June 26, 2026 8:11 am

ਕੈਪਟਨ ਪੰਥ ਦਾ ਗੱਦਾਰ : ਬਾਦਲਕੈਪਟਨ ਪੰਥ ਦਾ ਗੱਦਾਰ : ਬਾਦਲ

ਜੂਨ 84 ’ਚ ਇੰਦਰਾ ਨੇ ਸਿੱਖਾਂ ’ਤੇ ਕੰਟਰੋਲ ਕਰਨ ਦੀ ਸਾਜ਼ਿਸ਼ ਅਧੀਨ ਆਪਣਾ ਗੁਪਤ ਏਜੰਟ ਬਣਾ ਕੇ ਭੇਜਿਆ ਸੀ

image ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਦੇ ਭੇਸ ਵਿਚ ਅਜਿਹਾ ਝੂਠਾ ਤੇ ਪੰਥ ਦਾ ਗੱਦਾਰ ਕਰਾਰ ਦਿੱਤਾ ਜਿਸ ਨੂੰ ਜੂਨ 1984 ਵਿਚ ਇੰਦਰਾ ਗਾਂਧੀ ਨੇ ਸਿੱਖਾਂ ’ਤੇ ਕੰਟਰੋਲ ਕਰਨ ਦੀ ਸਾਜ਼ਿਸ਼ ਅਧੀਨ ਆਪਣਾ ਗੁਪਤ ਏਜੰਟ ਬਣਾ ਕੇ ਭੇਜਿਆ ਸੀ। ਉਸਦਾ ਭੇਦ ਛੇਤੀ ਹੀ ਖੁਲ੍ਹ ਗਿਆ ਤੇ ਉਸਨੂੰ ਬਾਹਰ ਕੱਢੇ ਜਾਣ ਤੋਂ ਤੁਰੰਤ ਬਾਅਦ ਉਹ ਵਾਪਸ ‘ਨੀਲਾ ਤਾਰਾ ਪਾਰਟੀ’ ਵਿਚ ਸ਼ਾਮਲ ਹੋ ਗਿਆ।ਸ੍ਰੀ ਬਾਦਲ ਨੇ ਕਿਹਾ ਕਿ ਉਹ ਪੁਰਾਣੇ ਜ਼ਖ਼ਮ ਨਹੀਂ ਕੁਰੇਦਣੇ ਚਾਹੁੰਦੇ ਪਰ ਇਹ ਵਿਅਕਤੀ ਉਸ ਪਰਿਵਾਰ ਤੋਂ ਹੈ ਜਿਸਨੇ 1764 ਵਿਚ ਅਹਿਮਦ ਸ਼ਾਹ ਅਬਦਾਲੀ ਨੂੰ ਉਸ ਵੇਲੇ ਸ਼ਰਨ ਦਿੱਤੀ ਸੀ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕਰ ਕੇ ਆਇਆ ਸੀ। ਉਹਨਾਂ ਕਿਹਾ ਕਿ ਅਹਿਮਦ

ਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਪਟਿਆਲਾ ਦੇ ਮਹਾਰਾਜਿਆਂ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਕੀਤੇ। ਉਹ ਹੁਣ ਵੀ ਉਸੇ ਪਾਰਟੀ ਵਿਚ ਹਨ।ਸ੍ਰੀ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਇਕ ਕਾਇਰ ਹਨ ਜੋ 2007 ਵਿਚ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਬਣਨ ਮਗਰੋਂ ਸਿਆਸੀ ਬਦਲਾਖੋਰੀ ਦੇ ਡਰ ਤੋਂ ਸੁਖਬੀਰ ਸਿੰਘ ਬਾਦਲ ਤੋਂ ਡਰਦੇ ਮਾਰੇ ਦੇਸ਼ ਛੱਡ ਕੇ ਭੱਜ ਗਏ ਸਨ। ਉਹ ਉਦੋਂ ਹੀ ਮੁੜੇ ਸਨ ਜਦੋਂ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਨਵੀਂ ਸਰਕਾਰ ਬਦਲਾਖੋਰੀ ਦੀ ਨੀਤੀ ’ਤੇ ਨਹੀਂ ਚੱਲੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ  ਸਾਕਾ ਨੀਲਾ ਤਾਰਾ ਤੋਂ ਪਹਿਲਾਂ ਉਹਨਾਂ ਅਤੇ ਕੇਂਦਰੀ ਆਗੂ ਦਰਮਿਆਨ ਮੀਟਿੰਗਾਂ ਬਾਰੇ ਬੇਸ਼ਰਮੀ ਨਾਲ ਝੂਠ ਬੋਲ ਰਹੇ ਹਨ। ਉਹਨਾਂ ਕਿਹਾ ਕਿ ਉਹ ਇੰਦਰਾ ਗਾਂਧੀ ਵੱਲੋਂ ਤਿਆਰ ਕੀਤੇ ਉਸ ਵ੍ਹਾਈਟ ਪੇਪਰ  ਨੂੰ ਸੱਚ ਦੇ ਸਬੂਤ ਵਜੋਂ ਪੇਸ਼ ਕਰ ਰਹੇ ਹਨ ਜਿਸ ਬਾਰੇ  ਹਰ ਕੋਈ ਜਾਣਦਾ ਹੈ ਕਿ ਇਹ ਵ੍ਹਾਈਟ ਪੇਪਰ ਇੰਦਰਾ ਗਾਂਧੀ ਨੇ ਆਪਣੇ ਵਹਿਸ਼ੀਆਨਾ ਫੈਸਲੇ ਨੂੰ ਸਹੀ ਠਹਿਰਾਉਣ ਅਤੇ ਸਿੱਖ ਕੌਮ ਤੇ ਇਸਦੇ ਆਗੂਆਂ ਨੂੰ ਬਦਨਾਮ ਕਰਨ ਵਾਸਤੇ ਤਿਆਰ ਕੀਤਾ ਸੀ।
ਸ੍ਰੀ ਬਾਦਲ ਨੇ ਕਿਹਾ ਕਿ ਤਬੀਅਤ ਤੋਂ ਹੀ ਸਾਜ਼ਿਸ਼ੀ ਹਨ ਅਤੇ ਹਮੇਸ਼ਾ ਟੇਢੀਆਂ ਮੇਢੀਆਂ ਖੇਡਾਂ ਖੇਡਦੇ ਰਹਿੰਦੇ ਹਨ। ਉਹਨਾਂ ਨੇ ਇਕ ਪੁਰਾਣੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੱਸਿਆ ਕਿ ਇਕ ਵਾਰੀ ਉਹਨਾਂ ਨੇ ਚਲਾਕੀ ਨਾਲ ਇਕ ਕੇਂਦਰੀ ਨੇਤਾ ਨਾਲ ਮੁਲਾਕਾਤ ਕਰਵਾਉਣ ਦੀ ਸਾਜ਼ਿਸ਼ ਰਚੀ ਸੀ ਅਤੇ ਮੈਨੂੰ ਸੱਚ ਦੱਸੇ ਬਗੈਰ ਮੈਨੂੰ ਕਾਰ ਵਿਚ ਬਿਠਾ ਲਿਆ ਸੀ। ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਉਹ ਇੰਟੈਲੀਜੈਂਸ ਏਜੰਸੀ ਰਾਅ ਦੇ ਦਫਤਰ ਨਜ਼ਦੀਕ ਪਹੁੰਚ ਰਹੇ ਹਨ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਧਰ ਜਾ ਰਹੇ ਹਾਂ? ਫੇਰ ਉਹਨਾਂ ਨੇ ਮੈਨੂੰ ਕੇਂਦਰੀ ਨੇਤਾ ਨਾਲ ਮੀਟਿੰਗ ਦੇ ਭੇਦ ਬਾਰੇ ਦੱਸਿਆ  ਜਿਸ ’ਤੇ ਮੈਂ ਗੁੱਸੇ ਵਿਚ ਭੜਕ ਪਿਆ ਤੇ ਉਹਨਾਂ ਨੂੰ ਆਖਿਆ ਕਿ ਜਾਂ ਗੱਡੀ ਮੋੜਨ ਜਾਂ ਫਿਰ ਮੈਨੂੰ ਇਥੇ ਹੀ ਉਤਾਰ ਦੇਣ। ਉਹਨਾਂ ਨੇ ਕਾਰ ਰੋਕ ਦਿੱਤੀ ਤੇ ਮੈਂ ਉਤਰ ਕੇ ਪੈਦਲ ਹੀ ਵਾਪਸ ਆ ਗਿਆ। ਅਮਰਿੰਦਰ ਸਿੰਘ ਨੇ ਕੁਝ ਪੱਤਰਕਾਰਾਂ ਕੋਲ ਇਹ ਗੱਲ ਖੁਦ ਕਬੂਲ ਕੀਤੀ ਹੋਈ ਹੈ ਅਤੇ ਚੰਡੀਗੜ੍ਹ ਆਧਾਰਿਤ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਵੱਲੋਂ ਪੰਜਾਬ ਬਾਰੇ ਲਿਖੀ ਕਿਤਾਬ ਸਮੇਤ ਕਈ ਥਾਵਾਂ ’ਤੇ ਇਹ ਗੱਲ ਰਿਕਾਰਡ ਦਾ ਹਿੱਸਾ ਵੀ ਬਣੀ ਹੈ। ਉਹਨਾਂ ਨੇ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਇਸ ਗੱਲ ਦਾ ਖੰਡਨ ਕਰ ਕੇ ਵਿਖਾਉਣ। ਇਕ ਹੋਰ ਮੌਕੇ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਉਹਨਾਂ ਨਾਲ ਮੁੱਖ ਮੰਤਰੀ ਦੀ ਕੁਰਸੀ ਦਾ ਸੌਦਾ ਕਰਨ ਵਾਸਤੇ ਇਕ ‘ਚੋਟੀ ਦਾ ਵਿਅਕਤੀ’ ਪੰਚਮੜ੍ਹੀ ਜੇਲ੍ਹ ਵਿਚ ਭੇਜਿਆ ਸੀ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਜੇਲ੍ਹ ਵਿਚਲੇ ਆਪਣੇ ਕਮਰੇ ਨੂੰ ਅੰਦਰੋਂ ਹੀ ਕੁੰਡੀ ਲਗਾ ਲਈ। ਜਦੋਂ ਉਹਨਾਂ ਨੇ ਦਰਵਾਜ਼ਾ ਖਟਕਾਇਆ ਤਾਂ ਮੈਂ ਉਹਨਾਂ ਨੂੰ  ਝਾੜ ਪਾਈ ਤੇ ਆਖਿਆ ਕਿ ਮੈਂ ਕੇਂਦਰ ਦੇ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਣਾ ਜਿਸ ਮਗਰੋਂ ਉਹ ਵਾਪਸ ਮੁੜ ਗਏ। ਉਹਨਾਂ ਕਿਹਾ ਕਿ ਇਹ ਗੱਲ ਵੀ ਉਸੇ ਉਚ ਕੋਟੀ ਦੇ ਵਿਅਕਤੀ ਵੱਲੋਂ ਲਿਖੀ ਗਈ ਕਿਤਾਬ ਵਿਚ ਦਰਜ ਹੈ ਜਿਸਨੂੰ ਅਮਰਿੰਦਰ ਸਿੰਘ ਪੜ੍ਹ ਲੈਣ।   ਸ੍ਰੀ ਬਾਦਲ ਨੇ ਕਿਹਾ ਕਿ ਉਹ ਪੰਜਾਬ ਸਮਝੌਤੇ ਦੇ ਇਸ ਲਈ ਖਿਲਾਫ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਸਮਝੌਤੇ ’ਤੇ ਹਸਤਾਖਰ ਤੋਂ ਪਹਿਲਾਂ ਪੰਜਾਬੀਆਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਜਾਣ। ਮੈਨੂੰ ਦਰਕਿਨਾਰ ਕਰ ਕੇ ਅਮਰਿੰਦਰ ਸਿੰਘ ਨੇ ਹੋਰ ਆਗੂਆਂ ਰਾਹੀਂ ਸਮਝੌਤੇ ’ਤੇ ਹਸਤਾਖ਼ਰ ਕਰਵਾ ਲਏ। ਉਹਨਾਂ ਨੂੰ ਤਾਂ ਇਸ ਗੱਦਾਰੀ ਬਦਲੇ ਪੰਜਾਬ ਸਰਕਾਰ ਵਿਚ ਕੈਬਨਿਟ ਦੀ ਸੀਨੀਅਰ ਵਜ਼ੀਰੀ ਮਿਲ ਗਈ ਪਰ  ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਪੰਜਾਬ ਨੂੰ ਇਸ ਸਮਝੌਤੇ ਵਿਚੋਂ ਕੀ ਮਿਲਿਆ?

Send this to a friend