ਦੀ ਰਸਨਾ ਸਦਾ ਹੀ ਸ਼ੁਭ ਵਚਨ ਉਚਾਰਦੀ ਹੈ ਤੇ ਪਤੀ ਦੀ ਉਸਤਤ ਕਰਦੀ ਹੈ। ਪਤੀ ਦਾ ਪ੍ਰੇਮ ਕਦੇ ਵੀ ਝੂਠ , ਫਰੇਬ , ਠਗੀ ਨਾਲ ਨਹੀਂ ਮਿਲਦਾ “ ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ “। ਹੀਰੇ , ਸੋਨੇ , ਚਾਂਦੀ ਦੇ ਜੇਵਰ ਮਨੁਖ ਦੀ ਸ਼ੋਭਾ ਨਹੀਂ ਬਣਾਉਂਦੇ। ਸਚੇ ਗੁਣਾਂ ਦਾ ਸਿੰਗਾਰ ਕਰ ਕੇ ਜਾਈਆਂ ਹੀ ਪਰਮਾਤਮਾ ਦੇ ਦਰ ਤੇ ਥਾਂ ਮਿਲਦੀ ਹੈ। ਜਿਵੇਂ ਸੋਨੇ , ਚਾਂਦੀ ਦੇ ਗਹਣਿਆਂ ਲਈ ਇਸਤਰੀ ਦੇ ਮਨ ‘ਚ ਗਹਿਰਾ ਮੋਹ ਹੁੰਦਾ ਹੈ , ਪਰਮਾਤਮਾ ਦੀ ਨਦਰਿ ਲਈ ਮਨੁਖ ਅੰਦਰ ਇਹੋ ਜਿਹੀ ਰੀਝ ਗੁਣਾਂ ਲਈ ਹੋਵੇ। ਇਸਤਰੀ ਲਈ ਗਹਿਣੇ ਧਾਰਨ ਕਰਨਾ ਜਰੀਆ ਹੈ ਪਤੀ ਦਾ ਪ੍ਰੇਮ ਪ੍ਰਾਪਤ ਕਰਨ ਦਾ। ਮਨੁਖ ਲਈ ਗੁਣ ਧਾਰਨ ਕਰਣਾ , ਗੁਣਾਂ ਨੂੰ ਜੀਵਨ ਢੰਗ ਬਣਾਉਣਾ ਹੈ। ਮਨੁਖ ਇਹ ਆਸ ਨਾ ਕਰੇ ਕਿ ਗੁਣ ਧਾਰਨ ਕਰਨ ਨਾਲ ਪਰਮਾਤਮਾ ਤੇ ਉਸ ਦਾ ਕੋਈ ਦਾਅਵਾ ਬਣ ਜਾਏਗਾ। ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਤੇ ਮਨੁਖ ਨੂੰ ਨਿਹਾਲ ਕਰ ਦਿੰਦਾ ਹੈ “ ਸੁਰਤਿ ਮਤਿ ਨਾਹੀ ਚਤੁਰਾਈ , ਕਰਿ ਕਿਰਪਾ ਪ੍ਰਭ ਲਾਵਹੁ ਪਾਈ “। ਪਤੀ ਪਰਮਾਤਮਾ ਸਿਆਣਪ ਨਹੀਂ ਸਹਿਜਤਾ ਪਰਵਾਨ ਕਰਦਾ ਹੈ “ ਸਹਜਿ ਸੀਗਾਰ ਕਾਮਣਿ ਕਰਿ ਆਵੈ , ਤਾ ਸੋਹਾਗਣਿ ਜਾ ਕੰਤੈ ਭਾਵੈ “। ਜੀਵ ਇਸਤਰੀ ਨੇ ਜੇ ਬਿਨਾ ਸਿਆਣਪ ਵੀ ਗੁਣ ਧਾਰਨ ਕੀਤੇ ਹਨ ਤਾਂ ਵੀ ਉਹ ਉਦੋਂ ਹੀ ਸੁਹਾਗਣ ਬਣਦੀ ਹੈ ਜੇ ਪਤੀ ਪਰਮਾਤਮਾ ਨੂੰ ਭਾ ਜਾਵੇ। ਮਨੁਖ ਸੁਚਜਾ ਜੀਵਨ ਜਿਉਂਦਿਆਂ ਸਦਾ ਪਰਮਾਤਮਾ ਦੀ ਮਿਹਰ ਲਈ ਬੇਨਤੀ ਕਰਦਾ ਰਹੇ “ ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ “। ਮਨੁਖ ਅੰਦਰ ਪਰਮਾਤਮਾ ਦੀ ਪ੍ਰੀਤਿ ਵਧਦੀ ਹੈ ਤਾਂ ਅਹਿਸਾਸ ਜਨਮ ਲੈਂਦਾ ਹੈ ਕਿ ਉਸ ਦੀ ਸ਼ੋਭਾ ਤਾਂ ਮਾਤਰ ਪਰਮਾਤਮਾ ਨਾਲ ਹੈ ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ “। ਮਨ ਪਰਮਾਤਮਾ ਲਈ ਵਿਹਵਲ ਹੋ ਉਠਦਾ ਹੈ ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ “। ਪਰਮਾਤਮਾ ਨਾਲ ਮੇਲ ਦਾ ਜਦੋਂ ਸੰਕਲਪ ਬਣ ਜਾਂਦਾ ਹੈ ਵਿਚ ਦੀ ਦੂਰੀ ਮਿਟ ਜਾਂਦੀ ਹੈ 9
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ॥
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ॥ ( ਪੰਨਾ 594 )
ਉਪਰੋਕਤ ਵਚਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹਨ। ਗੁਰੂ ਸਾਹਿਬ ਨੇ ਕਿਹਾ ਕਿ ਪਰਮਾਤਮਾ ਨਾਲ ਦੂਰੀ ਸਦਾ ਹੀ ਦੁਖਾਂ ਦਾ ਕਾਰਨ ਬਣਦੀ ਹੈ। ਪਰ ਜੋ ਇਸਤਰੀ ਮਨ ਅੰਦਰ ਪਰਮਾਤਮਾ ਲਈ ਦ੍ਰਿੜ੍ਹ ਤੇ ਸਚਾ ਨਿਸ਼ਚਾ ਕਰ ਲੈਂਦੀ ਹੈ ਤਾਂ ਮੇਲ ਹੁੰਦੀਆਂ ਜਰਾ ਵੀ ਦੇਰ ਨਹੀਂ ਲਗਦੀ। ਪਰਮਾਤਮਾ ਤਤਕਾਲ ਹੀ ਉਸ ਜੀਵ ਇਸਤਰੀ ਨੂੰ ਮੇਲ ਦਾ ਸਦਾ ਦਿੰਦਾ ਹੈ “ ਅਨਦੁ ਕਰਹੁ ਮਿਲਿ ਸੁੰਦਰ ਨਾਰੀ “। ਜੀਵ ਇਸਤਰੀ ਦੇ ਭਾਗ ਖੁਲ ਜਾਂਦੇ ਹਨ ਤੇ ਉਹ ਪਰਮਾਤਮਾ ਪਤੀ ਨਾਲ ਸੇਜ ਸੁਖ ਮਾਣਦੀ ਹੈ “ ਮੇਰਾ ਹਰਿ ਪ੍ਰਭ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ , ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ “। ਗੁਰਸਿਖ ਦੀ ਜੀਵਨ ਯਾਤਰਾ ਗੁਣਾਂ ਦਾ ਸਿੰਗਾਰ ਕਰ ਪਰਮਾਤਮਾ ਨੂੰ ਰਿਝਾਉਣ ਤੇ ਉਸ ਨਾਲ ਸੇਜ ਸੁਖ ਮਾਨਣ ਦੀ ਹੈ।

Send this to a friend