ਚੰਡੀਗੜ੍ਹ, 16 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਮੋਗਾ ’ਚ ਜਨਮੀ ਅਨਮੋਲਜੀਤ ਕੌਰ ਘੁੰਮਣ 18 ਸਾਲ ਦੀ ਉਮਰ ’ਚ ਨਿਊਜ਼ੀਲੈਂਡ ਵਿਚ ‘ਯੂਥ ਮੈਂਬਰ ਪਾਰਲੀਮੈਂਟ’ (ਨੌਜਵਾਨ ਸੰਸਦ ਮੈਂਬਰ) ਚੁਣੀ ਗਈ ਹੈ। ਅਨਮੋਲਜੀਤ ਕੌਰ ਦਾ ਪਰਿਵਾਰ 17 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਵਸਿਆ ਸੀ। ਉਸ ਦੇ ਪਿਤਾ ਗੁਰਿੰਦਰਜੀਤ ਸਿੰਘ ਤੇ ਮਾਤਾ ਕੁਲਜੀਤ ਕੌਰ ਦੋਵੇਂ ਅਧਿਆਪਕ ਰਹਿ ਚੁਕੇ ਹਨ। ਪਿਤਾ ਗੁਰਿੰਦਰਜੀਤ ਸਿੰਘ ਨੇ ਦਸਿਆ ਕਿ ਨਿਊਜ਼ੀਲੈਂਡ ’ਚ ਹਰ ਸੰਸਦ ਮੈਂਬਰ ਆਪਣੇ ਖੇਤਰ ’ਚੋਂ ਇਕ ਯੂਥ ਸੰਸਦ ਮੈਂਬਰ ਵੀ ਚੁਣਦੇ ਹਨ, ਜੋ ਸੰਸਦ ਵਿਚ ਆਪਣੇ ਵਿਚਾਰ ਰਖਦੇ ਹਨ। ਇਸੇ ਕੜੀ ਵਿਚ ਪਾਪਾਕੁਰਾ ਖੇਤਰ ਦੀ ਮੌਜੂਦਾ ਸੰਸਦ ਮੈਂਬਰ ਯੂਡਿਤ ਕੌਲਨ ਨੇ ਅਨਮੋਲਜੀਤ ਕੌਰ ਨੂੰ ਆਪਣੇ ਪ੍ਰਤੀਨਿਧੀ ਵਜੋਂ ਚੁਣਿਆ ਹੈ, ਜਿਸ ਨੂੰ ਯੂਥ ਐਮ.ਪੀ. ਕਹਿੰਦੇ ਹਨ। ਅਨਮੋਲਜੀਤ ਕੌਰ ਪਹਿਲੀ ਮਾਰਚ 2019 ਤੋਂ 31 ਅਗਸਤ, 2019 ਤਕ ਇਹ ਅਹੁਦਾ ਸੰਭਾਲੇਗੀ। ਹੁਣ ਉਹ ਮੌਜੂਦਾ ਐਮ.ਪੀ. ਦੇ ਪ੍ਰਤੀਨਿਧੀ ਵਜੋਂ ਸੰਸਦ ਵਿਚ ਜੁਲਾਈ, 2019 ’ਚ ਹੋਣ ਵਾਲੇ ਸੈਸ਼ਨ ਵਿਚ ਸੰਬੋਧਨ ਕਰੇਗੀ। ਉਸ ਦੇ ਪਿਤਾ ਨੇ ਦਸਿਆ ਕਿ 17 ਸਾਲ ਦੀ ਉਮਰ ’ਚ ਉਹ ਯੂਨਾਈਟਿਡ ਨੇਸ਼ਨ ਲਈ ਹਾਈ ਸਕੂਲ ਦੀ ਅੰਬੈਸੇਡਰ ਵੀ ਰਹਿ ਚੁਕੀ ਹੈ।