ਜ਼ਾਲਿਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ-ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ

ਦੁਨੀਆਂ ਦਾ ਇਤਿਹਾਸ ਵਾਚਦਿਆਂ ਸਿਖ ਗੁਰੂਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਬੇਮਿਸਾਲ ਹੈ। ਇਸ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿਚ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਬਾਪ ਆਪਣੇ ਪੁਤਰਾਂ ਦੀ ਕੁਰਬਾਨੀ ਦੀਨ ਅਤੇ ਦੁਨੀਆਂ ਲਈ ਦੇਣ ਸਮੇਂ ਉਹਨਾਂ ਨੂੰ ਬਚਾਉਣ ਲਈ ਹਰ ਸਰਤ ਮੰਨਣ ਨੂੰ ਤਿਆਰ ਹੋ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਇਕ ਇਹੋ ਜਿਹੀ ਮਿਸਾਲ ਪੈਦਾ ਕਰਕੇ ਗਏ ਹਨ ਕਿ ਜਦ ਵੀ ਆਮ ਲੋਕਾਂ ਦੀ ਧਾਰਮਿਕ ਸਮਾਜਿਕ ਜਾਂ ਰਾਜਨੀਤਕ ਅਜਾਦੀ ਖੋਹਣ ਲਈ ਰਾਜਸਤਾ ਜਾਲਮ ਹੋ ਜਾਵੇ ਤਾਂ ਉਸਦੇ ਖਿਲਾਫ ਜੂਝਦਿਆਂ ਕਦੇ ਵੀ ਕੁਰਬਾਨੀ ਤੋਂ ਪਿਛਾਂਹ ਨਹੀਂ ਹਟਣਾਂ ਚਾਹੀਦਾ। ਜਾਲਿਮ ਰਾਜਸਤਾ ਅਗੇ ਸਮਰਪਣ ਕਰਨ ਦੀ ਥਾਂ ਜੂਝ ਮਰਨ ਦੀ ਅਤੇ ਆਪਣਾਂ ਸਭ ਕੁਝ ਵਾਰ ਦੇਣਾਂ ਦੀ ਸਿਖਿਆ ਗੁਰੂ ਜੀ ਦੀ ਲਾਸਾਨੀ ਜਿੰਦਗੀ ਵਿਚੋਂ ਹੀ ਸਿਖਣ ਨੂੰ ਮਿਲਦਾ ਹੈ। ਚਮਕੌਰ ਦੀ ਗੜੀ ਵਿਚ ਜਿਸ ਤਰ੍ਹਾਂ ਆਪਣੇ ਦੋ ਵਡੇ ਪੁਤਰਾਂ ਨੂੰ ਜੰਗ ਦੇ ਮੈਦਾਨ ਵਿਚ ਜੂਝ ਮਰਨ ਦੀ ਸਿੱਖਿਆ ਦੇਕੇ ਤੋਰਿਆ ਦੁਸਮਣ ਦਾ ਵੀ ਸਿਰ ਝੁਕ ਜਾਂਦਾ ਹੈ ਇਸ ਹਿੰਮਤ ਅਤੇ ਦਲੇਰੀ ਨੂੰ ਦੇਖ ਸੁਣਕੇ। ਸਿਖੀ ਪਰੰਪਰਾਵਾਂ ਵਿਚ ਬਚਪਨ ਤੋਂ ਹੀ ਗਿਆਨ ਰੂਪੀ ਧਰਮ ਦਾ ਉਟ ਆਸਰਾ ਲੈਂਦਿਆਂ ਕਿਰਤ ਕਰਦਿਆਂ ਜੀਵਨ ਜਿਉਣ ਦਾ ਫਲਸਫਾ ਸਿਖੀ ਫਲਸਫੇ ਵਾਲੇ ਮਹਾਨ ਮਨੁਖ ਦੀ ਨੀਂਹ ਰਖਦਾ ਹੈ। ਇਸ ਤਰਾਂ ਦੇ ਪਾਲਣ ਪੋਸਣ ਦੀ ਗਵਾਹੀ ਵੀ ਮਾਸੂਮ ਉਮਰ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸਹੀਦੀ ਗਵਾਹੀ ਪਾਉਂਦੀ ਹੈ।
ਜਿਸ ਤਰਾਂ ਔਰੰਗਜੇਬ ਦੇ ਗੁਲਾਮ ਸਰਹੰਦ ਦੀ ਜਾਲਮ ਰਾਜਸਤਾ ਨੇਂ ਛੋਟੇ ਸਾਹਿਬਜਾਦਿਆਂ ਨੂੰ ਬੇਰਹਿਮੀ ਬੇਕਿਰਕ ਤਰੀਕੇ ਨਾਲ ਧਾਰਮਿਕ ਅਖਵਾਉਂਦੇ ਅਖੌਤੀ ਜਜਾਂ ਦੇ ਦੀਨ ਧਰਮ ਤੋਂ ਦੂਰ ਲਏ ਗਏ ਫੈਸਲੇ ਨੂੰ ਪਰਵਾਨ ਕਰਦਿਆਂ ਸਹੀਦ ਕੀਤਾ ਨੂੰ ਵੀ ਦੁਨੀਆਂ ਦਾ ਕੋਈ ਧਾਰਮਿਕ ਫਲਸਫਾ ਪਰਵਾਨ ਨਹੀਂ ਕਰਦਾ। ਨਵਾਬ ਮਲੇਰਕੋਟਲਾ ਨੇ ਇਸਲਾਮ ਦਾ ਵਾਸਤਾ ਪਾਕੇ ਦਸਿਆ ਕਿ ਇਸਲਾਮ ਮਾਸੂਮਾਂ ਬਚਿਆਂ ਜਾਂ ਇਸਤਰੀਆਂ ਨੂੰ ਕਤਲ ਕਰਨ ਦੀ ਸਾਹਦੀ ਨਹੀ ਭਰਦਾ ਅਤੇ ਇਹ ਨਿਰੋਲ ਜੁਲਮ ਹੈ ਅਤੇ ਮੈਂ ਇਹ ਨਹੀਂ ਕਰਾਂਗਾ ਕਹਿਕੇ ਅਸਲੀ ਧਾਰਮਿਕ ਸਿਖਿਆ ਦਾ ਨਾਅਰਾ ਉਚਾ ਹੀ ਕੀਤਾ ਸੀ। ਜਾਲਮ ਰਾਜਸਤਾ ਨੇ ਨਵਾਬ ਮਲੇਰਕੋਟਲਾ ਦੀ ਅਵਾਜ ਨੂੰ ਨਜਰ ਅੰਦਾਜ ਕਰਦਿਆਂ ਗੁਲਾਮ ਕਿਸਮ ਦੇ ਧਰਮ ਤੋਂ ਕੋਹਾਂ ਦੂਰ ਕਾਜੀਆਂ ਜਾਂ ਜਜਾਂ ਹਥੋਂ ਮਨਮਾਫਿਕ ਫੈਸਲਾ ਕਰਵਾਕੇ ਸਾਹਿਬਜਾਦਿਆਂ ਨੂੰ ਸਹੀਦ ਕਰਕੇ ਆਪਣੀ ਔਕਾਤ ਦਿਖਾ ਹੀ ਦਿਤੀ। ਇਹ ਹੀ ਸਵਾਰਥੀ ਜਾਲਮ ਰਾਜਸਤਾ ਦਾ ਖਾਸਾ ਹੁੰਦਾ ਹੈ ਕਿ ਉਹ ਆਪਣੀਆਂ ਸਾਜਿਸੀ ਚਾਲਾਂ ਲਈ ਕਿਸ ਤਰਾਂ ਧਾਰਮਿਕ ਫਲਸਫਿਆਂ ਨੂੰ ਤੋੜ ਮਰੋੜ ਲੈਂਦੀ ਹੈ ਆਪਣੇ ਗੁਲਾਮ ਬਣਾਏ ਹੋਏ ਧਾਰਮਿਕ ਆਗੂਆਂ ਰਾਹੀਂ। ਇਹ ਵਰਤਾਰਾ ਅਜ ਵੀ ਜਾਲਮ ਰਾਜਸਤਾ ਦੁਆਰਾ ਬਦਸਤੂਰ ਜਾਰੀ ਹੈ।
ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਅਜ ਵੀ ਦੁਨੀਆਂ ਲਈ ਪਰੇਰਣਾ ਸਰੋਤ ਹੈ ਜਿਸ ਤਰਾਂ ਇਕ ਬਜੁਰਗ ਔਰਤ ਜਗਦੀਸ ਕੌਰ ਨੇ ਨਵੰਬਰ 1984 ਦੇ ਦਿਲੀ ਦੰਗਿਆਂ ਦੇ ਰਾਜਨੀਤਕ ਪੁਸਤਪਨਾਹੀ ਵਾਲੇ ਗੁੰਡੇ ਸਜਣ ਕੁਮਾਰ ਖਿਲਾਫ 35 ਸਾਲ ਜੰਗ ਲੜਦਿਆਂ ਅਦਾਲਤਾਂ ਰਾਹੀਂ ਉਸਨੂੰ ਸਜਾ ਕਰਵਾਈ ਹੈ ਕਿਉਕਿ ਉਹਨਾਂ ਦੰਗਿਆਂ ਵਿਚ ਉਸਦਾ ਜੀਵਨ ਸਾਥੀ ਅਤੇ ਮਾਸੂਮ ਬਚੇ ਜਿਉਂਦਿਆਂ ਅਗ ਲਾਕੇ ਸਹੀਦ ਕਰ ਦਿਤੇ ਗਏ ਸਨ। ਇਸ ਬਜੁਰਗ ਔਰਤ ਦੀ ਜ਼ਿੰਦਗੀ ਅਤੇ ਸੰਘਰਸ ਲਈ ਵੀ ਸਾਡੇ ਮਹਾਨ ਗੁਰੂ ਪਰੀਵਾਰਾਂ ਦੀ ਜਿੰਦਗੀ ਹੀ ਪਰੇਰਣਾ ਸਰੋਤ ਹੈ ਜਿਸਨੇ ਦੁਨੀਆਂ ਦੇ ਹਰ ਮਨੁਖ ਨੂੰ ਜੁਲਮ ਖਿਲਾਫ ਜੂਝਣ ਦੀ ਸਿਖਿਆ ਦਿਤੀ ਹੈ। ਸਾਹਿਬਜ਼ਾਦਿਆਂ ਦੀ ਸਹੀਦੀ ਵਾਲੇ ਇਸ ਮਹੀਨੇ ਵਿਚ ਆਇਆ ਇਹ ਫੈਸਲਾ ਵਰਤਮਾਨ ਸਾਸਕਾਂ ਅਤੇ ਜਾਲਮਾਂ ਨੂੰ ਸੁਨੇਹਾ ਹੈ ਕਿ ਉਹਨਾਂ ਨੇ ਇਕ ਦਿਨ ਹਾਰਨਾਂ ਹੀ ਹੈ। ਇਸ ਤਰਾਂ ਦੇ ਹਾਲਾਤਾਂ ਵਿਚ ਹਰ ਸੂਝਵਾਨ ਜਾਂ ਧਰਮੀ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਸਾਹਿਬਜਾਦਿਆਂ ਦੀ ਸਹੀਦੀ ਦਿਹਾੜਿਆਂ ਤੋਂ ਸਿਖਿਆ ਲੈਂਦਿਆਂ ਹਕ ਸਚ, ਦੀਨ ਧਰਮ, ਨਿਮਾਣਿਆਂ ਨਿਤਾਣਿਆਂ ਨਿਉਟਿਆਂ ਲਈ ਜੂਝਦਿਆਂ ਸਚ ਦੇ ਝੰਡੇ ਨੂੰ ਸਦਾ ਝੁਲਦਾ ਰਖਣ ਲਈ ਆਪਣਾਂ ਯੋਗਦਾਨ ਪਾਉਂਦਾ ਰਹੇ।

Send this to a friend