ਕੰਮ ਤਾਂ ਮਲਕੀਤ ਸਿੰਘ ਨੂੰ ਡਾਕਟਰ ਨੇ ਦਿੱਤਾ ਸੀ ਤੂੰ ਮਲਕੀਤ ਸਿੰਘ ਮਿਸਤਰੀ ਨਾਲ ਕੰਮ ਤੇ ਲੱਗਿਆ ਸੀ। ਤੂੰ ਡਾਕਟਰ ਦੇ ਕੇਮ ’ਤੇ ਨਾ ਜਾਈਂ ਮਲਕੀਤ ਦੇ ਬਿਨਾਂ ਪੁੱਛੇ। ਮਲਕੀਤ ਗੁੱਸੇ ਹੋਵੇਗਾ ਕਿ ਮੇਰੇ ਕੰਮ ਤੇ ਤੂੰ ਕਿਉਂ ਲੱਗਿਆ ਐਵੇਂ ਮਿਸਤਰੀ ਭਾਈਚਾਰੇ ਵਿੱਚ ਗੱਲ ਉਠੇਗੀ ਕਿ ਤੂੰ ਮਿਸਤਰੀ ਦੇ ਅਸੂਲਾਂ ਦੇ ਖਿਲਾਫ ਚਲਦਾ ਹੈ। ਜਦੋਂ ਤੂੰ ਡਾਕਟਰ ਕੋਲ ਨਾ ਗਿਆ ਤਾਂ ਤੜਕੇ ਡਾਕਟਰ ਕੋਈ ਆਪਣਾ ਖਾਸ ਬੰਦਾ ਭੇਜੇਗਾ ਪਰ ਤੂੰ ਨਾ ਜਾਈਂ ਤੇ ਇੱਕੋਂ ਗੱਲ ਕਹੀਂ ਕਿ ਅਸੀਂ ਮਿਸਤਰੀ ਦੂਸਰੇ ਮਿਸਤਰੀ ਦੇ ਕੰਮ ਚਲਦੇ ਤੇ ਨਹੀਂ ਜਾਂਦੇ ਜਿੰਨਾਂ ਸਮਾਂ ਪਹਿਲਾਂ ਵਾਲਾ ਮਿਸਤਰੀ ਨਹੀਂ ਕਹਿੰਦਾ।’’
ਮੱਘਰ ਸਿੰਘ ਹਰ ਢੰਗ ਨਾਲ ਕਰ ਸਿੰਘ ਨੂੰ ਪੈਰਾਂ ਤੋਂ ਹਿਲਾ ਰਿਹਾ ਸੀ। ਹਰ ਕਿਸਮ ਦਾ ਹਰ ਢੰਗ ਉਸ ਨੇ ਵਰਤਿਆ ਤੇ ਅਖੀਰ ਕਰ ਸਿੰਘ ਨੂੰ ਆਪਣੇ ਨਾਲ ਦਸ਼ਮੇਸ਼ ਸਕੂਲ ਦੇ ਕੰਮ ਤੇ ਲੈ ਗਿਆ। ਤੇ ਨਾਲੇ ਮੱਘਰ ਸਿੰਘ ਖੁਸ਼ ਹੋਇਆ ਕਿ ਡਾਕਟਰ ਆਪਣੇ ਆਪ ਨੂੰ ਖੁਦਾ ਸਮਝਦਾ ਸੀ ਮੈਨੂੰ ਕੰਮ ਨਾ ਦੇ ਕੇ ਸੁਖਦੇਵ ਨੂੰ ਦੇ ਦਿੱਤਾ। ਹੁਣ ਪਤਾ ਲੱਗੂ ਜਦੋਂ ਕੰਮ ਬੰਦ ਰਿਹਾ। ਤੇ ਮਲਕੀਤ ਦੀ ਮਾਂ ਤਾਂ ਚਲੀ ਗੀ ਡਾਕਟਰ ਨਰਾਇਣ ਦੇ ਹਸਪਤਾਲ ਵਿਚ ਤੇ ਡਾਕਟਰ ਨਰਾਇਣ ਤਾਂ ਨਰਾਇਣ ਮੁਨੀ ਹੈ ਤਿੰਨ ਮਹੀਨੇ ਅਧਰੰਗ ਦੇ ਮਰੀਜ਼ ਨੂੰ ਆਪਣੇ ਹਸਪਤਾਲ ਵਿੱਚ ਪਾਈ ਰੱਖਦਾ ਹੈ ਤੇ ਫਿਰ ਤੋਰ ਦਿੰਦਾ ਹੈ ਚੰਡੀਗੜ੍ਹ ਪੀ.ਜੀ.ਆਈ. ਵਿਚ। ਜਾਂ ਦੇਵਤਿਆਂ ਦਾ ਨਰਾਇਣ ਮੁਨੀ ਸੀ ਜਾਂ ਇਹ ਪਟਿਆਲੇ ਦਾ ਨਰਾਇਣ ਮੁਨੀ ਡਾਕਟਰ। ਇਹ ਵਿਚਾਰ ਕਰਦਾ ਹੋਇਆ ਉਹ ਆਪਣੇ ਕੰਮ ਵਿੱਚ ਲੱਗ ਗਿਆ।
30 ਦਿਹਾੜੀਏ ਹੁਮ ਚਾਰ ਭਈਏ, ਮਿਸਤਰੀ ਤੇ ਕਰ ਸਿੰਘ ਅਤੇ ਮੱਘਰ ਸਿੰਘ ਹੋਰੀਂ ਦਿਨ ਰਾਤ ਕੰਮ ਵਿੱਚ ਲੱਗੇ ਰਹਿੰਦੇ। ਤੇ ਇੱਕ ਮਹੀਨੇ ਵਿੱਚ ਦਸ਼ਮੇਸ਼ ਸਕੂਲ ਦੀ ਬਿਲਡਿੰਗ ਲੈਂਟਰ ਤੇ ਲਿਆ ਦਿੱਤੀ। ਮੱਘਰ ਸਿੰਘ ਮਿਸਤਰੀ ਦੇ ਕੰਮ ਵਿੱਚ ਬਹੁਤ ਸੁਲਝਿਆ ਹੋਇਆ ਮਿਸਤਰੀ ਸੀ। ਉਸਨੇ ਝੱਟ ਹੀ ਕਿਹਾ, ‘‘ਲੈਂਟਰ ਦਾ ਸਾਰਾ ਕੰਮ ਤੁਸੀਂ ਠੇਕੇ ਤੇ ਕਰਵਾਉਣਾ ਜੀ ਆਪੇ ਲੈਂਟਰ ਬੰਨਣਗੇ ਤੇ ਆਪ ਢੂਲਾ ਬੰਨ੍ਹਣਗੇ। ਸਾਰਾ ਕੰਮ ਤਿੰਨ ਦਿਨਾਂ ਵਿੱਚ ਹੀ ਖਤਮ ਕਰ ਦੇਣਗੇ। ਅਸੀਂ ਤਾਂ ਪਤਾ ਨਹੀਂ ਕਿੰਨੇ ਮਹੀਨੇ ਲਾ ਦੇਈਏ। ਅੱਗੇ ਦੇਖੋ ਹਫਤਾ ਹੋ ਗਿਆ ਡਾਕਟਰ ਦੇ ਅਜੇ ਤੱਕ ਢੂਲਾ ਨਹੀਂ ਬੰਨ੍ਹਿਆ ਗਿਆ। ਲੈਂਟਰ ਤਾਂ ਪਤਾ ਨਹੀਂ ਕਦੋਂ ਪਵੇ।’’
ਮਿਸਤਰੀ ਮੱਘਰ ਦੀ ਗੱਲ ਮੰਨ ਕੇ ਦਸ਼ਮੇਸ਼ ਸਕੂਲ ਵਾਲਿਆਂ ਨੇ ਕੰਮ ਠੇਕੇ ਤੇ ਤਿੰਨ ਦਿਨਾਂ ਵਿੱਚ ਹੀ ਕਰਵਾ ਲਿਆ। ਲੋਕ ਹੈਰਾਨ ਰਹਿ ਗਏ ਕਿ 15 ਕਮਰਿਆਂ ਦਾ ਲੈਂਟਰ ਪੰਚਕੂਲੇ ਦਾ ਠੇਕੇਦਾਰ ਆ ਕੇ ਪਾ ਗਿਆ। ਉਹ ਆਪਣਾ ਸਾਰਾ ਸਾਮਾਨ ਸਾਰਾ ਕੁਝ ਨਾਲ ਲੈ ਕੇ ਆਇਆ ਸੀ।
ਇਲਾਕੇ ਵਿੱਚ ਦੋ ਮਹੀਨਿਆਂ ਵਿੱਚ ਸਕੂਲ ਤਿਆਰ ਕਰਨ ਦੀ ਗੱਲ ਹਵਾ ਦੀ ਤਰ੍ਹਾਂ ਫੈਲ ਗਈ ਕਿ ਇੰਨੀ ਜਲਦੀ ਸਕੂਲ ਤਿਆਰ ਹੋ ਗਿਆ ਤੇ ਫਿਰ ਮਿਸਤਰੀ ਨੇ ਹਫਤੇ ਬਾਅਦ ਹੀ ਢੂਲਾ ਖੋਲ੍ਹ ਕੇ ਕਾਫੀ ਭਾਈਏ ਮਿਸਤਰੀ ਇਕੱਠੇ ਕਰਕੇ 15 ਕਮਰਿਆਂ ਦਾ ਪਲਸਤਰ ਅਤੇ ਟਾਇਲਾਂ ਦਾ ਫਰਸ਼ ਹਫਤੇ ਵਿੱਚ ਲਗਾ ਕੇ ਸਕੂਲ ਤਿਆਰ ਕਰ ਦਿੱਤਾ। ਠੇਕੇ ’ਤੇ ਹੀ ਸਕੂਲ ਦੇ ਦਰਵਾਜੇ ਬਣਵਾਏ ਗਏ। ਕਲਾਸਾਂ ਸਕੂਲ ਦੀਆਂ 15 ਮਾਰਚ ਨੂੰ ਚੱਲਣੀਆਂ ਸਨ ਤੇ ਸਕੂਲ ਮਿਸਤਰੀ ਨੇ 20 ਫਰਵਰੀ ਨੂੰ ਤਿਆਰ ਕਰ ਦਿੱਤਾ।
ਮੱਘਰ ਮਿਸਤਰੀ ਨੇ ਕਰ ਸਿੰਘ ਨੂੰ ਨਾਲ ਰੱਖਣ ਵਾਸਤੇ ਹਿਸਾਬ ਕਿਤਾਬ ਪੂਰਾ ਕਰਨ ਤੋਂ ਬਾਅਦ ਆਪਣੇ ਹੱਥ ਰੰਗ ਲਏ 20 ਪ੍ਰਤੀਸ਼ਤ ਢੂਲੇ ਦਾ ਕਮਿਸ਼ਨ ਵੀ ਹੜੱਪਿਆ, ਕਰ ਸਿੰਘ ਨੂੰ ਖੁਸ਼ ਕਰਨ ਲਈ ਮਿਸਤਰੀ ਨੇ ਕਿਹਾ, ‘‘ਹੌਲੀ-ਹੌਲੀ ਸਭ ਸਮਝ ਜਾਏਂਗਾ। ਵਕਤ ਹੀ ਗੁਰੂ ਹੁੰਦਾ ਹੈ ਤੇ ਗਲਤੀਆਂ ਹੀ ਗੁਰੂ ਹੁੰਦੀਆਂ ਹਨ। ਕੱਲ੍ਹ ਨੂੰ ਇੱਥੇ ਪ੍ਰੋਗਰਾਮ ਹੋ ਰਿਹਾ ਹੈ। ਜਿਸ ਵਿੱਚ ਆਪਾਂ ਨੂੰ ਸਨਮਾਨਿਤ ਕੀਤਾ ਜਾਏਗਾ। ਹਾਂ ਆਹ ਲੈ 5 ਹਜ਼ਾਰ ਰੁਪਏ ਆਪਣੇ ਹਿੱਸੇ ਦੇ।’’ ‘‘ਆਪਾਂ ਦਿਹਾੜੀ ਤਾਂ ਲੈ ਲਈ ਫਿਰ ਇਹ ਕਾਹਦੇ?’’ ‘‘ਪਿਆਰੇ ਭਤੀਜ ਰੱਖ ਲੈ ਦੁਨੀਆਂ ਗੋਲ ਹੈ। ਇਹ ਪਾਪ ਦੀ ਕਮਾਈ ਨਹੀਂ ਇਹ ਹੱਕ ਹਲਾਲ ਦੀ ਕਮਾਈ ਹੈ। ਤੇ ਕੱਲ੍ਹ ਨੂੰ ਦਸ਼ਮੇਸ਼ ਕਮੇਟੀ ਸਾਨੂੰ ਸਨਮਾਨਿਤ ਕਰੇਗੀ।’’
ਅੱਜ ਸਨਮਾਨ ਸਮਾਰੋਹ ਸੀ। ਬਹੁਤ ਵੱਡਾ ਇਕੱਠ ਸੀ। ਸਾਰੇ ਲੋਕ ਬੈਠੇ ਸਨ। ਅਖੀਰ ਦਸ਼ਮੇਸ਼ ਸਕੂਲ ਦੇ ਪ੍ਰਧਾਨ ਨੇ ਸਾਰਿਆਂ ਦੀ ਆਉ ਭਗਤ ਕੀਤੀ ਅਤੇ ਕਿਹਾ ‘‘ਮੱਘਰ ਸਿੰਘ ਮਿਸਤਰੀ ਜਿਸ ਨਾਲ ਕਰ ਸਿੰਘ ਮਿਸਤਰੀ ਨੇ ਮੋਢੇ ਨਾਲ ਮੋਢਾ ਲਾਇਆ, ਦੱਸੀ ਹੋੀ ਤਾਰੀਖ ਤੋਂ ਇੱਕ ਮਹੀਨਾ ਪਹਿਲਾਂ ਸਾਡਾ 15 ਕਮਰਿਆਂ ਦਾ ਸਕੂਲ ਬਣਾ ਦਿੱਤਾ। ਅਸੀਂ ਬਹੁਤ ਖੁਸ਼ ਹਾਂ ਅਤੇ ਇਹਨਾਂ ਦੋਨਾਂ ਮਿਸਤਰੀਆਂ ਨੂੰ ਸੋਨੇ ਦੇ ਕੜੇ ਪਾਏ ਜਾਂਦੇ ਹਨ। ਹੁਣ ਮੱਘਰ ਸਿੰਘ ਅਤੇ ਕਰ ਸਿੰਘ ਹੋਰੀਂ ਆਪਣੇ ਵਿਚਾਰ ਤੁਹਾਨੂੰ ਦੱਸਣਗੇ।’’
ਮੱਘਰ ਸਿੰਘ ਮਿਸਤਰੀ ਨੇ ਕਿਹਾ, ‘‘ਸਾਡੀ ਡਿਊਟੀ ਹੁੰਦੀ ਹੈ ਕਿ ਮਾਲਕ ਨੂੰ ਖੁਸ਼ ਕਰਨਾ ਅਤੇ ਮਾਲਕ ਦੀ ਡਿਊਟੀ ਹੁੰਦੀ ਹੈ ਸਾਨੂੰ ਸਮੇਂ ਸਿਰ ਦਿਹਾੜੀ ਦੇਣੀ। ਮੈਨੂੰ ਖੁਸ਼ੀ ਹੈ ਕਿ ਅੱਜ ਦਸ਼ਮੇਸ਼ ਸਕੂਲ ਵਾਲਿਆ ਨੇ ਸਾਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਅਤੇ ਮੈਨੂੰ ਮੋਟੀ ਸੋਨੇ ਦਾ ਕੜਾ ਪਾ ਕੇ ਸਨਮਾਨਿਤ ਕੀਤਾ। ਅੱਗੇ ਤਾਂ ਜੇਕਰ ਕੋਈ ਸਨਮਾਨਿਤ ਕਰਦਾ ਤਾਂ ਇਕ ਐਸੀ ਚੀਜ਼ ਦਿੰਦਾ ਜਿਹੜੀ ਕਦੇ ਵੀ ਕੰਮ ਨਾ ਆਉਂਦੀ ਤਾਂ ਇਸ ਤੋਂ ਚੰਗਾ ਤਾਂ ਕੋਈ ਪੈਸਾ ਟਕਾ ਜਾਂ ਭਾਂਡਾ ਹੀ ਦੇ ਦਿੰਦਾ ਜਿਹੜਾ ਸਾਡੇ ਕੰਮ ਆਵੇ। ਪਰ ਅੱਜ ਮੈਨੂੰ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸਨਮਾਨ ਮਿਲਿਆ ਹੈ। ਇਹ ਤਿੰਨ ਤੋਲੇ ਦਾ ਸੋਨੇ ਦਾ ਕੜਾ ਜਿਸ ਨੂੰ ਪਾ ਕੇ ਮੈਂ ਬਹੁਤ ਹੀ ਖੁਸ਼ ਹਾਂ, ਇਹ ਸਭ ਤੋਂ ਵੱਡੀ ਖੁਸ਼ੀ ਜ਼ਿੰਦਗੀ ਦੀ ਮੈਨੂੰ ਪਹਿਲੀ ਵਾਰ ਮਿਲੀ ਹੈ। ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।’’
ਹੁਣ ਕਰ ਸਿੰਘ ਦੀ ਵਾਰੀ ਸੀ ਆਪਣੇ ਵਿਚਾਰ ਦੱਸਣ ਦੀ। ਕਰ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਕਿ, ‘‘ਮੈਂ ਦਸਵੀਂ ਵਿੱਚ ਮੈਰਿਟ ਵਿੱਚ ਆਇਆ ਸੀ। ਕਈ ਸਾਲ ਧੱਕੇ ਖਾਧੇ ਜਿਵੇਂ ਆਮ ਵਿਦਿਆਰਥੀ ਖਾਂਦੇ ਹਨ। ਕਰਜ਼ਾ ਸਿਰ ਚੜ੍ਹ ਗਿਆ। ਮੈਂ ਦਿਹਾੜੀ ਕਰਨ ਲੱਗ ਗਿਆ। ਨਾਲ ਹੀ ਇੱਥੋਂ ਦੀ ਇੱਕ ਅਕੈਡਮੀ ਵਿੱਚ ਨਾਈਟ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਮਿਸਤਰੀ ਦਾ ਕੰਮ ਸਿਖਾਇਆ ਜਾਂਦਾ ਸੀ। ਉਹ ਡਿਪਲੋਮਾ ਪ੍ਰਾਪਤ ਕਰਨ ਤੋਂ ਬਾਅਦ ਮੇਰੀ ਪੜ੍ਹੇ ਲਿਕੇ ਮਿਸਤਰੀ ਵਜੋਂ ਪਹਿਚਾਣ ਹੋਈ। ਤੇ ਮੈਂ ਇੱਥੋਂ ਤੱਕ ਪਹੁੰਚ ਗਿਆ। ਇਨਸਾਨ ਨੂੰ ਆਪਣਾ ਕੰਮ ਲਗਨ ਨਾਲ ਮਿਹਨਤ ਕਰਨ ਲਈ ਹੁੰਦੀ ਹੈ ਤੇ ਵਿਦਿਆ ਬਿਨਾਂ ਕੁਝ ਬਣਦਾ ਵੀ ਨਹੀਂ। ਉਹ ਵਿੱਦਿਆ ਪ੍ਰਾਪਤ ਕਰਕੇ ਸਾਨੂੰ ਕੋਈ ਧੰਨਾ ਕਰਨਾ ਚਾਹੀਦਾ ਹੈ। ਨਾ ਕਿ ਨੌਕਰੀਆਂ ਵੱਲ ਭੱਜਣਾ ਚਾਹੀਦਾ ਹੈ। ਇੱਕ ਸਾਲ ਵਿੱਚ ਮੈਂ ਆਪਣੇ ਪਿਉ ਦਾ ਕਰਜ਼ਾ ਉਤਾਰ ਦਿੱਤਾ। ਮਕਾਨ ਪੱਕਾ ਬਣਾ ਲਿਆ ਅਤੇ ਆਪਣੇ ਆਉਣ ਜਾਣ ਲਈ ਸਕੂਟਰ ਵੀ ਲੈ ਲਿਆ। ਦੁੱਧ ਲਈ ਮੱਝ ਰੱਖ ਲਈ। ਪਹਿਲਾਂ ਤਾਂ ਕਦੀ ਦੁੱਧ ਮਿਲਦਾ ਕਦੀ ਨਾ ਮਿਲਦਾ ਜਾਂ ਬੱਕਰੀ ਦਾ ਦੁੱਧ ਹੀ ਪੀਂਦੇ ਸੀ। ਜੇ ਮੈਨੂੰ ਨੌਕਰੀ ਮਿਲ ਜਾਂਦੀ ਤਾਂ ਕੀ ਹੋਣਾ ਸੀ। ਆਮ ਮੁਲਾਜ਼ਮ ਦੀ ਤਨਖਾਹ ਨਾਲੋਂ ਤਾਂ ਮਿਸਤਰੀ ਨੂੰ ਵਧੇਰੇ ਆਮਦਨ ਹੁੰਦੀ ਹੈ। ਤੇ ਮਾਣ ਇੱਜ਼ਤ ਵੱਖਰਾ ਮਿਲਦਾ ਹੈ। ਹੋਰ ਬਹੁਤ ਕੁਛ ਮੈਂ ਕਹਿਣਾ ਹੈ ਤੁਸੀਂ ਜਾਣਦੇ ਹੀ ਹੋ। ਮੈਂ ਬਹੁਤ ਧੰਨਵਾਦੀ ਹਾਂ ਦਸ਼ਮੇਸ਼ ਸਕੂਲ ਦੀ ਕਮੇਟੀ ਦੇ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖ਼ਸ਼ਿਆ ਅਤੇ ਅੱਗੇ ਵਧਣ ਲਈ ਮੈਨੂੰ ਨਵੀਂ ਸੋਚ ਦਿੱਤੀ ਤੇ ਮੈਨੂੰ ਤੇ ਮੇਰੇ ਨਾਲ ਦੇ ਸਾਥੀਆਂ ਨੂੰ ਕੰਮ ਪੂਰਾ ਕਰਨ ਤੋਂ ਪਹਿਲਾਂ ਹੀ ਡੀ.ਏ.ਵੀ. ਕਾਲਜ ਦੀ ਚਿਣਾਈ ਦਾ ਠੇਕਾ ਵੀ ਮਿਲ ਗਿਆ। ਜਿਸ ਵਿਚ 50 ਤੋਂ ਵੱਧ ਕਮਰੇ ਬਣਾਉਣੇ ਹਨ। ਤੇ ਅਸੀਂ ਇਹ ਕੰਮ 6 ਮਹੀਨਿਆਂ ਵਿੱਚ ਕਰਨਾ ਹੈ ਪਰ ਮੈਨੂੰ ਆਪਣੇ ਆਪ ਤੇ ਯਕੀਨ ਹੈ ਕਿ ਅਸੀਂ 4 ਮਹੀਨਿਆਂ ਵਿੱਚ ਹੀ ਕੰਮ ਪੂਰਾ ਕਰ ਲਵਾਂਗੇ। ਅੱਛਾ ਲੋਕਾਂ ਦੀ ਜਿੱਤ, ਕੰਮ ਮਿਹਨਤ ਦੀ ਜਿੱਤ ਹੋਵੇ।’’
ਡਾ. ਨਗਿੰਦਰ ਸਿੰਘ ਹਰੀਕਾ ਐਮ.ਡੀ.
ਖਾਲਸਾ ਰੂਰਲ ਹਸਪਤਾਲ ਅਤੇ ਮੈਡੀਕਲ ਕਾਲਜ
ਪਿੰਡ ਨੰਗਲ ਕਲਾਂ, ਜ਼ਿਲ੍ਹਾ ਮਾਨਸਾ (ਪੰਜਾਬ)
ਸੰਪਰਕ : 98760- 34567