ਅਹੁਦੇਦਾਰਾਂ ਦਾ ਐਲਾਨ ਛੇਤੀ ਝ ਬਾਦਲ ਪਰਿਵਾਰ ਨਾਲ ਲਵੇਗਾ ਟੱਕਰ
ਅੰਮ੍ਰਿਤਸਰ, 16 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂਆਂ ਨੇ ਆਪਣੀ ਨਵੀਂ ਸਿਆਸੀ ਪਾਰਟੀ ਦਾ ਗਠਨ ਕਰ ਲਿਆ।ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨੀ ਆਪਣੀ ਨਵੀਂ ਪਾਰਟੀ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਰਖਿਆ ਗਿਆ, ਜਿਸ ਦੀ ਕਮਾਨ ਖ਼ਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹਥ ਸੌਂਪੀ ਗਈ ਹੈ। ਆਪਣੇ ਐਲਾਨ ਮੁਤਾਬਕ ਐਤਵਾਰ ਸਵੇਰੇ ਵਡੀ ਗਿਣਤੀ ’ਚ ਸੈਂਕੜੇ ਸਮਰਥਕਾਂ ਨਾਲ ਪਹੁੰਚੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪਾਰਟੀ ਦੇ ਨਾਂਅ ਦਾ ਐਲਾਨ ਕੀਤਾ। ਆਪਣੇ ਨਵੇਂ ਐਲਾਨ ਤੋਂ ਬਾਅਦ ਇਹ ਟਕਸਾਲੀ ਮੀਡੀਆ ਦੇ ਮੁਖਾਤਿਬ ਹੋਏ। ਜਿਥੇ ਬ੍ਰਹਮਪੁਰਾ ਨੇ ਇਕ ਵਾਰ ਫ਼ਿਰ ਬਾਦਲ ਪਰਿਵਾਰ ਉਤੇ ਤਿਖੇ ਹਮਲੇ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਟਕਸਾਲੀਆਂ ਨੇ ਹੀ ਬਾਦਲਾਂ ਨੂੰ ਖੜਾ ਕੀਤਾ ਤੇ ਹੁਣ ਉਹੀ ਬਾਦਲਾਂ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਨਗੇ। ਇਸ ਮੌਕੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਸੰਬੋਧਨ ਦੌਰਾਨ ਬੇਸ਼ਕ ਕਿਸੇ ਵਿਅਕਤੀ ਵਿਸ਼ੇਸ਼ ਉਪਰ ਸਿਆਸੀ ਵਾਰ ਕਰਨ ਤੋਂ ਗੁਰੇਜ਼ ਕੀਤਾ, ਪਰ ਉਨ੍ਹਾਂ ਦਾ ਇਸ਼ਾਰਾ ਬਾਦਲ ਪਰਿਵਾਰ ਵਲ ਸੀ। ਸੇਖਵਾਂ ਨੇ ਮੁੜ ਤੋਂ 1920 ’ਚ ਸਥਾਪਤ ਕੀਤੇ ਗਏ ਅਕਾਲੀ ਦਲ ਦੀ ਭਾਵਨਾ ਨੂੰ ਆਪਣੀ ਪਾਰਟੀ ਵਿਚ ਲਿਆਉਣ ਦਾ ਦਾਅਵਾ ਵੀ ਕੀਤਾ। ਟਕਸਾਲੀਆਂ ਨੇ ਨਵੀਂ ਪਾਰਟੀ ਦੇ ਨਾਲ ਹੀ ਨਵਾਂ ਪ੍ਰਧਾਨ ਵੀ ਥਾਪ ਦਿਤਾ ਗਿਆ ਹੈ ਪਰ ਪਾਰਟੀ ਦੇ ਹੋਰ ਆਹੁਦੇਦਾਰਾ ਕੌਣ-ਕੌਣ ਹੋਣਗੇ। ਇਸ ਦਾ ਫ਼ੈਸਲਾ ਹੋਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਉਸ ਵੇਲੇ ਸਥਿਤੀ ਤਣਾਅਪੂਰਨ ਵੀ ਹੋ ਗਈ, ਜਦੋਂ ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਅਤੇ ਹੋਰ ਆਗੂਆਂ ਵਲੋਂ ਵਿਰੋਧ ਵੀ ਕੀਤਾ ਗਿਆ। ਟਕਸਾਲੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਬਾਦਲ ਦਲ ਤੋਂ ਨਾਰਾਜ਼ ਤੇ ਨਿਰਾਸ਼ ਆਗੂਆਂ, ਕਾਰਕੁਨਾਂ ਅਤੇ ਲੋਕਾਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।