ਬਰਨਾਲਾ, 1 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਤਿੰਨ ਸਾਲਾ ਬੱਚੇ ਨੂੰ ਲੱਭ ਕੇ ਉਸਦੇ ਵਾਰਸਾਂ ਨੂੰ ਸਪੁਰਦ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਬਰਨਾਲਾ ਸ. ਹਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ. ਉਪਿੰਦਰਜੀਤ ਸਿੰਘ ਘੁੰਮਣ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਨੇ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪਿਛਲੇ ਦਿਨੀਂ ਬਰਨਾਲਾ ਸ਼ਹਿਰ ’ਚੋਂ ਲਾਪਤਾ ਹੋਏ ਇੱਕ ਬੱਚੇ ਦੀ ਬਰੇਲੀ (ਯੂ.ਪੀ.) ਤੋਂ ਭਾਲ ਕਰਕੇ ਉਸਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ ਹੈ।
ਡੀ.ਐਸ.ਪੀ. ਨੇ ਦੱਸਿਆ ਕਿ ਸਥਾਨਕ ਧਨੌਲਾ ਰੋਡ ਸਥਿਤ ਆਸਥਾ ਕਲੋਨੀ ਵਿਖੇ ਰਹਿਣ ਵਾਲੇ ਸ਼ੰਕਰ ਪੁੱਤਰ ਭਗੀਰਥ ਨੇ ਮਿਤੀ 29 ਮਾਰਚ ਨੂੰ ਥਾਣਾ ਸਿਟੀ ਵਿਖੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਤਿੰਨ ਸਾਲਾ ਲੜਕੇ ਨਿਖਿਲ ਨੂੰ ਉਸਦੇ ਗੁਆਂਢ ’ਚ ਰਹਿੰਦੇ ਇਸ਼ਾਕ ਖਾਨ ਨਾਂ ਦੇ ਵਿਅਕਤੀ ਨੇ ਅਗਵਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ਼ਾਕ ਖਾਨ ਲੱਲੂ ਪੁੱਤਰ ਇਸ਼ਰਾਕ ਅਲੀ ਵਾਲੀ ਬੇਨੜਾ ਦਰਵਾਜਾ ਧੂਰੀ, ਪਿਛਲੇ ਕਰੀਬ 6 ਕੁ ਮਹੀਨਿਆਂ ਤੋਂ ਇਨ੍ਹਾਂ ਦੇ ਨੇੜੇ ਹੀ ਰਹਿੰਦਾ ਸੀ ਤੇ ਮੁੰਗਫਲੀ ਆਦਿਕ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੰ੍ਰਤੂ 29 ਮਾਰਚ ਨੂੰ ਜਦੋਂ ਸ਼ੰਕਰ ਆਪਣੇ ਘਰ ਆਇਆ ਤਾਂ ਉਸਦਾ ਬੱਚਾ ਘਰ ਨਹੀਂ ਸੀ ਅਤੇ ਇਸ ਵੱਲੋਂ ਪਤਾ ਕਰਨ ’ਤੇ ਇਹ ਸਾਹਮਣੇ ਆਇਆ ਕਿ ਇਸ਼ਾਕ ਖਾਨ ਉਸਦੇ ਲੜਕੇ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਜਾ ਚੁੱਕਾ ਸੀ। ਸ. ਹਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਥਾਣਾ ਸਿਟੀ ਬਰਨਾਲਾ ਵਿਖੇ ਮੁਕਦਮਾ ਨੰਬਰ 74 ਮਿਤੀ 29 ਮਾਰਚ 2014 ਅਧੀਨ ਧਾਰਾ 363 ਆਈ.ਪੀ.ਸੀ. ਤਹਿਤ ਦਰਜ ਕਰ ਲਿਆ ਸੀ ਅਤੇ ਇਸ ਦੀ ਪੜਤਾਲ ਇੰਡਸਟ੍ਰੀਅਲ ਏਰੀਆ ਦੇ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਇਸ ਦੀ ਪੜਤਾਲ ਕਰਨ ’ਤੇ ਪੁਲਿਸ ਪਾਰਟੀ ਨੇ ਯੂ.ਪੀ. ਸਥਿਤ ਬਰੇਲੀ ਤੋਂ ਨਿਖਿਲ ਨੂੰ ਬਰਾਮਦ ਕਰ ਲਿਆ ਪ੍ਰੰਤੂ ਇਸ਼ਾਕ ਖਾਨ ਮੌਕੇ ਤੋਂ ਭੱਜਣ ’ਚ ਸਫ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਉਸਦੇ ਵਾਰਸ ਸ਼ੰਕਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।