ਅੰਮ੍ਰਿਤਸਰ, 2 ਅਪ੍ਰੈਲ (ਪਰਦੀਪ ਸ਼ਰਮਾ)-ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹੇਆਮ ਝੂਠ ਬੋਲਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਝੂਠ ਬੋਲਣ ’ਚ ਮਹਾਰਤ ਹਾਸਲ ਹੈ। ਅਜਿਹੇ ’ਚ ਬਾਦਲ ਨੂੰ ਸਾਫ-ਪਾਕਿ ਸਾਬਤ ਕਰਨ ਤੇ ਵਿਸ਼ਵਾਸ ਬਚਾਉਣ ਲਈ ਉਨ੍ਹਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਜਨਮਤ ਸੰਗ੍ਰਹਿ ਕਰਵਾਉਣ ਦੀ ਵੀ ਚੁਣੌਤੀ ਦਿੱਤੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਲੋਕ ਕਿਸ ਨੂੰ ਝੂਠਾ ਸਮਝਦੇ ਹਨ।ਆਪਣੀ ਫੇਸਬੁੱਕ ਪੋਸਟ ਤੇ ਬਾਅਦ ’ਚ ਵਿਆਪਕ ਬਿਆਨ ’ਚ ਕੈਪਟਨ ਅਮਰਿੰਦਰ ਨੇ ਬਾਦਲ ਦੇ ਦਾਅਵਿਆਂ ’ਤੇ ਸਖ਼ਤ
ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ ਕਿ ਵਹਾਈਟ ਪੇਪਰ ਭਾਰਤ ਸਰਕਾਰ ਵੱਲੋਂ ਲਿੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਬਾਦਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰੀ ਵਹਾਈਟ ਪੇਪਰ ਸੱਚਾਈ ਤੇ ਤੱਥਾਂ ’ਤੇ ਅਧਾਰਿਤ ਪਵਿੱਤਰ ਦਸਤਾਵੇਜ਼ ਹੁੰਦੇ ਹਨ। ਜਿਹੜੇ ਵਹਾਈਟ ਪੇਪਰ ਨੂੰ ਗਲਤ ਤੇ ਅਧਾਰਹੀਣ ਦੱਸ ਕੇ ਬੱਚ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜੀਵ-ਲੋਂਗੋਵਾਲ ਸਮਝੌਤੇ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਬਾਦਲ ਪੱਕੇ ਝੂਠੇ ਦੀ ਤਰ੍ਹਾਂ ਵਰਤਾਅ ਕਰ ਰਹੇ ਹਨ ਜਾਂ ਫਿਰ ਉਹ ਸਚਮੁੱਚ ਬੁੱਢੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਇਹ ਨਹੀਂ ਯਾਦ ਰਿਹਾ ਕਿ ਜਦੋਂ ਇਸ ਸਮਝੌਤੇ ’ਤੇ ਦਸਤਖਤ ਕੀਤੇ ਗਏ ਉਹ ਕਾਂਗਰਸ ’ਚ ਨਹੀਂ ਸਨ ਤੇ ਉਨ੍ਹਾਂ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ। ਉਨ੍ਹਾਂ ਨੇ ਆਪ੍ਰੇਸ਼ਨ ਬਲਿਬੂ ਸਟਾਰ ਤੋਂ ਤੁਰੰਤ ਬਾਅਦ ਜੂਨ 1984 ’ਚ ਪਾਰਲੀਮੈਂਟ ਤੇ ਕਾਂਗਰਸ ਪਾਰਟੀ ’ਚੋਂ ਅਸਤੀਫਾ ਦੇ ਦਿੱਤਾ ਸੀ, ਜਦਕਿ ਇਹ ਸਮਝੌਤਾ ਇੱਕ ਸਾਲ ਬਾਅਦ ਦਸਤਖਤ ਕੀਤਾ ਗਿਆ ਸੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਰਾਜੀਵ-ਲੋਂਗੋਵਾਲ ਸਮਝੌਤੇ ਦੇ ਰਚਨਾਕਾਰ ਉਸ ਵੇਲੇ ਪੰਜਾਬ ਦੇ ਰਾਜਪਾਲ ਅਰਜਨ ਸਿੰਘ ਸਨ, ਜਦਕਿ ਉਹ ਖੁਦ ਕਾਂਗਰਸ ’ਚ ਸ਼ਾਮਿਲ ਨਹੀਂ ਸਨ। ਹਾਲਾਂਕਿ ਉਹ ਪਹਿਲੇ ਵਿਅਕਤੀ ਸਨ, ਜਿਸਨੇ ਇਸ ਸਮਝੌਤੇ ਦਾ ਸਵਾਗਤ ਕੀਤਾ ਸੀ, ਕਿਉਂਕਿ ਪੰਜਾਬ ’ਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ’ਚ ਇਹ ਪਹਿਲਾ ਕਦਮ ਸੀ। ਜਦਕਿ ਬਾਦਲ ਨੇ ਇਸਦਾ ਵਿਰੋਧ ਕੀਤਾ ਸੀ ਅਤੇ ਇਸਦੀ ਰਾਹ ’ਚ ਰੌੜੇ ਅਟਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਥੋਂ ਤੱਕ ਕਿ ਬਾਦਲ ਨੇ ਆਪਣੇ ਲੀਡਰ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਵੀ ਧੋਖਾ ਦਿੱਤਾ।
ਬਾਦਲ ਦੇ ਦੋਸ਼ਾਂ ਕਿ ਉਹ ਰਾਅ ਅਫਸਰ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਤੇ ਇਸ ਲਈ ਕਾਰ ’ਚੋਂ ਉਤਰ ਗਏ ਸਨ, ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਨੇ ਬਕੌਲ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ’ਚ ਖੁੱਲ੍ਹੇਆਮ ਕਿਹਾ ਸੀ ਕਿ ਉਹ (ਬਾਦਲ) ਕਾਰ ’ਚੋਂ ਉਤਰ ਗਏ ਸਨ, ਜਦੋਂ ਉਹ ਰੱਖਿਆ ਮੰਤਰੀ ਆਰ. ਵੇਂਕਟਰਮਨ ਨੂੰ ਮਿਲਣ ਜਾ ਰਹੇ ਸਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਹ ਸੱਭ ਕੁਝ ਪਹਿਲਾਂ ਵੀ ਕਹਿ ਚੁੱਕੇ ਹਨ ਅਤੇ ਇਕ ਵਾਰ ਫਿਰ ਤੋਂ ਕਹਿ ਰਹੇ ਹਨ ਕਿ ਤੁਸੀਂ ਕਿਸੇ ਵਿਚਾਰਧਾਰਾ ਜਾਂ ਵਚਨਬੱਧਤਾ ਦੇ ਚਲਦਿਆਂ ਕਾਰ ’ਚੋਂ ਨਹੀਂ ਉਤਰੇ ਸੀ, ਬਲਕਿ ਤੁਹਾਨੂੰ ਡਰ ਸੀ ਕਿ ਕਿਥੇ ਲੋਕ ਤੁਹਾਨੂੰ ਇਥੇ ਨਾ ਦੇਖ ਲੈਣ। ਇਸ ਦੌਰਾਨ ਕਾਰ ’ਚ ਦੋ ਹੋਰ ਵਿਅਕਤੀ ਗੁਰਚਰਨ ਸਿੰਘ ਟੋਹੜਾ ਤੇ ਸੁਰਜੀਤ ਸਿੰਘ ਬਰਨਾਲਾ ਸਨ, ਜਿਹੜੇ ਇਸ ਗੱਲ ਦੇ ਗਵਾਹ ਹਨ।