May 19, 2026 11:01 am

ਮਾਚਿਸ ਬਨਾਉਣ ਵਾਲੀ ਫੈਕਟਰੀ ’ਚ ਧਮਾਕਾ-ਇੱਕ ਦੀ ਮੌਤ

ਬਠਿੰਡਾ, 19 ਦਸੰਬਰ (ਹਰਮਿੰਦਰ ਸਿੰਘ ਅਵਿਨਾਸ਼, ਸੁਖਵਿੰਦਰ ਸਰਾਂ)- ਬਠਿੰਡਾ-ਮਾਨਸਾ ਰੋਡ ’ਤੇ ਸਥਿਤ ਤੇਲ ਵਾਲੇ ਡਿੱਪੂ ਤੋਂ ਥੋੜੀ ਹੀ ਦੂਰ ਗਰੋਥ ਸੈਂਟਰ ਦੀ ਕੋਠੀ ਨੰ:ਬੀ 23 ਵਿੱਚ ਅਚਾਨਕ ਬਲਾਸਟ ਹੋ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਡਿਪਟੀ ਕਮਿਸ਼ਨਰ ਪਰਨੀਤ ਅਤੇ ਐਸਐਸਪੀ ਨਾਨਕ ਸਿੰਘ ਗਿੱਲ ਪੁਲਿਸ ਦੀ ਵੱਡੀ ਟੀਮ ਨਾਲ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਲੈਕੇ ਅਗਲੀ ਕਾਰਵਾਈ ਆਰੰਭ ਦਿੱਤੀ। ਜਾਣਕਾਰੀ ਅਨੁਸਾਰ ਫੈਕਟਰੀ ਪਿਛਲੇ ਦੋ ਸਾਲਾਂ ਤੋਂ ਬੰਦ ਪਈ ਸੀ ਅਤੇ ਇੱਥੇ ਮਾਚਿਸਾਂ ਬਣਾਈਆਂ ਜਾਂਦੀਆਂ ਸਨ ਜਿਸ ਕਰਕੇ ਵੱਡੀ ਪੱਧਰ ਤੇ ਕੈਮੀਕਲ ਪਿਆ ਸੀ ਤੇ ਅੱਜ ਜਦੋਂ ਕਬਾੜੀਆਂ ਫੈਕਟਰੀ ਵਿੱਚੋਂ ਸਮਾਨ ਚੱਕਣ ਲੱਗੇ ਤਾਂ ਅਚਾਨਕ ਬਲਾਸਟ ਹੋ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮੌਕੇ ਤੇ ਇਕੱਤਰ ਲੋਕਾਂ ਦਾ ਕਹਿਣਾ ਹੈ ਕਿ ਬਲਾਸਟ ਏਨਾ ਜਬਰਦਸਤ ਹੋਇਆ ਕਿ ਫੈਕਟਰੀ ਦੇ ਕਈ ਹਿੱਸਿਆਂ ਦੇ ਪਰਖੱਚੇ ਉਡ ਗਏ। ਇਸ ਦੌਰਾਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਰੋਡ, ਬਠਿੰਡਾ ਵਿਖੇ ਇੰਡਸਟਰੀਅਲ ਗਰੋਥ ਸੈਂਟਰ ਵਿਚ ਮਾਚਿਸ ਬਣਾਉਣ ਵਾਲੀ ਫੈਕਟਰੀ ‘ਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਵਿਸਥਾਰਤ ਜਾਂਚ ਕਰਨ ਦੇ ਆਦੇਸ਼ ਦਿਤੇ ਹਨ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।ਮੁਖ ਮੰਤਰੀ ਨੇ ਮ੍ਰਿਤਕ ਹਰੀਸ਼ ਕੁਮਾਰ ਜੋ ਕਬਾੜ ਡੀਲਰ ਸੀ, ਦੇ ਪਰਿਵਾਰ ਲਈ ਤਿੰਨ ਲਖ ਰੁਪਏ ਅਤੇ ਜ਼ਖਮੀ ਲਈ 50,000 ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।

Send this to a friend