ਸੁਨੀਲ ਕਟਾਰੀਆ
98768 53253
ਚੋਣਾਂ ਦੇ ਇਸ ਮੌਸਮ ਵਿਚ ਫ਼ਿਲਮਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਵਾਰ ਦੀਆਂ ਚੋਣਾਂ ‘ਚ ਸਿਆਸੀ ਤੜਕੇ ਵਾਲੀਆਂ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਨਹੀਂ ਹੈ ਕਿ ਸਿਰਫ਼ ਇਸ ਵਾਰ ਹੀ ਫ਼ਿਲਮਾਂ ਵਿਚ ਸਿਆਸੀ ਤੜਕਾ ਦੇਖਣ ਨੂੰ ਮਿਲਿਆ ਹੈ, ਬਲਕਿ ਸਮੇਂ ਸਮੇਂ ‘ਤੇ ਭਾਰਤੀ ਸਿਨੇਮਾ ‘ਚ ਸਿਆਸਤ ਦੇ ਆਲੇ ਦੁਆਲੇ ਫ਼ਿਲਮਾਂ ਦੀ ਕਹਾਣੀ ਬੁਣੀ ਜਾਂਦੀ ਰਹੀ ਹੈ। ਭਾਰਤੀਆਂ ਲਈ ਫ਼ਿਲਮਾਂ, ਸਿਆਸਤ ਤੇ ਕ੍ਰਿਕਟ ਹਮੇਸ਼ਾ ਹੀ ਪਸੰਦੀਦਾ ਮੁੱਦੇ ਰਹੇ ਹਨ ਅਤੇ ਇਹਨਾਂ ਵਿਚ ਸਾਡੀ ਦਿਲਚਸਪੀ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ। ਪਰ ਅੱਜ ਕੱਲ ਸਿਆਸਤ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਕਿਉਂਕਿ ਮੁਲਕ ਅੰਦਰ ਸਿਆਸੀ ਪਾਰਾ ਸਿਖ਼ਰਾਂ ‘ਤੇ ਹੈ। ਆਉਣ ਵਾਲੀਆਂ ਆਮ ਚੋਣਾਂ ਲਈ ਸਿਆਸੀ ਰੈਲੀਆਂ, ਬਹਿਸ, ਟੀਵੀ ਸ਼ੋਅਜ਼, ਪਿੰ੍ਰਟ ਮੀਡੀਆ ‘ਚ ਸਿਆਸੀ ਕਵਰੇਜ, ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਗੱਲਾਂ, ਹਰ ਪਾਸੇ ਹੀ ਸਿਆਸਤ, ਸਿਆਸਤਦਾਨ ਤੇ ਚੋਣਾਂ ਦੀਆਂ ਬਾਤਾਂ ਹਨ। ਇਸ ਵਾਰ ਚੋਣਾਂ ਤੋਂ ਬਿਲਕੁਲ ਪਹਿਲਾਂ ਇੱਕੋ ਹੀ ਦਿਨ (28 ਮਾਰਚ) ਸਿਆਸੀ ਤੜਕੇ
ਵਾਲੀਆਂ ਦੋ ਦੋ ਫ਼ਿਲਮਾਂ ਦੇਖਣ ਨੂੰ ਮਿਲੀਆਂ। ਜਿੰਨ੍ਹਾਂ ਵਿਚ ਨਿਰਦੇਸ਼ਕ ਸਈਦ ਅਹਿਮਦ ਅਫ਼ਜ਼ਲ ਦੀ ‘‘ਯੰਗੀਸਤਾਨ’’ ਅਤੇ ਨਿਰਦੇਸ਼ਕ ਉਮੇਸ਼ ਬਿਸਟ ਦੀ ‘‘ਓ ਤੇਰੀ’’ ਸ਼ਾਮਿਲ ਹੈ। ਗੱਲ ਪਹਿਲਾਂ ‘‘ਯੰਗੀਸਤਾਨ’’ ਦੀ ਕਰਦੇ ਹਾਂ। ਨਿਰਦੇਸ਼ਕ ਸਈਦ ਅਹਿਮਦ ਅਫ਼ਜ਼ਲ ਨੂੰ ਇਸ ਫ਼ਿਲਮ ਨੂੰ ਰੀਲੀਜ਼ ਕਰਨ ਲਈ ਇਸ ਤੋਂ ਢੁੱਕਵਾਂ ਸਮਾਂ ਨਹੀਂ ਮਿਲ ਸਕਦਾ ਸੀ। ਫ਼ਿਲਮ ਦਾ ਹੀਰੋ ਅਭਿਮਨੀਯੂ (ਜੈਕੀ ਭਗਨਾਨੀ) ਇੱਕ ਨੌਜਵਾਨ ਸਿਆਸਤਦਾਨ ਹੈ ਅਤੇ ਮੁਲਕ ‘ਚ ਬਦਲਾਅ ਚਾਹੁੰਦਾ ਹੈ। ਯੰਗੀਸਤਾਨ ਵਿਚ ਨੌਜਵਾਨ ਸਿਆਸਤਦਾਨ ਅਤੇ ਉਸਦੀ ਸਿਆਸੀ ਜ਼ਿੰਦਗੀ ਦੇ ਵਿਚਕਾਰ ਤਾਲਮੇਲ ਦਿਖਾਇਆ ਗਿਆ ਹੈ। ਜਾਪਾਨ ਤੋਂ ਪਰਤੇ ਇਸ ਸਿਆਸਤਦਾਨ ਨੂੰ ਭਾਰਤ ਆਉਂਦੇ ਹੀ ਸੀਨੀਅਰ ਪਾਰਟੀ ਆਗੂਆਂ ਵੱਲੋਂ ਕੁਝ ਸਮੇਂ ਲਈ ਪ੍ਰਧਾਨ ਮੰਤਰੀ ਬਨਾਉਣ ਦਾ ਫੈਸਲਾ ਲਿਆ ਜਾਂਦਾ ਹੈ ਕਿਉਂਕਿ ਅਭਿਮਨੀਯੂ ਦੇ ਪ੍ਰਧਾਨ ਮੰਤਰੀ – ਪਿਤਾ ਦਸ਼ਰਥ ਕੌਲ (ਬੋਮਨ ਇਰਾਨੀ) ਬੇਹਦ ਬੀਮਾਰ ਹਨ। ਓਧਰ ਦੂਜੇ ਪਾਸੇ ਉਸਦੀ ਮਹਿਬੂਬਾ ਅਨਵੀ (ਨੇਹਾ ਸ਼ਰਮਾ) ਉਸਦੇ ਸਿਆਸਤ ‘ਚ ਆਉਣ ਦੇ ਫੈਸਲੇ ਤੋਂ ਹੈਰਾਨ ਹੈ। ਸੋ ਕਹਾਣੀ ਮੁਹੱਬਤ ਤੇ ਸਿਆਸਤ ਦੇ ਆਲੇ ਦੁਆਲੇ ਘੁੰਮਦੀ ਹੈ। ਚੰਗੇ ਸੰਗੀਤ ਤੇ ਅਲਫ਼ਾਜਾਂ ਵਾਲੀ ਇਸ ਫ਼ਿਲਮ ਨੂੰ ਚੋਣਾਂ ਦੇ ਇਸ ਮਾਹੌਲ ਵਿਚ ਦਰਸ਼ਕਾਂ ਨੇ ਖਾਸ ਤੌਰ ‘ਤੇ ਨੌਜਵਾਨ ਦਰਸ਼ਕਾਂ ਨੇ ਬੇਹਦ ਪਸੰਦ ਕੀਤਾ ਹੈ। ਜੈਕੀ ਭਗਨਾਨੀ ਨੇ ਹੈਰਾਨ ਕਰ ਦੇਣ ਵਾਲੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ ਅਤੇ ਆਪਣੇ ਆਪ ਨੂੰ ਕਿਰਦਾਰ ‘ਚ ਚੰਗਾ ਪੇਸ਼ ਕੀਤਾ ਹੈ। ਬੋਮਨ ਇਰਾਨੀ ਤੋਂ ਇਲਾਵਾ ਮਰਹੂਮ ਅਦਾਕਾਰ ਫਾਰੂਖ਼ ਸ਼ੇਖ਼ ਦੀ ਅਦਾਕਾਰੀ ਨੇ ਵੀ ਕਮਾਲ ਕੀਤਾ ਹੈ। ਕੁੱਲ ਮਿਲਾਕੇ ਫ਼ਿਲਮ ਦੇਖਣ ਯੋਗ ਹੈ ਅਤੇ ਪੈਸਾ ਵਸੂਲ ਹੈ। ਦੂਜੀ ਫ਼ਿਲਮ ‘‘ਓ ਤੇਰੀ’’ ਨਿਰਦੇਸ਼ਕ ਉਮੇਸ਼ ਬਿਸਟ ਦੀ ਫ਼ਿਲਮ ਹੈ, ਜਿਸ ਵਿਚ ਪੁਲਕੀਤ ਸਮਰਾਟ ਤੇ ਬਿਲਾਲ ਅਮਰੋਹੀ ਨੇ ਮੁੱਖ ਕਿਰਦਾਰ ਨਿਭਾਏ ਹਨ। ਚੋਣਾਂ ਦਾ ਬੁਖ਼ਾਰ ਸਿਖ਼ਰ ‘ਤੇ ਹੈ ਅਤੇ ਇਸ ਦੌਰਾਨ ਕਈ ਤਰਾਂ ਦੇ ਇਲਜ਼ਾਮ ਵੀ ਦੇਖਣ ਸੁਨਣ ਨੂੰ ਮਿਲਦੇ ਹਨ। ਭ੍ਰਿਸ਼ਟਾਚਾਰ, ਰਿਸ਼ਵਤ, ਘੁਟਾਲੇ, ਧੋਖਾਧੜੀ ਆਦਿ ਕਈ ਤਰਾਂ ਦੇ ਕਾਰੇ ਸਿਆਸਤਦਾਨਾਂ ਵੱਲੋਂ ਕੀਤੇ ਜਾਂਦੇ ਹਨ। ਫ਼ਿਲਮ ਵੀ ਕੁਝ ਅਜੀਹੇ ਮਸਲਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਕਹਾਣੀ ਦੋ ‘‘ਟਰੇਨੀ ਪੱਤਰਕਾਰਾਂ’’ ਪਰੰਤਾਭ (ਪੁਲਕੀਤ ਸਮਰਾਟ) ਤੇ ਆਨੰਦ (ਬਿਲਾਲ ਅਮਰੋਹੀ) ਜਿਹੜੇ ਕਿ ਦਿੱਲੀ ਦੇ ਇਕ ਨਿਉਜ਼ ਚੈਨਲ ’ਚ ਕੰਮ ਕਰਦੇ ਹਨ ਨਾਲ ਜੁੜੀ ਹੈ। ਇਹ ਦੋਵੇਂ ਆਪਣੀ ਸੀਨੀਅਰ (ਸਾਰਾਹ ਜੇਨ) ਨੂੰ ਆਪਣੀ ਕਾਬਲੀਅਤ ਦਿਖਾਉਣ ਲਈ ਕਿਸੇ ਵੱਡੇ ਘੁਟਾਲੇ ਦੀ ਭਾਲ ’ਚ ਹਨ। ਅਚਾਨਕ ਕਹਾਣੀ ਯੂ ਟਰਨ ਲੈਂਦੀ ਹੈ ਅਤੇ ਇਹਨਾਂ ਦੀ ਕਾਰ ’ਚ ਇੱਕ ਡੈਡ ਬਾਡੀ (ਲਾਸ਼) ਆ ਡਿੱਗਦੀ ਹੈ ਅਤੇ ਇਸੇ ਦੌਰਾਨ ਇੱਕ ਸੀਡੀ ਜਿਸ ਵਿਚ ਸਿਆਸਤਦਾਨ (ਅਨੁਪਮ ਖੇਰ) ਦੇ ਵੱਡੇ ਘੁਟਾਲਿਆਂ ਦੀ ਜਾਣਕਾਰੀ ਹੈ, ਇਹਨਾਂ ਦੇ ਹੱਥ ਲੱਗਦੀ ਹੈ। ਇਸਤੋਂ ਬਾਅਦ ਹੀ ਫ਼ਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਨਿਰਦੇਸ਼ਕ ਉਮੇਸ਼ ਬਿਸਟ ਨੇ ਅਸਲ ਜ਼ਿੰਦਗੀ ਚੋਂ ਕਈ ਪਹਿਲੂ ਫ਼ਿਲਮ ਵਿਚ ਸਫ਼ਲ ਤੌਰ ‘ਤੇ ਦਿਖਾਏ ਹਨ। ਠੇਕਦਾਰ ਦੀ ਬਦਮਾਸ਼ੀ ਹੋਵੇ, ਸਿਆਸਤਦਾਨਾਂ ਦਾ ਭ੍ਰਿਸ਼ਟਾਚਾਰ ਹੋਵੇ, ਇਹਨਾਂ ਨੂੰ ਨਿਰਦੇਸ਼ਕ ਨੇ ਹਾਸਿਆਂ ਨਾਲ ਲਬਰੇਜ਼ ਸੰਵਾਦ, ਹੈਰਾਨ ਕਰ ਦੇਣ ਵਾਲੇ ਏਪੀਸੋਡ ਅਤੇ ਗੀਤਾਂ ਰਾਹੀਂ ਵਿਅੰਗਾਤਮਕ ਤਰੀਕੇ ਨਾਲ ਪੇਸ਼ ਕੀਤਾ ਹੈ। ਪੁਲਕੀਤ ਸਮਰਾਟ, ਬਿਲਾਲ ਸਈਦ ਤੇ ਅਨੁਪਮ ਖ਼ੇਰ ਨੇ ਵੀ ਚੰਗਾ ਕੰਮ ਕੀਤਾ ਹੈ। ਵਿਜੇ ਰਾਜ ਦੇ ਕੰਮ ਨੇ ਸਭ ਦਾ ਦਿਲ ਜਿੱਤਿਆ ਹੈ ਅਤੇ ਕਾਫੀ ਸਮੇਂ ਬਾਅਦ ਮੰਦੀਰਾ ਬੇਦੀ ਨੇ ਪ੍ਰਭਾਵੀ ਐਂਟਰੀ ਮਾਰੀ ਹੈ। ਔਸਤ ਸਕਰੀਨ ਪਲੇਅ ਕਾਰਨ ਫ਼ਿਲਮ ਥੋੜੀ ਢਿੱਲੀ ਹੈ, ਪਰ ਅਦਾਕਾਰਾਂ ਨੇ ਚੰਗਾ ਕੰਮ ਕੀਤਾ ਹੈ। ਗੱਲ ਨਾਮੀਂ ਅਦਾਕਾਰ ਤੇ ਨਿਰਦੇਸ਼ਕ ਰਜਤ ਕਪੂਰ ਦੀ ਫ਼ਿਲਮ ‘‘ਆਂਖੋ ਦੇਖੀ’’ ਦੀ ਜਿਹੜੀ (21 ਮਾਰਚ) ਨੂੰ ਰੀਲੀਜ਼ ਹੋਈ। ਫ਼ਿਲਮ ਵਿਚ ਮੁੱਖ ਕਿਰਦਾਰਾਂ ’ਚ ਸੰਜੇ ਮਿਸ਼ਰਾ, ਰਜਤ ਕਪੂਰ ਤੇ ਸੀਮਾ ਪਾਹਵਾ ਸ਼ਾਮਿਲ ਹਨ। ਸਿਆਸਤ ’ਚ ਆਏ ‘ਆਮ ਆਦਮੀ’ ਫੈਕਟਰ ਦੀ ਚਰਚਾ ਪੂਰੇ ਮੁਲਕ ’ਚ ਹੈ ਅਤੇ ਇਸੇ ਆਮ ਆਦਮੀ ਦੀ ਮਾਨਸਿਕ ਤਸਵੀਰ ਨੂੰ ਪੇਸ਼ ਕਰਦੀ ਹੈ ਰਜਤ ਕਪੂਰ ਦੀ ਫ਼ਿਲਮ ‘‘ਆਂਖੋ ਦੇਖੀ’’। ਆਂਖੋ ਦੇਖੀ ਇੱਕ ਸਾਂਝੇ ਪਰਿਵਾਰ ’ਚ ਰਹਿੰਦੇ ‘ਆਮ ਆਦਮੀ’ ਬਾਅੂ ਜੀ (ਸੰਜੇ ਮਿਸ਼ਰਾ) ਦੇ ਹਰ ਰੋਜ਼ ਦੀ ਜ਼ਿੰਦਗੀ ਜਿਉਣ ਦੀ ਲੜਾਈ, ਸਾਂਝੇ ਪਰਿਵਾਰ ’ਚ ਰਹਿੰਦੇ ਹੋਏ ਸੁੱਖ ਦੁੱਖ, ਦੁਨੀਆਵੀ ਮੁੱਦੇ ਆਦਿ ਨਾਲ ਦੋ ਚਾਰ ਹੋਣ ਦੀ ਕਹਾਣੀ ਹੈ। ਕਹਾਣੀ ਦੇ ਇੱਕ ਮੋੜ ’ਤੇ ਆ ਕੇ ਬਾਅੂ ਜੀ ਫੈਸਲਾ ਕਰਦੇ ਹਨ ਉਹ ਉਸ ਗੱਲ ’ਤੇ ਹੀ ਵਿਸ਼ਵਾਸ ਕਰਣਗੇ ਜੋ ਉਹਨਾਂ ਦੇ ਸਾਹਮਣੇ ਹੋਵੇਗੀ ਨਾ ਕਿ ਉਸ ’ਤੇ ਜਿਹੜੀ ਕਿ ਉਹਨਾਂ ਨੇ ਸਿਰਫ਼ ਸੁਣੀ ਹੋਵੇਗੀ। ਬਾਅੂ ਜੀ ਦਾ ਇਹ ਸੁਭਾਅ ਉਹਨਾਂ ਦੇ ਪਰਿਵਾਰ ਤੇ ਕਰੀਬੀਆਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ ਅਤੇ ਇਸੇ ਸੁਭਾਅ ਕਰਕੇ ਬਾਅੂ ਜੀ ਆਪਣੀ ਨੌਕਰੀ ਵੀ ਛੱਡ ਦਿੰਦੇ ਹਨ। ਬਾਅੂ ਜੀ ਦਾ ਭਰਾ (ਰਜਤ ਕਪੂਰ) ਤੇ ਭਾਬੀ (ਸੀਮਾ ਪਾਹਵਾ) ਉਹਨਾਂ ਦੇ ਸੁਭਾਅ ਤੋਂ ਤੰਗ ਆ ਜਾਂਦੇ ਹਨ ਅਤੇ ਬਾਅਦ ’ਚ ਬਾਅੂ ਜੀ ਫੈਸਲਾ ਕਰਦੇ ਹਨ ਕਿ ਉਹ ਚੁੱਪ ਹੀ ਰਹਿਣਗੇ ਅਤੇ ਆਪਣੇ ਹਾਵ ਭਾਵ ਨਾਲ ਹੀ ਸੰਚਾਰ ਕਰਣਗੇ। ਆਮ ਆਦਮੀ ਦੇ ਮਾਨਸਿਕ ਹਾਲਾਤਾਂ ਨੂੰ ਬਿਆਨ ਕਰਦੀ ਇਸ ਫ਼ਿਲਮ ’ਚ ਸੰਜੇ ਮਿਸ਼ਰਾ ਨੇ ਹਮੇਸ਼ਾ ਵਾਂਗ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਰਜਤ ਕਪੂਰ ਨੇ ਅਦਾਕਾਰ ਤੇ ਨਿਰਦੇਸ਼ਕ ਹੋਣ ਦੇ ਨਾਲ ਨਾਲ ਲੇਖਕ ਦੋ ਤੌਰ ’ਤੇ ਵੀ ਆਪਣੀ ਛਾਪ ਛੱਡੀ ਹੈ। ਕੁੱਲ ਮਿਲਾਕੇ ਆਂਖੋ ਦੇਖੀ ਚੰਗੀ ਫ਼ਿਲਮ ਹੈ ਪਰ ਕਮਰਸ਼ੀਅਲ ਪੱਖ ਤੋਂ ਸਫ਼ਲ ਹੋਣ ’ਚ ਕਾਮਯਾਬ ਨਹੀਂ ਹੋ ਸਕੀ।
ਮਹਾਨਾਇਕ ਅਮਿਤਾਭ ਬੱਚਣ ਦੀ ‘‘ਭੂਥਨਾਥ ਰਿਟਰਨਜ਼’’ 11 ਅਪ੍ਰੈਲ ਨੂੰ ਰੀਲੀਜ਼ ਹੋ ਰਹੀ ਹੈ। ਇਸਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਜਾਂ ਕਹੀਏ ਕਿ ਫ਼ਿਲਮ ਦੀ ਨਿਰਮਾਤਾ ਕੰਪਨੀ ਟੀ-ਸੀਰੀਜ਼ ਨੇ ਬਾਕੀਆਂ ਫ਼ਿਲਮਾਂ ਨਾਲੋ ਇਸ ਦੀ ਰੀਲੀਜ਼ ਤਰੀਕ ਦਾ ਬਿਲਕੁਲ ਢੁਕਵਾਂ ਫੈਸਲਾ ਲਿਆ ਹੈ। ਮੁਲਕ ਦੇ ਵਿਚ ਚੋਣਾਂ ਦਾ ਮਾਹੌਲ ਹੈ ਤੇ ਕਈ ਸੂਬਿਆਂ ’ਚ ਚੋਣਾਂ 10 ਅਪ੍ਰੈਲ ਨੂੰ ਹੋ ਰਹੀਆਂ ਹਨ ਅਤੇ ਇਹਨਾਂ ਚੋਣਾਂ ਦੇ ਦੌਰਾਨ ਹੀ ਇਹ ਫ਼ਿਲਮ ਰੀਲੀਜ਼ ਹੋ ਰਹੀ ਹੈ ਜਿਸ ਵਿਚ ਜਬਰਦਸਤ ਸਿਆਸੀ ਵਿਅੰਗ ਕੀਤਾ ਗਿਆ ਹੈ ਅਤੇ ਇਸ ਗੱਲ ਦਾ ਅੰਦਾਜ਼ਾ ਇਸ ਫ਼ਿਲਮ ਦੇ ਟਰੇਲਰ ’ਚ ਸ਼ਾਮਿਲ ਸੰਵਾਦ ਤੋਂ ਹੋ ਲਗਾਇਆ ਜਾ ਸਕਦਾ ਹੈ। ਸਿਰਫ਼ ਸੰਵਾਦ ਹੀ ਨਹੀਂ ਇਸ ਫ਼ਿਲਮ ਵਿਚਲੇ ਗੀਤ ‘‘ਪਾਰਟੀ ਤੋ ਬਨਤੀ ਹੈ’’ ਅਤੇ ‘‘ਹਰ ਹਰ ਗੰਗੇ’’ ਦੇ ਬੋਲਾਂ ਵਿੱਚ ਫ਼ਿਲਮ ਨਾਲ ਜੁੜੇ ਸਿਆਸੀ ਕਿਰਦਾਰ ’ਤੇ ਹੁੰਦੇ ਸ਼ਬਦੀ ਹਮਲਿਆਂ ਦਾ ਜ਼ਿਕਰ ਹੈ।
‘‘ਭੂਥਨਾਥ ਰਿਟਰਨਜ਼’’ ਇਸ ਤੋਂ ਪਹਿਲਾਂ ਆਈ ਫ਼ਿਲਮ ‘‘ਭੂਥਨਾਥ’’ ਦਾ ਹੀ ਸਿਕਵਲ ਹੈ ਅਤੇ ਕਹਾਣੀ ਨੂੰ ਅੱਗੇ ਤੋਰਦੀ ਹੈ। ਫ਼ਿਲਮ ਵਿਚ ਅਮਿਤਾਭ ਬੱਚਣ ਤੋਂ ਇਲਾਵਾ ਬਾਲ ਕਲਾਕਾਰ ਪਰਥ ਭਲੇਰਾਓ ਅਤੋੇ ਬੋਮਨ ਇਰਾਨੀ ਸ਼ਾਮਿਲ ਹਨ। ਅਮਿਤਾਭ ਇੱਕ ਵਾਰ ਫਿਰ ਤੋਂ ਭੂਤ ਦੇ ਹੀ ਕਿਰਦਾਰ ’ਚ ਹਨ ਜੋ ਕਿ ਸਿਰਫ਼ ਸਲਮ ’ਚ ਰਹਿਣ ਵਾਲੇ ਅਖਰੋਟ (ਪਰਥ) ਨੂੰ ਦਿਸਦਾ ਹੈ। ਦੋਵਾਂ ’ਚ ਨਿੱਘੀ ਦੋਸਤੀ ਹੈ ਤੇ ਦੋਵੇਂ ਇੱਕ ਅਜਿਹੇ ਵੱਡੇ ਮੰਤਵ ਲਈ ਲੱਗ ਜਾਂਦੇ ਹਨ ਜਿਹਨਾਂ ਬਾਰੇ ਉਹਨਾਂ ਸੋਚਿਆ ਵੀ ਨਹੀਂ ਹੁੰਦਾ। ਮੁਲਕ ਦੇ ਪ੍ਰਭਾਵੀ ਤੇ ਭ੍ਰਿਸ਼ਟ ਸਿਆਸਤਦਾਨ ਭਾਊ ਦੀ ਪੋਲ ਖੋਲਣ ’ਚ ਦੋਵੇਂ ਲੱਗ ਜਾਂਦੇ ਹਨ। ਚੋਣ ਨੇੜੇ ਹਨ ਅਤੇ ਭਾਊ ਆਪਣੀ ਜਿੱਤ ਚਾਹੁੰਦਾ ਹੈ, ਪਰ ਭੂਤ ਤੇ ਅਖਰੋਟ ਇਸ ਵਿਚ ਕਈ ਝਮੇਲੇ ਪੈਦਾ ਕਰਦੇ ਹਨ। ਆਮ ਆਦਮੀ ਜਿਹੜਾ ਕਿ ਸਿਆਸਤ ਤੋਂ ਡਰਦਾ ਹੈ, ਉਸਦੀ ਮਦਦ ਲਈ ਭੂਤ ਆਉਂਦਾ ਹੈ ਅਤੇ ਸਹੀ ਲਈ ਖੜਦਾ ਹੈ ਤੇ ਬੇਇਨਸਾਫੀ ਲਈ ਲੜਦਾ ਹੈ। ‘‘ਭੂਥਨਾਥ ਰਿਟਰਨਜ਼’’ ਇੱਕ ਮਨੋਰੰਜਕ ਫ਼ਿਲਮ ਹੈ ਜਿਸ ਵਿੱਚ ਪ੍ਰਭਾਵਸ਼ਾਲੀ ਸਿਆਸਤਦਾਨ ਦੇ ਬੁਰੇ ਕੰਮਾਂ ਦੀ ਪੋਲ ਖੋਲੀ ਗਈ ਹੈ। ਇਸਦੇ ਨਾਲ ਹੀ ਨਿਰਦੇਸ਼ਕ ਫ਼ਿਰੋਜ਼ ਅਬੱਾਸ ਖਾਨ ਦੀ 18 ਅਪ੍ਰੈਲ ਨੂੰ ਰੀਲੀਜ਼ ਹੋਣ ਵਾਲੀ ‘‘ਦੇਖ ਤਮਾਸ਼ਾ ਦੇਖ’’ ਇਕ ਸੱਚੀ ਕਹਾਣੀ ’ਤੇ ਅਧਾਰਿਤ ਸਿਆਸੀ ਤੇ ਸਮਾਜਿਕ ਵਿਅੰਗ ਹੈ।
ਨਵਾਂ ਨਹੀਂ ਹੈ ਫ਼ਿਲਮਾਂ ’ਚ ਸਿਆਸੀ ਤੜਕਾ
ਭਾਵੇਂ ਕਿ ਇਸ ਸਾਲ ਸਾਨੂੰ ਸਿਆਸਤ ਨਾਲ ਜੁੜੀਆਂ ਕਈ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ, ਪਰ ਸਿਆਸਤ ਤੇ ਸਿਨੇਮਾ ਦਾ ਇਹ ਰੁਝਾਨ ਲੰਮੇ ਸਮੇਂ ਤੋਂ ਫ਼ਿਲਮ ਇੰਡਸਟਰੀ ਵਿਚ ਚਲਦਾ ਆ ਰਿਹਾ ਹੈ। ਭਾਵੇਂ ਗੱਲ ਸੰਜੀਵ ਕੁਮਾਰ ਤੇ ਸੁਚਿੱਤਰਾ ਸੇਨ ਦੀ ਫ਼ਿਲਮ ‘‘ਆਂਧੀ’’ ਦੀ ਹੋਵੇ ਜਾਂ ਫਿਰ ਪ੍ਰਕਾਸ਼ ਝਾ ਦੀਆਂ ਫ਼ਿਲਮਾਂ ‘‘ਰਾਜਨੀਤੀ’’, ‘‘ਸੱਤਿਆਗ੍ਰਹਿ’’, ‘‘ਅਪਹਰਣ’’ ਤੇ ‘‘ਗੰਗਾਜਲ’’ ਦੀ ਹੋਵੇ। ਬਾਲੀਵੁੱਡ ਦੇ ਵਿਚ ਸਮੇਂ ਸਮੇਂ ’ਤੇ ਵੱਖ ਵੱਖ ਵਿਸ਼ਿਆਂ ’ਤੇ ਫ਼ਿਲਮਾਂ ਬਣੀਆਂ ਹਨ। ਭਾਵੇਂ ਦੇਸ਼ ਭਗਤੀ ਦੀ ਗੱਲ ਹੋਵੇ ਜਾਂ ਫਿਰ ਗਰੀਬੀ ਦੀ, ਸਮਾਜ ਦੇ ਹਰ ਪਹਿਲੂ ਨੂੰ ਫ਼ਿਲਮਕਾਰਾਂ ਨੇ ਭੁਨਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਸੌਮਿਕ ਸੇਨ ਦੀ ਮਾਧੁਰੀ ਤੇ ਜੂਹੀ ਦੀ ਬਿਹਤਰੀਨ ਅਦਾਕਾਰੀ ਵਾਲੀ ‘‘ਗੁਲਾਬ ਗੈਂਗ’’ ਵੀ ਸਿਆਸਤ ਦੇ ਆਲੇ ਦੁਆਲੇ ਹੀ ਬੁਣੀ ਗਈ ਸੀ। 2006 ’ਚ ਆਈ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ‘‘ਰੰਗ ਦੇ ਬਸੰਤੀ’’ ਨੇ ਸਿਆਸੀ ਤੜਕੇ ਵਾਲੀਆਂ ਫ਼ਿਲਮਾਂ ਦੇ ਮਾਮਲੇ ’ਚ ਹੁਣ ਤਕ ਬੇਹਦ ਜਬਰਦਸਤ ਰਿਸਪਾਂਸ ਹਾਸਿਲ ਕੀਤਾ ਤੇ ਕਰੀਬ 60 ਕਰੋੜ ਦੀ ਕਮਾਈ ਵੀ ਕੀਤੀ। ਸਿਆਸਤ ਤੋਂ ਪ੍ਰੇਰਿਤ ਅਮਿਤਾਭ ਦੀ ਫ਼ਿਲਮ ‘‘ਮੈਂ ਆਜਾਦ ਹੂੰ’’ ਵੀ ਖਾਸ ਤੌਰ ’ਤੇ ਸਰਾਹੀ ਗਈ ਸੀ। 1989 ’ਚ ਪਰਦਾਪੇਸ਼ ਹੋਈ ਇਸ ਫ਼ਿਲਮ ’ਚ ਅਮਿਤਾਭ ਨੇ ਇੱਕ ਨੌਜਾਵਾਨ ਦਾ ਰੋਲ ਅਦਾ ਕੀਤਾ ਸੀ ਜਿਹੜਾ ਨੌਕਰੀ ਦੀ ਭਾਲ ’ਚ ਸ਼ਹਿਰ ਆਉਂਦਾ ਹੈ ਅਤੇ ਉਸ ਨੂੰ ਪਾਗਲ ਸਮਝ ਕੇ ਸਿਆਸਤ ਨਾਲ ਜੁੜੇ ਕਈ ਲੋਕ ਉਸਦਾ ਫਾਇਦਾ ਚੁੱਕਣਾ ਚਾਹੁੰਦੇ ਹਨ। ‘‘ਗੁਲਾਲ’’ ਫ਼ਿਲਮ ਰਾਜਸਥਾਨ ਦੇ ਰਾਜਪੂਤ ਵਿਦਿਆਰਥੀਆਂ ਦੀ ਕਹਾਣੀ ਹੈ ਅਤੇ ਇਹ ਰਾਜਸਥਾਨ ਦੇ ਹੀ ਆਲੇ ਦੁਾਲੇ ਘੁੰਮਦੀ ਹੈ। ਇਸ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਰਾਜਪੂਤ ਆਪਣਾ ਸਿਆਸੀ ਰਾਜ ਵਾਪਿਸ ਲੈਣ ਦੀ ਕੋਸ਼ਿਸ਼ ਕਰਦੇ ਹਨ।
ਫ਼ਿਲਮ ਧੋਖਾ, ਝੂਠੀ ਰਾਜਪੂਤੀ ਸ਼ਾਨੋ ਸ਼ੌਕਤ ਆਦਿ ਵਿਸ਼ਿਆਂ ’ਤੇ ਆਧਾਰਿਤ ਹੈ। ‘‘ਏਕ ਬੁਰਾ ਆਦਮੀ’’, ‘‘ਖਾਕੀ’’, ‘‘ਮਦਰਾਸ ਕੈਫੇ’’ , ‘‘ਕਿੱਸਾ ਕੁਰਸੀ ਕਾ’’, ‘‘ਸਰਕਾਰ’’ , ‘‘ਫਿਰ ਭੀ ਦਿਲ ਹੈ ਹਿੰਦੁਸਤਾਨੀ’’ ਆਦਿ ਕਈ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਵਿਚ ਸਮੇਂ ਸਮੇਂ ’ਤੇ ਸਿਆਸੀ ਤੜਕਾ ਲਗਾਇਆ ਗਿਆ। ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ 2005 ’ਚ ਆਈ ‘‘ਸਰਕਾਰ’’ ਪੂਰੀ ਤਰਾਂ ਸਿਆਸਤ ਦੇ ਆਲੇ ਦੁਆਲੇ ਹੀ ਬਣਾਈ ਗਈ ਫ਼ਿਲਮ ਹੈ ਜਿਸ ਵਿਚ ਅਮਿਤਾਭ ਬੱਚਣ, ਅਭਿਸ਼ੇਕ ਬੱਚਣ, ਕੇ ਕੇ ਮੈਨੇਨ, ਕਟਰੀਨਾ ਕੈਫ਼ ਨੇ ਚੰਗਾ ਕੰਮ ਕੀਤਾ ਤੇ ਇਸੇ ਫ਼ਿਲਮ ਦਾ ਸਿਕਵਲ ਬਣੀ 2008 ’ਚ ਆਈ ‘‘ਸਰਕਾਰ ਰਾਜ’’। ਹਿੰਦੁਸਤਾਨ ਦੀ ਸਿਆਸਤ ਦੇ ਦੁਆਲੇ ਬਣੀਆਂ ਇਹਨਾਂ ਫ਼ਿਲਮਾਂ ਨੇ ਕਮਰਸ਼ੀਅਲ ਪੱਖ ਤੋਂ ਭਾਵੇਂ ਸਫਲਤਾ ਨਾ ਹਾਸਿਲ ਕੀਤੀ ਹੋਵੇ, ਪਰ ਸੂਝਵਾਨ ਦਰਸ਼ਕਾਂ ਨੇ ਇਹਨਾਂ ਫ਼ਿਲਮਾਂ ਨੂੰ ਖੂਬ ਪਸੰਦ ਕੀਤਾ।
ਅੱਜ ਵੀ ਲੋਕ ਚੇਤੇ ਕਰਦੇ ਹਨ ਅਨਿਲ ਕਪੂਰ ਦੀ ‘‘ਨਾਇਕ’’
2001 ਵਿਚ ਆਈ ਫ਼ਿਲਮ ‘ਨਾਇਕ’ ਵੀ ਸਿਆਸਤ ਤੋਂ ਪ੍ਰੇਰਿਤ ਬੇਹਦ ਅਹਿਮ ਫ਼ਿਲਮਾਂ ’ਚ ਸ਼ਾਮਿਲ ਹੈ। ਇਸ ਫ਼ਿਲਮ ’ਚ ਅਨਿਲ ਕਪੂਰ ਨੂੰ ਟੀਵੀ ਪੱਤਰਕਾਰ ਦੇ ਤੌਰ ’ਤੇ ਲੋਕ ਅੱਜ ਵੀ ਚੇਤੇ ਕਰਦੇ ਹਨ ਤੇ ਓਧਰ ਦੂਜੇ ਪਾਸੇ ਅਮਰੀਸ਼ ਪੂਰੀ ਨੇ ਇੱਕ ਮੁੱਖ ਮੰਤਰੀ ਦਾ ਕਿਰਦਾਰ ਨਿਭਾਇਆ ਸੀ। ਇੱਕ ਇੰਟਰਵੀਊ ਦੇ ਦੌਰਾਨ ਅਨਿਲ ਕਪੂਰ ਜਦੋਂ ਅਮਰੀਸ਼ ਪੂਰੀ ਦੀ ਪੋਲ ਖੋਲਦੇ ਹਨ ਤਾਂ ਇਸ ਨੂੰ ਗਲਤ ਸਾਬਿਤ ਕਰਨ ਲਈ ਅਮਰੀਸ਼ ਪੂਰੀ, ਅਨਿਲ ਕਪੂਰ ਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਾਉਂਦਾ ਹੈ। ਅਨਿਲ ਕਪੂਰ ਇੱਕ ਦਿਨ ਲਈ ਮੁੱਖ ਮੰਤਰੀ ਬਣਕੇ ਅਮਰੀਸ਼ ਪੂਰੀ ਦੇ ਕੀਤੇ ਗਏ ਬੁਰੇ ਤੇ ਗਲਤ ਕੰਮਾ ਨੂੰ ਬੇਪਰਦਾ ਕਰਦੇ ਹਨ। ਇਸ ਫ਼ਿਲਮ ਨੇ ਚੰਗੀ ਸ਼ੌਹਰਤ ਹਾਸਿਲ ਕੀਤੀ ਸੀ ਤੇ ਅੱਜ ਵੀ ਜਦੋਂ ਫ਼ਿਲਮੀ ਚੈਨਲਾਂ ’ਤੇ ਇਹ ਫ਼ਿਲਮ ਆਉਂਦੀ ਹੈ ਤਾਂ ਲੋਕ ਬੇਹਦ ਧਿਆਨ ਨਾਲ ਦੇਖਦੇ ਹਨ।
ਸਿਆਸਤਦਾਨਾਂ ’ਤੇ ਬਨਣਗੀਆਂ ਫ਼ਿਲਮਾਂ !
ਮੁਲਕ ’ਚ ਸਿਆਸੀ ਪਾਰਾ ਸਿਖ਼ਰਾਂ ’ਤੇ ਹੈ ਅਤੇ ਇਸ ਦਾ ਅਸਰ ਸਮਾਜ ਦੇ ਨਾਲ ਨਾਲ ਫ਼ਿਲਮੀ ਕਾਰੋਬਾਰ ’ਤੇ ਵੀ ਹੈ। ਕੁਝ ਦਿਨ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ’ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਇਕ ਫ਼ਿਲਮਕਾਰ ਮਿਤੇਸ਼ ਪਟੇਲ ਨੇ ਫ਼ਿਲਮ ਬਨਾਉਣ ਦਾ ਐਲਾਨ ਕੀਤਾ ਹੈ। ਜਿਸ ਵਿਚ ਪਰੇਸ਼ ਰਾਵਲ ਦੇ ਮੋਦੀ ਦਾ ਕਿਰਦਾਰ ਨਿਭਾਉਣ ਦੀ ਚਰਚਾ ਹੈ।
ਦੂਜੇ ਪਾਸੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ’ਤੇ ਵੀ ਫ਼ਿਲਮ ਬਨਣ ਦੀ ਚਰਚਾ ਹੈ, ਜਿਸ ਵਿਚ ਅਦਾਕਾਰ ਦੀਪਕ ਡੋਬਰੀਆਲ, ਅਰਵਿੰਦ ਕੇਜਰੀਵਾਲ ਦੇ ਕਿਰਦਾਰ ’ਚ ਨਜ਼ਰ ਆਉਣਗੇ। ਫ਼ਿਲਮ ਦਾ ਨਾਮ ‘‘ਲੋਲੀਪੌਪ ਸਿੰਨਸ 1947’’ ਰੱਖਿਆ ਗਿਆ ਹੈ।