ਮਾਨਸਾ, 5 ਅਪ੍ਰੈਲ (ਸੁਰਿੰਦਰ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਮਾਨ ਤੇ ਬਰਨਾਲਾ ਦਲ ਖੜ੍ਹੇ ਕੀਤੇ ਅਤੇ ਫਿਰ ਮਨਪ੍ਰੀਤ ਨੂੰ ਸਾਡੇ ਨਾਲੋਂ ਵੱਖ ਕਰ ਕੇ ਪੀਪਲਜ਼ ਪਾਰਟੀ ਦੀ ਸਥਾਪਨਾ ਕਰਵਾਈ। ਉਨ੍ਹਾਂ ਕਿਹਾ ਕਿ ਕਾਂਗਰਸ ਅਕਾਲੀ ਦਲ ਦਾ ਕੁਝ ਨਹੀਂ ਵਿਗਾੜ ਸਕੀ ਨਾ ਹੀ ਵਿਗਾੜੇਗੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਝਾਂਸੇ ਵਿਚ ਆ ਗਿਆ ਹੈ ਅਤੇ ਸੋਨੀਆ ਗਾਂਧੀ ਦੇ ਚਰਨੀਂ ਲੱਗ ਕੇ ਉਸ ਨੇ ਹੁਣ ਪੰਜੇ ਦੇ ਨਿਸ਼ਾਨ ’ਤੇ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਜੋ ਵੀ ਹੱਥ ਮਿਲਾ ਲੈਂਦਾ ਹੈ ਉਸ ਦਾ ਹਸ਼ਰ ਮਾੜਾ ਹੀ ਹੁੰਦਾ ਹੈ, ਇਸ ਲਈ
ਮਨਪ੍ਰੀਤ ਦਾ ਹਸ਼ਰ ਵੀ ਮਾੜਾ ਹੋਵੇਗਾ। ਪਿੰਡ ਰਾਏਪੁਰ, ਝੁਨੀਰ, ਫੱਤਾ ਮਾਲੋਕਾ, ਝੰਡੂਕੇ, ਸਰਦੂਲਗੜ• ਆਦਿ ਵਿਖੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿਚ ਹਮਖ਼ਿਆਲ ਪਾਰਟੀ ਭਾਜਪਾ ਜਿਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਹਨ, ਦੀ ਅਗਵਾਈ ਵਿਚ ਸਰਕਾਰ ਬਣਾਉਣ ਲਈ ਆਪਣੀਆਂ ਕੀਮਤੀ ਵੋਟਾਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਉਣ। ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਯੂ. ਪੀ. ਏ.-2 ਖ਼ਿਲਾਫ਼ ਸਤਾ ਵਿਰੋਧੀ ਲਹਿਰ ਚੱਲ ਰਹੀ ਹੈ ਅਤੇ ਕੇਂਦਰ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਬਣਨਾ ਤੈਅ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ, ਹਲਕਾ ਸਰਦੂਲਗੜ• ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਂਵਾਲੀ, ਹਰਪ੍ਰੀਤ ਕੌਰ ਝੁਨੀਰ, ਗੁਰਸੇਵਕ ਸਿੰਘ ਝੁਨੀਰ, ਨੌਹਰ ਚੰਦ ਤਾਇਲ, ਤਰਸੇਮ ਚੰਦ ਭੋਲੀ ਆਦਿ ਹਾਜ਼ਰ ਸਨ।