ਅੰਮ੍ਰਿਤਸਰ, 9 ਦਸੰਬਰ- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੀ ਸਤਾ ’ਚ ਰਹਿੰਦਿਆਂ ਹੋਈਆਂ ਜਾਣੇ-ਅਣਜਾਣੇ ’ਚ ਗਲਤੀਆਂ ਦੀ ਭੁਲ ਬਖ਼ਸ਼ਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਜਾ ਰਹੀ ਹੈ। ਕਲ੍ਹ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ ਤੇ ਅਰਦਾਸ ਤੋਂ ਬਾਅਦ ਪੂਰਾ ਬਾਦਲ ਪਰਿਵਾਰ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਸੇਵਾ ਕਰਨ ਵਿਚ ਲਗ ਗਈ। ਇਸ ਮੌਕੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਅਕਾਲੀ ਦਲ ਦੀ ਸਮੁਚੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ। ਉਹ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਹੀ ਉਹ ਕੋਈ ਬਿਆਨ ਦੇਣਗੇ ਤੇ ਅਜ ਕੋਈ ਵੀ ਸਿਆਸੀ ਗਲ ਉਹ ਨਹੀਂ ਕਰਨਾ ਚਾਹੁੰਦੇ। ਅਜ ਦੂਜੇ ਦਿਨ ਵੀ ਪੂਰਾ ਬਾਦਲ ਪਰਿਵਾਰ ਤੇ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਸੇਵਾ ਵਿਚ ਲਗੀ ਹੋਈ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੂਜੇ ਦਿਨ ਵੀ ਜੋੜਾ ਘਰ ਵਿਖੇ ਸੇਵਾ ਕਰ ਰਹੇ ਸਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਅਜ ਬਰਤਨ ਧੋਣ ਦੀ ਸੇਵਾ ਵਿਚ ਲਗੇ ਹੋਏ ਹਨ। ਬੀਬੀ ਜਗੀਰ ਕੌਰ ਵੀ ਲੰਗਰ ਹਾਲ ਵਿਚ ਪਰਸ਼ਾਦਿਆਂ ਦੀ ਸੇਵਾ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਲਈ ਸੇਵਾ ਦੂਜੇ ਦਿਨ ਵੀ ਜਾਰੀ



