‘ਘੁੰਮਣ ਘੁਮਾਉਣ ਨੂੰ ਤਾਂ ਕਾਰ ਰੱਖੀ ਹੈ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’

ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ ’ਚ ਲਿਆਉਣ ਦੇ ਬਾਵਜੂਦ ਅਧਿਕਾਰੀ ਖਾਮੌਸ਼

ਬਰੇਟਾ, 21 ਦਸੰਬਰ (ਰੀਤਵਾਲ)- ਸਮਾਜ ਵਿੱਚ ਚੰਗੇ ਗੁਣ ਧਾਰਨ ਕਰਨ ਦੀ ਥਾਂ ਨੌਜਵਾਨ ਵਰਗ ਵੱਲੋਂ ਬੁਰੀਆਂ ਆਦਤਾਂ ਤੇ ਛੇਤੀ ਅਮਲ ਕੀਤਾ ਜਾਂਦਾ ਹੈ ।ਜੇਕਰ ਕੋਈ ਫਿਲਮ ਜਾਂ ਗੀਤ ਹਿੱਟ ਹੋ ਜਾਦਾ ਹੈ ਤਾਂ ਫਿਰ ਇਹ ਨੋਜਵਾਨ ਉਸ ਵੱਲੋਂ ਕਹੇ ਪ੍ਰਭਾਵਾਂ ਦੀ ਰੀਸ ਕਰਦੇ ਹਨ ।ਜਿਵੇਕਿ ਪਿੱਛੇ ਜਿਹੇ ਇੱਕ ਪੰਜਾਬੀ ਗਾਇਕਾ ਵੱਲੋਂ ਗਾਇਆ ਗੀਤ ਬੁਲਟ ਤਾਂ ਰੱਖਿਆਂ ਹੈ ਪਟਾਕੇ ਪਾਉਣ ਨੂੰ । ਇਸਦੀ ਰੀਸ ਕਰਦਿਆਂ ਇਸ ਇਲਾਕੇ ਦੇ ਅਨੇਕਾਂ ਨੋਜਵਾਨਾਂ ਨੇ ਝੱਟ ਆਪਣੇ ਮੋਟਰਸਾਇਕਲਾਂ ਤੇ ਪਟਾਕਿਆ ਦੀ ਅਵਾਜ਼ ਫਿੱਟ ਕਰਵਾ ਲਈ। ਇਹ ਅਵਾਜ਼ ਇੰਨੀ ਖਤਰਨਾਕ ਹੁੰਦੀ ਹੈ ਕਿ ਕਈ ਵਾਰੀ ਤਾਂ ਇਸ ਦਾ ਫਇਰਿੰਗ ਹੋਣ ਦਾ ਪ੍ਰਭਾਵ ਪੈਦਾ ਹੈ ਅਤੇ ਇੱਕਦਮ ਦਹਿਸ਼ਤ ਵਾਲਾ ਮਾਹੋਲ ਬਣ ਜਾਦਾ ਹੈ।ਇਲਾਕੇ ਵਿੱਚ ਸ਼ਰਾਰਤੀ ਬੁਲਟ ਮੋਟਰ ਸਾਈਕਲ ਚਾਲਕਾਂ ਵੱਲੋਂ ਮਾਰੇ ਜਾਣ ਵਾਲੇ ਪਟਾਕਿਆਂ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਬੁਲਟ ਮੋਟਰ ਸਾਈਕਲ ਹਨ ਅਤੇ ਇਨ੍ਹਾਂ ਮੋਟਰ ਸਾਈਕਲਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਹੀ ਜਾ ਰਹੀ ਹੈ ।ਇਨ੍ਹਾਂ ਮੋਟਰ ਸਾਈਕਲਾਂ ਤੋਂ ਭਾਰੀ ਸ਼ੋਰ ਤਾਂ ਹੁੰਦਾ ਹੀ ਹੈ ਪ੍ਰੰਤੂ ਹੁਣ ਇਨ੍ਹਾਂ ਨੂੰ ਚਲਾਉਣ ਵਾਲੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਜਾਣ ਬੁਝ ਕੇ ਗਲੀਆਂ ਵਿੱਚ ਜਾ ਕੇ ਪਟਾਕੇ ਮਾਰੇ ਜਾਂਦੇ ਹਨ ।ਜਿਸ ਨਾਲ ਹੋਰ ਵੀ ਸ਼ੋਰ ਪ੍ਰਦੂਸ਼ਣ ਹੁੰਦਾ ਹੈ । ਇੱਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਕੁਝ ਮੋਟਰ ਸਾਈਕਲ ਚਾਲਕ ਦੋ ਤੋਂ ਵੱਧ ਲੜਕਿਆਂ ਨੂੰ ਬਿਠਾ ਕੇ ਤੇਜ ਰਫਤਾਰ ਨਾਲ ਅਕਸਰ ਹੀ ਗਲੀਆਂ ਵਿੱਚੋਂ ਦੀ ਗੁਜਰਦੇ ਹਨ ।ਜਿਸ ਕਾਰਨ ਕਿਸੇ ਸਮੇਂ ਵੱਡੀ ਘਟਨਾ ਵਾਪਰ ਸਕਦੀ ਹੈ । ਇਨ੍ਹਾਂ ਮੋਟਰ ਸਾਈਕਲਾਂ ਦੀਆਂ ਨੰਬਰ ਪਲੇਟਾਂ ਤੇ ਵੀ ਜਿਆਦਾਤਰ ਨੰਬਰਾਂ ਦੀ ਥਾਂ ਸ਼ੇਅਰ ਹੀ ਲਿਖੇ ਦੇਖਣ ਨੂੰ ਮਿਲਦੇ ਹਨ ਅਤੇ ਜੇਕਰ ਕਿਸੇ ਮੋਟਰ ਸਾਈਕਲ ਤੇ ਨੰਬਰ ਲਿਖਿਆ ਵੀ ਹੁੰਦਾ ਹੈ ਤਾਂ ਉਹ ਵੱਖੋ ਵੱਖਰੇ ਅੰਦਾਜ ਵਿੱਚ ਹੀ ਹੁੰਦੇ ਹਨ । ਜਿਸ ਕਾਰਨ ਨੰਬਰਾਂ ਨੂੰ ਪੜ੍ਹਨ ਵਿੱਚ ਮੁਸ਼ਕਿਲ ਤਾਂ ਆਉਂਦੀ ਹੀ ਹੈ ਤੇ ਨਾਲ ਨਾਲ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਵੀ ਉਡਾਈਆਂ ਜਾਦੀਆਂ ਹਨ ਕਿਉਂਕਿ ਸਰਕਾਰ ਦੇ ਹੁਕਮਾਂ ਅਨੁਸਾਰ ਹਰੇਕ ਵਹੀਕਲ ਤੇ ਜੋ ਨੰਬਰ ਪਲੇਟਾਂ ਲਗਾਉਣੀਆਂ ਹੁੰਦੀਆਂ ਹਨ ਉਨ੍ਹਾਂ ਉਪਰ ਇੱਕੋ ਹੀ ਸਾਇਜ ਦੇ ਵੱਡੇ ਅੱਖਰਾਂ ਵਿੱਚ ਲਿਖਣੇ ਜਰੂਰੀ ਹੁੰਦੇ ਹਨ ਅਤੇ ਨੰਬਰ ਪਲੇਟ ਤੇ ਨੰਬਰ ਤੋਂ ਇਲਾਵਾ ਹੋਰ ਕੁਝ ਵੀ ਨਹੀ ਲਿਖਿਆ ਜਾ ਸਕਦਾ । ਸੂਤਰਾਂ ਅਨੁਸਾਰ ਜਦੋਂ ਕਈ ਵਾਰੀ ਅਜਿਹੇ ਕਿਸੇ ਵਿਅਕਤੀ ਨੂੰ ਪ੍ਰਸਾਸ਼ਨ ਵੱਲੋਂ ਰੋਕ ਕੇ ਇਨ੍ਹਾਂ ਦੇ ਕਾਗਜ ਪੱਤਰ ਚੈਕ ਕਰਦੇ ਹਨ ਤਾਂ ਇਨ੍ਹਾਂ ਦੇ ਕਾਗਜ ਪੱਤਰ ਵੀ ਅਧੂਰੇ ਪਾਏ ਜਾਂਦੇ ਹਨ ਅਤੇ ਕਈ ਅਜਿਹੇ ਸ਼ਰਾਰਤੀ ਨੌਜਵਾਨ ਵੀ ਦੇਖਣ ਨੂੰ ਮਿਲਦੇ ਹਨ ਜੋ ਆਪਣੀ ਰਾਜਨੀਤਿਕ ਪਹੁੰਚ ਅਤੇ ਸਕੇ ਸਬੰਧੀ ਵੱਡੇ ਪ੍ਰਸ਼ਾਸ਼ਕੀ ਅਧਿਕਾਰੀ ਹੋਣ ਕਾਰਨ ਹੈਕੜ ਵਿੱਚ ਰਹਿੰਦੇ ਹਨ। ਇਲਾਕੇ ਵਿੱਚ ਇਹ ਵੀ ਚਰਚਾ ਹੈ ਕਿ ਕਈ ਵਾਰ ਡਿਊਟੀ ਅਧਿਕਾਰੀ ਆਪਣੀਆਂ ਜੇਬਾਂ ਗਰਮ ਕਰਕੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸ਼ੈਅ ਦਿੰਦੇ ਹਨ । ਇਹ ਮਾਮਲਾ ਪਹਿਲਾਂ ਵੀ ਕਈ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਜਿਉ ਦਾ ਤਿਉ ਹੈ । ਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਹੋ ਕੇ ਬਣਦੀ ਕਾਰਵਾਈ ਕਰਨ ਦੀ । ਕਿਉਂਕਿ ਕਾਨੂੰਨ ਸਭ ਲਈ ਇੱਕ ਹੈ । ਜਦ ਇਸ ਸਬੰਧੀ ਥਾਣਾ ਮੁੱਖੀ ਗੁਰਮੇਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰੇਕ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਬੁਲਟ ਮੋਟਰ ਸਾਇਕਲਾਂ ਅਤੇ ਬਿਨ੍ਹਾਂ ਨੰਬਰ ਪਲੇਟਾਂ ਵਾਲੇ ਵਹੀਕਲਾਂ ਚਾਲਕਾਂ ਵਿਰੁੱਧ ਪ੍ਰਸਾਸ਼ਨ ਬਣਦੀ ਕਾਰਵਾਈ ਕਰਦਾ ਹੈ ਜਾਂ ਫਿਰ ਇਹ ਲੋਕ ਚਰਚਾ ਅਨੁਸਾਰ ਆਪਸੀ ਲੈਣ ਦੇਣ ਕਾਰਨ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੀ ਰਹਿਣਗੇ।

Send this to a friend