ਕੈਪਟਨ ਦੀ ਅਗਵਾਈ ’ਚ ਸਰਕਾਰ ਵੱਲੋਂ ਲੁਧਿਆਣਾ ਸਾਈਕਲ ਵੈਲੀ ਲਈ ਹੀਰੋ ਸਾਈਕਲਜ਼ ਨੂੰ 100 ਏਕੜ ਜ਼ਮੀਨ ਅਲਾਟ

ਪ੍ਰਾਜੈਕਟ ਨਾਲ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ

ਚੰਡੀਗੜ੍ਹ, 18 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਅੱਜ ਪਿੰਡ ਧਨਾਨਸੂ ਵਿਖੇ ਬਣਨ ਵਾਲੀ ਹਾਈਟੈਕ ਸਾਈਕਲ ਵੈਲੀ ਵਿੱਚ ਆਲ੍ਹਾ ਦਰਜੇ ਦਾ ਉਦਯੋਗਿਕ ਪਾਰਕ ਸਥਾਪਤ ਕਰਨ ਲਈ ਹੀਰੋ ਸਾਈਕਲਜ਼ ਲਿਮਟਿਡ ਨੂੰ 100 ਏਕੜ ਜਮੀਨ ਅਲਾਟ ਕਰਨ ਦਾ ਸਮਝੌਤਾ ਕੀਤਾ ਗਿਆ ਜਿਸ ਨਾਲ ਲੁਧਿਆਣਾ ਦੇ ਹਾਈਟੈਕ ਸਾਈਕਲ, ਈ-ਬਾਈਕ, ਈ-ਵਹੀਕਲ ਅਤੇ ਲਾਈਟ ਇੰਜੀਨੀਅਰਿੰਗ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿੱਚ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਐਮ.ਡੀ. ਰਾਹੁਲ ਭੰਡਾਰੀ ਅਤੇ ਹੀਰੋ ਸਾਈਕਲਜ਼ ਲਿਮਟਿਡ ਦੇ ਚੇਅਰਮੈਨ ਪੰਕਜ ਮੁਝਾਲ ਨੇ ਇਸ ਸਬੰਧੀ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਮੌਕੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਉਦਯੋਗ, ਸੀ.ਆਈ.ਆਈ., ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਨਿਵੇਸ਼ਕਾਂ ਦੀਆਂ ਹੋਰ ਨੁਮਾਇੰਦਾ ਐਸੋਸੀਏਸ਼ਨਾਂ ਦੀ ਇਹ ਮੰਗ ਸੀ ਕਿ ਲੁਧਿਆਣੇ ਨੇੜੇ ਆਧੁਨਿਕ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਵਾਲਾ ਇਕ ਨਵਾਂ ਉਦਯੋਗਿਕ ਪਾਰਕ ਸਥਾਪਤ ਕੀਤਾ ਜਾਵੇ। ਇਸ ਸੰਦਰਭ ਵਿੱਚ ਹੀ ਪੰਜਾਬ ਸਰਕਾਰ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਿਲਕੁਲ ਨਜ਼ਦੀਕ ਪਿੰਡ ਧਨਾਨਸੂ ਵਿਖੇ 380 ਏਕੜ ਰਕਬੇ ਵਿੱਚ ਪੀ.ਐਸ.ਆਈ.ਈ.ਸੀ. ਰਾਹੀਂ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਮੁੱਖ ਮੰਤਰੀ ਨੇ ਆਖਿਆ ਕਿ ਇਹ ਪ੍ਰਾਜੈਕਟ ਹੀਰੋ ਸਾਈਕਲ ਲਿਮਟਡ ਅਤੇ ਇਸ ਦੇ ਨਾਲ ਜੁੜੇ ਸਪਲਾਇਰਾਂ/ਸਹਾਇਕ ਉਦਯੋਗਿਕ ਯੂਨਿਟਾਂ ਰਾਹੀਂ 400 ਕਰੋੜ ਰੁਪਏ ਦਾ ਨਿਵੇਸ਼ ਲਿਆਵੇਗਾ ਅਤੇ ਸਿੱਧੇ ਰੁਜ਼ਗਾਰ ਦੇ 1000 ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਦੀ ਸਮਰਥਾ ਸਾਲਾਨਾ 4 ਮਿਲੀਅਨ ਸਾਈਕਲ ਤਿਆਰ ਕਰਨ ਦੀ ਹੋਵੇਗੀ ਅਤੇ ਇਹ ਪ੍ਰਾਜੈਕਟ 36 ਮਹੀਨਿਆਂ ਵਿੱਚ ਅਮਲ ’ਚ ਆਵੇਗਾ।ਉਦਯੋਗ ਤੇ ਵਪਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੀਰੋ ਸਾਈਕਲਜ਼ ਲਿਮਟਡ ਦੀ ਚੋਣ ਉਦੇਸ਼, ਮੁਕਾਬਲਾ ਅਤੇ ਤਕਨੀਕੀ ਬੋਲੀ ਪ੍ਰਕ੍ਰਿਆ ਰਾਹੀਂ ‘ਪ੍ਰਾਜਕੈਟ ਕੰਪਨੀ’ ਵਜੋਂ ਕੀਤੀ ਗਈ ਹੈ ਜਿਸ ਤਹਿਤ ਸਾਈਕਲ, ਈ-ਬਾਈਕ ਵਰਗੇ ਵਹੀਕਲਾਂ ਨੂੰ ਬਣਾਉਣ ਲਈ ਐਂਕਰ ਯੂਨਿਟ ਸਥਾਪਤ ਕਰਨ ਦੇ ਨਾਲ-ਨਾਲ ਹਾਈਟੈਕ ਵੈਲੀ ਵਿੱਚ ਸਹਾਇਕ ਸਨਅਤੀ ਯੂਨਿਟਾਂ ਸਮੇਤ ਉਦਯੋਗਿਕ ਪਾਰਕ ਨੂੰ ਵਿਕਸਤ ਕੀਤਾ ਜਾਵੇਗਾ। ਅਲਾਟ ਕੀਤੀ ਜ਼ਮੀਨ ਵਿੱਚ ਸਮੁੱਚੇ ਉਦਯੋਗਿਕ ਪਾਰਕ ਦਾ ਵਿਕਾਸ ਕਰਨ ਦੀ ਜ਼ਿੰਮੇਵਾਰੀ ਹੀਰੋ ਸਾਈਕਲਜ਼ ਲਿਮਟਡ ਦੀ ਹੋਵੇਗੀ। ਇਸ ਪ੍ਰਸਤਾਵਿਤ ਪ੍ਰਾਜੈਕਟ ਤਹਿਤ ਹੀਰੋ ਸਾਈਕਲਜ਼ ਲਿਮਟਡ ਵੱਲੋਂ 50 ਏਕੜ ਰਕਬੇ ਨੂੰ ਆਪਣੇ ਐਂਕਰ ਯੂਨਿਟ ਵਜੋਂ ਵਿਕਸਤ ਕੀਤਾ ਜਾਵੇਗਾ ਜਦਕਿ ਬਾਕੀ 50 ਏਕੜ ਰਕਬੇ ਲਈ ਕੌਮੀ ਅਤੇ ਕੌਮਾਂਤਰੀ ਮੈਨੂਫੈਕਚਰਿੰਗ ਕੰਪਨੀਆਂ ਨੂੰ ਸਹਾਇਕ ਯੂਨਿਟ ਲਾਉਣ ਦਾ ਸੱਦਾ ਦਿੱਤਾ ਜਾਵੇਗਾ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਹੀਰੋ ਸਾਈਕਲਜ਼ ਲਿਮਟਡ ਦੇ ਚੇਅਰਮੈਨ ਪੰਕਜ ਮੁੰਜਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ ਲਈ ਉਹ ਨਿੱਜੀ ਤੌਰ ’ਤੇ ਸੂਬਾ ਸਰਕਾਰ ਦੇ ਰਿਣੀ ਹਨ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਲੁਧਿਆਣਾ ਵਿਖੇ ਹਾਈਟੈਕ ਸਾਈਕਲ ਵੈਲੀ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਨਮੂਨੇ ਤੌਰ ’ਤੇ ਉਭਰੇਗੀ ਜੋ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗੀ।

Send this to a friend