ਅਦਾਕਾਰੀ ਨੂੰ ਸਮਰਪਤ : ਬੀਬਾ ਕਰਮਜੀਤ ਕੌਰ

ਅਦਾਕਾਰੀ ਕੁਦਰਤ ਦੀ ਦੇਣ ਹੁੰਦੀ ਹੈ। ਇਸਨੂੰ ਤਰਾਸ਼ਣ ਲਈ ਲਗਨ, ਦ੍ਰਿੜ੍ਹਤਾ ਅਤੇ ਪ੍ਰੈਕਟਿਸ ਜ਼ਰੂਰੀ ਹੁੰਦੀ ਹੈ। ਜੇਕਰ ਇਨਸਾਨ ਵਿਚ ਅਦਾਕਾਰੀ ਪ੍ਰਤੀ ਝੁਕਾਆ ਅਤੇ ਲਗਨ ਹੋਵੇ ਤਾਂ ਇਸਦੀ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਕਈ ਕਲਾਕਾਰਾਂ ਨੂੰ ਸਿੱਖਿਆ ਲੈਣ ਦਾ ਮੌਕਾ ਨਹੀਂ ਮਿਲਦਾ ਪ੍ਰੰਤੂ ਉਨ੍ਹਾਂ ਦੀ ਪ੍ਰਤਿਭਾ ਹੀ ਉਨ੍ਹਾਂ ਨੂੰ ਇਜ਼ਤ ਮਾਣ ਦਿਵਾ ਦਿੰਦੀ ਹੈ। ਅਜਿਹੀ ਹੀ ਇੱਕ ਸਾਧਾਰਣ ਦਿਹਾਤੀ ਪਰਿਵਾਰ ਵਿਚ ਜਨਮੀ ਕਲਾਕਾਰ ਕਰਮਜੀਤ ਕੌਰ ਹੈ, ਜਿਸਨੇ ਕਦੀਂ ਸੁਪਨੇ ਵਿਚ ਵੀ ਸੋਚਿਆ ਨਹੀਂ ਸੀ ਕਿ ਉਹ ਇਤਨੀਆਂ ਵੱਡੀਆਂ ਪੁਲਾਂਘਾਂ ਪੁਟੇਗੀ, ਜਿਹੜੀਆਂ ਉਸਨੂੰ ਅਦਾਕਾਰੀ ਦੀਆਂ ਸਿਖਰਾਂ ਤੇ ਪਹੁੰਚਾ ਦੇਣਗੀਆਂ, ਕਿਉਂਕਿ ਉਸਨੂੰ ਤਾਂ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਦਾ ਮੌਕਾ ਮਿਲਣ ਦੀ ਸੰਭਾਵਨਾ ਹੀ ਨਹੀਂ ਦਿਸਦੀ ਸੀ। ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਗਿਦੜਵਾਹੇ ਦੇ ਪਛੜੇ ਇਲਾਕੇ ਵਿਚ ਜਦੋਂ ਲੜਕੀਆਂ ਨੂੰ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲਣ ਦੀ ਇਜ਼ਾਜਤ ਨਹੀਂ ਹੁੰਦੀ ਸੀ, ਉਨ੍ਹਾਂ ਦਿਨਾਂ ਵਿਚ ਕਰਮਜੀਤ ਕੌਰ ਦੇ ਮਨ ਵਿਚ ਅਦਾਕਾਰੀ ਦਾ ਜਨੂੰਨ ਪਨਪਦਾ ਰਿਹਾ ਪ੍ਰੰਤੂ ਦਿਹਾਤੀ ਇਲਾਕੇ ਵਿਚ ਲੜਕੀਆਂ ਨੂੰ ਅਦਾਕਾਰੀ ਵਰਗੇ ਗੁਣ ਨੂੰ ਵਿਕਸਤ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਸੀ। ਉਸਨੂੰ ਤਾਂ ਉਚ ਪੜ੍ਹਾਈ ਕਰਨ ਦਾ ਮੌਕਾ ਵੀ ਪ੍ਰਾਪਤ ਨਹੀਂ ਹੋ ਸਕਿਆ, ਇਸ ਕਰਕੇ ਉਸਨੂੰ ਮਹਿਸੂਸ ਹੁੰਦਾ ਸੀ ਕਿ ਉਸਦੀ ਅਦਾਕਾਰ ਬਣਨ ਦੀ ਇੱਛਾ ਪੂਰੀ ਨਹੀਂ ਹੋ ਸਕੇਗੀ। ਮਾਪਿਆਂ ਵੱਲੋਂ ਅਨੇਕਾਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਸਨ, ਸਟੇਜ ਤੇ ਜਾ ਕੇ ਅਦਾਕਾਰੀ ਕਰਨੀ ਤਾਂ ਸੁਪਨੇ ਦੀ ਤਰ੍ਹਾਂ ਹੁੰਦੀ ਸੀ। ਵਿਆਹਾਂ ਸ਼ਾਦੀਆਂ ਵਿਚ ਵੀ ਡਰ ਡਰ ਕੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਸਨ। ਇਸ ਕਰਕੇ ਉਸਦੀ ਅਦਾਕਾਰੀ ਨੂੰ ਪ੍ਰਫੁਲਤ ਹੋਣ ਦਾ ਮੌਕਾ ਉਸਦੇ ਵਿਆਹ ਤੋਂ ਬਾਅਦ ਪਟਿਆਲੇ ਆ ਕੇ ਉਸਦੇ ਜੀਵਨ ਸਾਥੀ ਰਾਮ ਸਿੰਘ ਦੇ ਸਹਿਯੋਗ ਅਤੇ ਅਗਵਾਈ ਕਰਕੇ ਹੀ ਸੰਭਵ ਹੋ ਸਕਿਆ ਕਿਉਂਕਿ ਰਾਮ ਸਿੰਘ ਆਪ ਥੇਟਰ ਨਾਲ ਲਗਾਓ ਰੱਖਦਾ ਸੀ, ਉਹ ਨਾਟਕਾਂ ਵਿਚ ਹਿੱਸਾ ਲੈਂਦਾ ਰਹਿੰਦਾ ਸੀ ਅਤੇ ਪਟਿਆਲਾ ਵਰਗੇ ਸਾਹਿਤਕ ਅਤੇ ਸਭਿਆਚਾਰਕ ਤੌਰ ਤੇ ਵਿਕਸਤ ਸ਼ਹਿਰ ਵਿਚ ਰਹਿੰਦਾ ਸੀ। ਕਰਮਜੀਤ ਕੌਰ ਆਪਣੇ ਪਤੀ ਦੀਆਂ ਥੇਟਰ ਸਰਗਰਮੀਆਂ ਨੂੰ ਵੇਖਣ ਲਈ ਉਨ੍ਹਾਂ ਦੇ ਨਾਲ ਜਾਇਆ ਕਰਦੀ ਸੀ। ਉਸਦਾ ਦਰਸ਼ਕਾਂ ਵਿਚ ਬੈਠੀ ਦਾ ਕਲਾਕਾਰ ਮਨ ਨਾਟਕ ਵਿਚ ਹਿੱਸਾ ਲੈਣ ਲਈ ਤਰਲੋਮੱਛੀ ਹੁੰਦਾ ਰਹਿੰਦਾ ਅਤੇ ਉਸਲਵੱਟੇ ਲੈਂਦਾ ਸੀ। ਜਦੋਂ ਉਹ ਦਰਸ਼ਕਾਂ ਵਿਚ ਬੈਠੀ ਨਾਟਕ ਵੇਖਦੀ ਹੁੰਦੀ ਸੀ ਤਾਂ ਨਾਟਕ ਦਾ ਹਰ ਸੀਨ ਉਸਨੂੰ ਆਪਣੀ ਅਦਾਕਾਰੀ ਦੀ ਯੋਗਤਾ ਵਿਖਾਉਣ ਲਈ ਉਕਸਾਉਂਦਾ ਰਹਿੰਦਾ ਸੀ। ਜੇਕਰ ਕੋਈ ਕਲਾਕਾਰ ਆਪਣੇ ਰੋਲ ਨਾਲ ਇਨਸਾਫ ਨਾ ਕਰ ਸਕਦਾ ਤਾਂ ਕਰਮਜੀਤ ਕੌਰ ਦਾ ਕਲਾਕਾਰ ਮਨ ਕਚੀਚੀਆਂ ਵੱਟਣ ਲੱਗ ਜਾਂਦਾ ਪ੍ਰੰਤੂ ਉਹ ਕੁਝ ਕਹਿ ਨਾ ਸਕਦੀ ਕਿਉਂਕਿ ਉਸਦਾ ਪਤੀ ਉਸ ਨਾਟਕ ਵਿਚ ਰੋਲ ਕਰ ਰਿਹਾ ਹੁੰਦਾ ਸੀ ਪ੍ਰੰਤੂ ਸ਼ਾਮ ਨੂੰ ਆਪਣੇ ਘਰ ਆ ਕੇ ਉਹ ਅਜਿਹੀਆਂ ਗੱਲਾਂ ਆਪਣੇ ਪਤੀ ਨਾਲ ਸਾਂਝੀਆਂ ਕਰਦੀ ਰਹਿੰਦੀ ਸੀ। ਇੱਕ ਵਾਰ ਜਦੋਂ 1984 ਵਿਚ ਸਰਹੰਦ ਦੀ ਪਵਿਤਰ ਧਰਤੀ ਉਪਰ ਹੋ ਰਹੇ ਨਾਟਕ ‘‘ਚਾਂਦਨੀ ਚੌਕ ਤੋਂ ਸਰਹੰਦ ਤੱਕ’’ ਵਿਚ ਉਸਦਾ ਪਤੀ ਰੋਲ ਕਰਨ ਲਈ ਗਿਆ ਤਾਂ ਹਮੇਸ਼ਾ ਦੀ ਤਰ੍ਹਾਂ ਉਹ ਵੀ ਨਾਲ ਚਲੀ ਗਈ। ਉਥੇ ਉਸਨੂੰ ਅਚਾਨਕ ਹੀ ਨਿਰਦੇਸ਼ਕ ਵੱਲੋਂ ਬਿਨਾ ਰੀਹਰਸਲ ਕੀਤਿਆਂ ਹੀ ਇਕ ਛੋਟਾ ਜਿਹਾ ਰੋਲ ਕਰਨ ਦੀ ਪੇਸ਼ਕਸ਼ ਹੋਈ, ਜਿਸਨੂੰ ਉਸਨੇ ਖਿੜ੍ਹੇ ਮੱਥੇ ਪ੍ਰਵਾਨ ਕਰ ਲਿਆ ਕਿਉਂਕਿ ਉਹ ਤਾਂ ਮੌਕੇ ਦੀ ਭਾਲ ਵਿਚ ਸੀ, ਅੰਨ੍ਹਾਂ ਕੀ ਭਾਲੇ ਦੋ ਅੱਖਾਂ, ਉਹ ਰੋਲ ਇਕ ਅਜੀਬ ਕਿਸਮ ਦੀ ਪਾਗਲ ਔਰਤ ਦਾ ਸੀ, ਜਿਸਨੂੰ ਉਸਨੇ ਬਾਖ਼ੂਬੀ ਨਿਭਾਇਆ। ਉਸਦੀ ਇਸ ਪਹਿਲੀ ਅਦਾਕਾਰੀ ਨੇ ਦਰਸ਼ਕਾਂ ਨੂੰ ਅਜਿਹਾ ਪ੍ਰਭਾਵਤ ਕੀਤਾ ਕਿ ਨਿਰਦੇਸ਼ਕ ਬਾਗੋਬਾਗ ਹੋ ਗਿਆ। ਬਸ ਫਿਰ ਤਾਂ ਕਰਮਜੀਤ ਕੌਰ ਨੂੰ ਨਾਟਕਾਂ ਵਿਚ ਅਦਾਕਾਰੀ ਕਰਨ ਦਾ ਅਜਿਹਾ ਮੌਕਾ ਮਿਲਿਆ ਜਿਸਨੇ ਇਸ ਘਰੇਲੂ ਔਰਤ ਦੇ ਮਨ ਦੀਆਂ ਤਰੰਗਾਂ ਨੂੰ ਜਾਗ ਲਾ ਕੇ ਅਸਮਾਨ ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ 1986 ਵਿਚ ਉਹ ਪ੍ਰਸਿੱਧ ਨਿਰਦੇਸ਼ਕਾ ਅਤੇ ਐਕਟਰੈਸ ਪ੍ਰਮਿੰਦਰਪਾਲ ਕੌਰ ਦੇ ਸੰਪਰਕ ਵਿਚ ਆ ਗਈ ਅਤੇ ਕਲਾਕ੍ਰਿਤੀ ਸੰਸਥਾ ਵੱਲੋਂ ਕੀਤੇ ਜਾਂਦੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪ੍ਰਮਿੰਦਰਪਾਲ ਕੌਰ ਵੱਲੋਂ ਨਿਰਦੇਸ਼ਤ ਕੀਤੇ ਇੱਕ ਵਿਧਵਾ ਔਰਤ ਦੇ ਜੀਵਨ ਬਾਰੇ ‘‘ਕੰਧਾਂ ਤੋਂ ਬਿਨਾਂ’’ ਨਾਟਕ ਵਿਚ ਉਸਨੇ ਪਹਿਲੀ ਵਾਰੀ ਜਠਾਣੀ ਦਾ ਸੰਪੂਰਨ ਰੋਲ ਅਦਾ ਕੀਤਾ, ਜਿਸਨੇ ਉਸਦੀ ਅਦਾਕਾਰੀ ਨੂੰ ਚਾਰ ਚੰਨ ਲਗਾ ਦਿੱਤੇ। ਉਸਦੀ ਅਦਾਕਾਰੀ ਦੀ ਪ੍ਰਤਿਭਾ ਵਿਚ ਨਿਖ਼ਾਰ ਆ ਗਿਆ। ਕਰਮਜੀਤ ਕੌਰ ਦੀ ਕਾਬਲੀਅਤ ਇਸ ਵਿਚ ਹੈ ਕਿ ਉਸਨੂੰ ਭਾਵੇਂ ਕੋਈ ਵੀ ਰੋਲ ਦਿੱਤਾ ਜਾਵੇ ਉਹ ਹਰ ਰੋਲ ਨੂੰ ਬਾਖ਼ੂਬੀ ਨਿਭਾਉਣ ਵਿਚ ਸਫਲ ਹੁੰਦੀ ਹੈ। ਕਰਮਜੀਤ ਕੌਰ ਦੀ ਯਾਦਾਸ਼ਤ ਬਹੁਤ ਤੇਜ ਹੈ, ਹਰ ਡਾਇਲਾਗ ਸਿਰਫ ਇਕ ਵਾਰ ਪੜ੍ਹਨ ਨਾਲ ਉਸਨੂੰ ਯਾਦ ਹੋ ਜਾਂਦਾ ਹੈ। ਅਦਾਕਾਰੀ ਸਹਿਜਤਾ ਨਾਲ ਕਰਦੀ ਹੈ, ਜਿਸ ਕਰਕੇ ਉਸਦਾ ਕੋਈ ਵੀ ਰੋਲ ਅਖੜਦਾ ਨਹੀਂ। ‘ਕਦੋਂ ਤੱਕ’ ਨਾਟਕ ਵਿਚ ਜਦੋਂ ਇੱਕ ਲੜਕੀ ਦਾ ਬਲਾਤਕਾਰ ਹੋ ਜਾਂਦਾ ਹੈ ਤਾਂ ਉਸਦੀ ਮਾਂ ਦਾ ਰੋਲ ਬੜੀ ਸਹਿਜਤਾ ਨਾਲ ਕਰਕੇ ਕਰਮਜੀਤ ਕੌਰ ਨੇ ਦਰਸ਼ਕਾਂ ਨੂੰ ਰੋਣ ਲਾ ਦਿੱਤਾ। ਇੱਕ ਕਿਸਮ ਨਾਲ ਉਹ ਹਰਫਨ ਮੌਲਾ ਅਦਾਕਾਰ ਹੈ। ਇੱਕ ਵਾਰ ‘ਅੰਨ੍ਹੇ ਨਿਸ਼ਾਨਚੀ’ ਨਾਟਕ ਤੋਂ ਇੱਕ ਦਿਨ ਪਹਿਲਾਂ ਉਸਨੂੰ ਅਪੈਂਡਿਕਸ ਦਾ ਦਰਦ ਸ਼ੁਰੂ ਹੋ ਗਿਆ ਡਾਕਟਰ ਕਹੇ ਹੁਣੇ ਅਪ੍ਰੇਸ਼ਨ ਕਰਨਾ ਹੈ ਕਿਉਂਕਿ ਜ਼ਹਿਰ ਸਰੀਰ ਵਿਚ ਫੈਲ ਸਕਦੀ ਹੈ, ਪ੍ਰੰਤੂ ਕਰਮਜੀਤ ਕੌਰ ਨੂੰ ਅਦਾਕਾਰੀ ਦਾ ਜਨੂੰਨ ਚੜ੍ਰਿਆ ਹੋਇਆ ਸੀ, ਉਹ ਡਾਕਟਰ ਨੂੰ ਕਹੇ ਨਾਟਕ ਤੋਂ ਬਾਅਦ ਅਪ੍ਰੇਸ਼ਨ ਕਰ ਦੇਣਾ। ਇਸ ਤੋਂ ਉਸਦੀ ਅਦਾਕਾਰੀ ਪ੍ਰਤੀ ਸਮਰਪਤ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ। ਹੁਣ ਤੱਕ ਉਸਨੇ 32 ਸਾਲਾਂ ਵਿਚ 15 ਨਾਟਕ ਨਿਰਦੇਸ਼ਕਾਂ ਦੇ ਲਗਪਗ 60 ਨਾਟਕਾਂ ਵਿਚ ਅਦਾਕਾਰੀ ਕੀਤੀ ਹੈ, ਜਿਨ੍ਹਾਂ ਵਿਚ ਮੁੱਖ ਤੌਰ ਤੇ ਕੰਧਾਂ ਤੋਂ ਬਿਨਾ, ਦੀਵਾਰੇਂ, ਕਦੋਂ ਤੱਕ, ਕਣਕ ਦੀ ਬੱਲੀ, ਕੇਹਰ ਸਿੰਘ ਦੀ ਮੌਤ, ਮੜ੍ਹੀ ਦਾ ਦੀਵਾ, ਰਾਣੀ ਕੋਕਲਾਂ, ਦੁਲਾ ਭੱਟੀ, ਚਾਂਦਨੀ ਚੌਕ ਤੋਂ ਸਰਹੰਦ ਤੱਕ ਅਤੇ ਅੱਗ ਦੇ ਕਲੀਰੇ, ਲਗਪਗ 15 ਟੈਲੀ ਫਿਲਮਾਂ ਜਿਨ੍ਹਾਂ ਵਿਚ ਕੰਮੋ, ਵਿਧਵਾ, ਡੋਲੀ, ਕੁੱਖ ‘ਚ ਕਤਲ, ਚਿੜੀਆਂ ਦਾ ਚੰਬਾ, ਅਮਰੋ, ਗੁਰਾਂ ਦੇ ਲਾਲ, ਨਾਗ ਅਤੇ ਵਿਆਹ ਕਰਤਾਰੇ ਦਾ, ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ 16 ਫਿਲਮਾਂ ਜਿਨ੍ਹਾਂ ਵਿਚ ਨਾਬਰ, ਜੁਗਨੀ, ਯਾਰ ਅਣਮੁਲੇ, ਬਾਬਲ ਦਾ ਵਿਹੜਾ, ਅਸਾਂ ਨਹੀਂ ਜਾਣਾ ਪ੍ਰਦੇਸ, ਪਗੜੀ ਸੰਭਾਲ ਜੱਟਾ, ਵਲੈਤੀਆ, ਪਿਆਰ ਨਸੀਬਾਂ ਦੇ ਸ਼ਾਮਲ ਹਨ ਅਤੇ 18 ਟੀ.ਵੀ.ਸੀਰੀਅਲ ਵਿਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿਚ ਏਹ ਹਮਾਰਾ ਜੀਵਣਾ, ਮੱਸਿਆ ਦੀ ਰਾਤ, ਵਸੀਅਤ, ਦਾਣੇ ਅਨਾਰ ਦੇ, ਪਗ ਡੰਡੀਆਂ, ਅਪਣੀ ਮਿੱਟੀ, ਅਸਾਂ ਹੁਣ ਤੁਰ ਜਾਣਾ ਅਤੇ ਕੌਣ ਜਾਣੇ ਪੀੜ ਪ੍ਰਾਈ ਆਦਿ। ਇਸ ਸਮੇਂ ਉਹ ਦੋ ਬਣ ਰਹੀਆਂ ਦੋ ਫਿਲਮਾਂ ਜੱਗਾ ਜਿਉਂਦਾ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਵਿਚ ਅਦਾਕਾਰੀ ਕਰ ਰਹੀ ਹੈ। ਉਸਦੀ ਸਾਦਾ ਜੀਵਨ ਸ਼ੈਲੀ ਹਰ ਰੋਲ ਲਈ ਫਿਟ ਆ ਜਾਂਦੀ ਹੈ ਕਿਉਂਕਿ ਉਹ ਅਜਿਹੀ ਅਦਾਕਾਰੀ ਕਰਦੀ ਹੈ ਕਿ ਪਾਤਰ ਜਿਉਂਦਾ ਜਾਗਦਾ ਲੱਗਦਾ ਹੈ, ਜਾਣੀ ਕਿ ਉਹ ਉਸ ਕਿਰਦਾਰ ਵਿਚ ਵੜ ਜਾਂਦੀ ਹੈ। ਪਹਿਲੀ ਵਾਰ ਉਸਨੇ ਕਣਕ ਦੀ ਬੱਲੀ ਨਾਟਕ ਵਿਚ ਠਾਕਰੀ ਦਾ ਰੋਲ ਕੀਤਾ ਸੀ ਜੋ ਕਿ ਨਾਟਕ ਦੇ ਹੀਰੋ ਦੀ ਪਹਿਲੀ ਪਤਨੀ ਸੀ। ਠਾਕਰੀ ਦੇ ਬੱਚਾ ਨਹੀਂ ਹੋਇਆ ਸੀ, ਇਸ ਕਰਕੇ ਇਕ ਬਾਂਝ ਔਰਤ ਦੀਆਂ ਭਾਵਨਾਵਾਂ ਕਿਸ ਤਰ੍ਹਾਂ ਹੁੰਦੀਆਂ ਹਨ, ਉਨ੍ਹਾਂ ਨੂੰ ਕਰਮਜੀਤ ਕੌਰ ਨੇ ਸੁਚੱਜੇ ਢੰਗ ਨਾਲ ਪ੍ਰਗਟਾਇਆ ਕਿਉਂਕਿ ਉਸਦੀ ਆਪਣੀ ਨਿੱਜੀ ਜ਼ਿੰਦਗੀ ਵਿਚ ਵੀ 20 ਸਾਲ ਬੱਚਾ ਪੈਦਾ ਨਹੀਂ ਹੋਇਆ ਸੀ। ਉਸਦੀ ਅਦਾਕਾਰੀ ਬਨਾਵਟੀ ਨਹੀਂ ਲੱਗਦੀ ਸੀ। ਇਸ ਸਮੇਂ ਦੌਰਾਨ ਉਸਦੇ ਸਹੁਰਿਆਂ ਦੇ ਸਾਂਝੇ ਪਰਿਵਾਰ ਨੇ ਵੀ ਨਾਟਕਾਂ ਵਿਚ ਹਿੱਸਾ ਲੈਣ ਨੂੰ ਚੰਗਾ ਨਾ ਸਮਝਿਆ ਪ੍ਰੰਤੂ ਕਰਮਜੀਤ ਕੌਰ ਦੇ ਪਤੀ ਰਾਮ ਸਿੰਘ ਨੇ ਅਜਿਹੀਆਂ ਊਜਾਂ ਨੂੰ ਅਣਡਿਠ ਕਰਨ ਦੀ ਸਲਾਹ ਦਿੱਤੀ। ਕਰਮਜੀਤ ਕੌਰ ਦੇ ਪਤੀ ਰਾਮ ਸਿੰਘ ਦੀ ਅਕਤੂਬਰ 2016 ਵਿਚ ਮੌਤ ਹੋ ਗਈ, ਉਸ ਤੋਂ ਬਾਅਦ ਉਸਦਾ ਇਕਲੌਤਾ ਸਪੁੱਤਰ ਅਰਪਨਜੋਤ ਸਿੰਘ ਜੋ ਕਿ ਬੀ.ਟੈਕ ਇੰਜਿਨੀਅਰ ਹੈ, ਆਪਣੀ ਮਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਉਸਨੂੰ ਨਾਟਕਾਂ ਅਤੇ ਫਿਲਮਾਂ ਵਿਚ ਕੰਮ ਕਰਨ ਲਈ ਪੂਰਾ ਸਾਥ ਦੇ ਰਿਹਾ ਹੈ। ਕਰਮਜੀਤ ਕੌਰ ਦੇ ਬਹੁਤੇ ਰੋਲ ਸਮਾਜਿਕ ਬੁਰਾਈਆਂ ਦੇ ਵਿਰੁਧ ਪ੍ਰਗਟਾਵਾ ਕਰਨ ਵਾਲੇ ਹਨ। ਕਰਮਜੀਤ ਕੌਰ ਦਾ ਜਨ੍ਰਮ 7 ਮਈ 1956 ਨੂੰ ਪਿਤਾ ਨੰਦ ਸਿੰਘ ਅਤੇ ਮਾਤਾ ਜਲ ਕੌਰ ਦੇ ਘਰ ਗਿਦੜਵਾਹਾ ਵਿਖੇ ਹੋਇਆ। ਸ੍ਰ.ਰਾਮ ਸਿੰਘ ਨਾਲ ਉਸਦਾ ਵਿਆਹ ਹੋਇਆ ਜੋ ਕਿ ਉਸਦੀ ਕਲਾ ਨੂੰ ਪ੍ਰਫੁਲਤ ਹੋਣ ਵਿਚ ਸਹਾਈ ਹੋਇਆ। ਵਿਆਹ ਤੋਂ ਬਾਅਦ ਲਗਾਤਾਰ ਉਹ ਥੇਟਰ ਨਾਲ ਜੁੜੀ ਰਹੀ ਹੈ, ਉਹ ਮਹਿਸੂਸ ਕਰਦੀ ਹੈ ਕਿ ਜੇਕਰ ਰਾਮ ਸਿੰਘ ਨਾਲ ਉਸਦਾ ਮਿਲਾਪ ਨਾ ਹੁੰਦਾ ਤਾਂ ਉਸਦੀ ਅਦਾਕਾਰੀ ਦੀ ਕਲਾ ਨੂੰ ਖਿੜਨ ਦਾ ਮੌਕਾ ਹੀ ਨਹੀਂ ਮਿਲਣਾ ਸੀ।

Send this to a friend