ਪਿੰਡ ਤੋਲਾਵਾਲ ਦੇ ਨੌਜਵਾਨ ਕਿਸਾਨ ਨੇ ਕਰਜ਼ੇ ਦੀ ਮਾਰ ਕਾਰਨ ਲਿਆ ਫਾਹਾ

ਚੀਮਾ ਮੰਡੀ, 9 ਜਨਵਰੀ (ਚਹਿਲ)-ਨਜਦੀਕੀ ਪਿੰਡ ਤੋਲਾਵਾਲ ਵਿਖੇ 27 ਸਾਲਾ ਨੌਜਵਾਨ ਕਿਸਾਨ ਨੇ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਆਪਣਾ ਜੀਵਨ ਪੰਧ ਖਤਮ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਸੁਨਾਮ ਊਧਮ ਸਿੰਘ ਵਾਲਾ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਿਸਾਨ ਅਮਨਦੀਪ ਸਿੰਘ ਪੁੱਤਰ ਸਵ: ਗੁਰਦਿਆਲ ਸਿੰਘ ਵਾਸੀ ਤੋਲਾਵਾਲ ਹੋਰੀਂ ਦੋ ਭਰਾ ਹਨ,ਜਿਨ੍ਹਾਂ ਕੋਲ ਸਿਰਫ ਡੇਢ ਏਕੜ ਵਾਹੀਯੋਗ ਜ਼ਮੀਨ ਹੈ ਤੇ ਮ੍ਰਿਤਕ ਅਜੇ ਕੁਆਰਾ ਸੀ ਪਰ ਉਹ ਆਪਣੀ ਬਿਰਧ ਮਾਤਾ ਨਾਲ ਭਰਾ ਨਾਲੋਂ ਅਲੱਗ ਰਹਿੰਦਾ ਸੀ।ਆਰਥਿਕਤਾ ਦੇ ਝੰਬੇ ਹੋਏ ਇਸ ਪਰਿਵਾਰ ਸਿਰ ਤਕਰੀਬਨ ਚਾਰ ਲੱਖ ਰੁਪਏ ਦਾ ਕਰਜ਼ਾ ਸੀ,ਜਿਸ ਨੂੰ ਇਹ ਪਰਿਵਾਰ ਮੋੜਨਯੋਗ ਨਹੀਂ ਸੀ।ਦੁਪਹਿਰ ਸਮੇਂ ਜਦੋਂ ਉਸ ਦੀ ਮਾਤਾ ਘਰ ਨਹੀਂ ਸੀ ਤਾਂ ਉਸ ਨੇ ਘਰ ਵਿਖੇ ਹੀ ਛੱਤ ਦੇ ਗਾਡਰ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ।ਥਾਣਾ ਚੀਮਾ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਮਾਤਾ ਗੁਰਮੇਲ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪੀ ਜਾਵੇਗੀ।

Send this to a friend