ਮਾਨਸਾ, 8 ਜਨਵਰੀ (ਜਗਦੀਸ਼ ਬਾਂਸਲ)- ਮਾਨਸਾ ਪੁਲਿਸ ਨੇ ਤਲਵੰਡੀ ਸਾਬੋ ਰੋਡ ਤੇ ਬਹਿਣੀਵਾਲ ਨੇੜੇ ਨਾਕਾਬੰਦੀ ਦੌਰਾਨ ਸਿਰਸਾ ਨਿਵਾਸੀ ਇਕ ਵਿਅਕਤੀ ਕੋਲੋਂ 2.99 ਕਰੋੜ ਰੁਪਏ ਬਰਾਮਦ ਕੀਤੇ ਹਨ ਜਿਸ ਸਬੰਧੀ ਉਕਤ ਵਿਅਕਤੀ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕਿਆ। ਐਸ.ਐਸ.ਪੀ. ਸ੍ਰ. ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਦਸਿਆ ਕਿ ਇਹ ਪੈਸਾ ਇਕ ਕਾਰ ਵਿਚੋਂ ਬਰਾਮਦ ਹੋਇਆ ਹੈ ਜਿਸ ਨੂੰ ਨਿਰਮਲ ਸਿੰਘ ਨਾਮਕ ਵਿਅਕਤੀ ਵਾਸੀ ਸਰਸਾ ਚਲਾ ਰਿਹਾ ਸੀ ਜੋ ਕਿ ਆਪਣੀ ਪਤਨੀ ਨਾਲ ਸੀ।ਉਨ੍ਹਾਂ ਕਿਹਾ ਕਿ ਪੁਲਿਸ ਦੀ ਟੀਮ ਦੁਆਰਾ ਨਾਕਾਬੰਦੀ ਦੌਰਾਨ ਕਾਰ ਨੂੰ ਰੋਕਿਆ ਗਿਆ।ਸ੍ਰ. ਮਨਧੀਰ ਸਿੰਘ ਨੇ ਦਸਿਆ ਕਿ ਇਸ ਸਬੰਧ ਵਿਚ ਸੀ.ਆਰ.ਪੀ.ਸੀ. ਦੀ ਧਾਰਾ 102 ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।ਉਨ੍ਹਾਂ ਦਸਿਆ ਕਿ ਇਹ ਪੈਸਾ ਜੋ ਕਿ ਹਰਿਆਣਾ ਦੇ ਰਜਿਸਟਰੇਸ਼ਨ ਨੰਬਰ ਵਾਲੀ ਟੋਇਟਾ ਈਟਿਅਸ ਕਾਰ ਵਿਚ ਦੋ ਅਲਗ ਅਲਗ ਬੈਗਾਂ ਵਿਚ ਪਾ ਕੇ ਅਗੇ ਅਤੇ ਪਿਛੇ ਰਖਿਆ ਹੋਇਆ ਸੀ ਬਾਬਤ ਦੋਨੋ ਪਤੀ ਪਤਨੀ ਕੋਈ ਵੀ ਜਾਣਕਾਰੀ ਦੇਣ ਵਿਚ ਅਸਮਰਥ ਰਹੇ।ਐਸ.ਐਸ.ਪੀ. ਨੇ ਅਗੇ ਕਿਹਾ ਕਿ ਜੋੜੇ ਨੇ ਦਾਅਵਾ ਕੀਤਾ ਹੈ ਕਿ ਉਹ ਮਾਨਸਾ ਦੇ ਪਿੰਡ ਦਲੀਏਵਾਲੀ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਜਾ ਰਹੇ ਹਨ ਅਤੇ ਇਹ ਪੈਸਾ ਇਕ ਠੇਕੇਦਾਰ ਦਾ ਹੈ।ਉਨ੍ਹਾਂ ਦਸਿਆ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਇਸ ਪੈਸੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ।