May 25, 2026 12:50 am

ਅਕਾਲੀ-ਭਾਜਪਾ ਨੇ ਆਪਣੇ ਰਾਜਭਾਗ ਦੌਰਾਨ ਸੜਕਾਂ ਦੀ ਸਾਰ ਤੱਕ ਨਹੀਂ ਲਈ : ਸੰਨੀ ਦੂਆ

ਸਮਰਾਲਾ, 9 ਦਸੰਬਰ (ਪਰਮਿੰਦਰ ਕਾਕਾ)- ਪੰਜਾਬ ’ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਂਗਰਸ ਸਰਕਾਰ ਹਮੇਸ਼ਾਂ ਯਤਨਸ਼ੀਲ ਰਹੀ ਹੈ ਤੇ ਇਤਿਹਾਸ ਗਵਾਹ ਹੈ ਕਿ ਸਭ ਤੋਂ ਵੱਧ ਵਿਕਾਸ ਕਾਰਜ ਕਾਂਗਰਸ ਸਰਕਾਰ ਦੇ ਸਮੇਂ ਹੀ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅਤੇ ਕੌਂਸਲਰ ਸੰਜੀਵ ਕੁਮਾਰ ਸਨੀ ਦੂਆ ਨੇ ਕਿਹਾ ਕਿ ਜੇਕਰ ਹਲਕਾ ਸਮਰਾਲਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਾਲ 2004 ਵਿਚ ਕਾਂਗਰਸ ਸਰਕਾਰ ਦੇ ਸਮੇਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ’ਚ ਸੜਕਾਂ ਦੇ ਨਿਰਮਾਣ ਦਾ ਕੰਮ ਕੀਤਾ ਗਿਆ ਸੀ ਅਤੇ ਹੁਣ ਮੁੜ ਵੀ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਰੋੜਾ ਵੀ ਹਲਕਾ ਸਮਰਾਲਾ ਦੀਆਂ ਸੜਕਾਂ ’ਤੇ ਨਹੀਂ ਲਗਾਇਆ ਗਿਆ, ਇਹੀ ਕਾਰਨ ਹੈ ਕਿ ਲੋਕਾਂ ਨੇ ਫਤਵਾ ਸੁਣਾ ਕੇ ਅਕਾਲੀ-ਭਾਜਪਾ ਨੂੰ ਲਾਂਭੇ ਕਰਕੇ ਪੰਜਾਬ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਯੋਗ ਹੱਥਾਂ ’ਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਅਮਰੀਕ ਸਿੰਘ ਢਿੱਲੋਂ ਹਲਕਾ ਵਾਸੀਆਂ ਨਾਲ ਕੀਤੇ ਗਏ ਸਾਰਿਆਂ ਵਾਅਦਿਆਂ ਨੂੰ ਪੂਰਾ ਕਰਨ ਲਈ ਦਿਨ ਪ੍ਰਤੀ ਦਿਨ ਯਤਨਸ਼ੀਲ ਰਹਿੰਦੇ ਹਨ, ਉਨ੍ਹਾਂ ਦੀ ਅਗਵਾਈ ਪਿੰਡਾਂ ਦੀਆਂ ¦ਿਕ ਸੜਕਾਂ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ, ਜਿਨ੍ਹਾਂ ਸੜਕਾਂ ਨੂੰ ਅਕਾਲੀਆਂ ਵੱਲੋਂ ਅਣਗੌਲਿਆ ਹੋਇਆ ਸੀ। ਪ੍ਰਧਾਨ ਸਨੀ ਦੂਆ ਨੇ ਕਿਹਾ ਕਿ ਅਕਾਲੀ-ਭਾਜਪਾ ਵੱਲੋਂ ਆਪਣੇ ਰਾਜਭਾਗ ਦੌਰਾਨ ਜਿਨ੍ਹਾਂ ਸੜਕਾਂ ਦੀ ਸਾਰ ਤੱਕ ਨਹੀਂ ਲਈ ਗਈ ਸੀ, ਅੱਜ ਉਹੀ ਅਕਾਲੀ ਸੜਕਾਂ ਦੇ ਮੁੱਦੇ ’ਤੇ ਬੋਲ ਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪ੍ਰੰਤੂ ਲੋਕ ਸਾਰੀ ਸੱਚਾਈ ਜਾਣਦੇ ਹਨ। ਉਨ੍ਹਾਂ ਆਪਣੇ ਵਾਰਡ ਨੰ. 3 ਦੀਆਂ ਸੜਕਾਂ ’ਤੇ ਇੰਟਰਲਾੱਕ ਸਬੰਧੀ ਦੱਸਦਿਆਂ ਕਿਹਾ ਕਿ ਸਾਰੀਆਂ ਸੜਕਾਂ ਨੂੰ ਨਵਾਂ ਬਣਾ ਦਿੱਤਾ ਗਿਆ ਹੈ ਅਤੇ ਰਾਤ ਸਮੇਂ ਰੌਸਨੀ ਕਰਨ ਲਈ ਸਟਰੀਟ ਲਾਈਟਾਂ ਵੀ ਲਗਵਾ ਦਿੱਤੀਆਂ ਗਈਆਂ ਹਨ।

Send this to a friend