ਅੰਮ੍ਰਿਤਸਰ ਦੇ ਕਿਸੇ ਬੱਚੇ ਨੂੰ ਵੀ ਨੁਕਸਾਨ ਪਹੁੰਚਾਇਆ ਤਾਂ ਮਜੀਠੀਏ ਨੂੰ ਬੰਦਾ ਬਣਾ ਦੇਵਾਂਗਾ
ਅੰਮ੍ਰਿਤਸਰ 29 ਮਾਰਚ (ਰਾਜਨ ਮਾਨ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਕਾਲੀ ਦਲ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਸਾਕਾ ਨੀਲਾ ਤਾਰਾ ਸੰਬਧੀ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਦੇਣ ਤੋਂ ਭੱਜ ਰਹੇ ਹਨ ਕਿਉਂਕਿ ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣ ਸੰਬਧੀ ਕੀਤੀ ਗਈ ਸਿਫਾਰਿਸ਼ ਦੇ ਪੁਖਤਾ ਸਬੂਤ ਉਨ੍ਹਾਂ ਕੋਲ ਹਨ। ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅੰਮ੍ਰਿਤਸਰ ਦੇ ਕਿਸੇ ਬੱਚੇ ਨੂੰ ਵੀ ਉਸ ਨੇ ਹੱਥ ਲਾਇਆ ਤਾਂ ਸਮਾਂ ਆਉਣ ’ਤੇ ਉਸ ਨੂੰ ਉਹ ਬੰਦਾ ਬਣਾ ਦੇਣਗੇ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਸਬੰਧੀ ਹਮਲੇ ਵਿੱਚ
ਵਿੱਚ ਕਿਹੜੀਆਂ ਪਾਰਟੀਆਂ ਦਾ ਹੱਥ ਹੈ ਇਹ ਸੱਚ ਜਾਣਨ ਲਈ ਟਰੁੱਥ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਸਿਮਾ ਰਾਓ ਨਾਲ ਬਾਦਲ ਵੱਲੋਂ ਇੱਕਲਿਆਂ ਕੀਤੀ ਗਈ ਮੀਟਿੰਗ ਅਤੇ ਉਸ ਵਿੱਚ ਹਾਜ਼ਰ ਅਧਿਕਾਰੀ ਇਸ ਗੱਲ ਦਾ ਸਬੂਤ ਹਨ ਕਿ ਬਾਦਲ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਦਲ ਨੂੰ ਆਪਣੀ ਅਸਲੀਅਤ ਪਤਾ ਹੋਣ ਕਾਰਨ ਹੀ ਉਹ ਇਸ ਮਾਮਲੇ ’ਤੇ ਚੁੱਪ ਵੱਟੀ ਬੈਠੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਤਾਂ ਅਕਾਲੀ ਦਲ ਅਤੇ ਭਾਜਪਾ ਵੀ ਇਸ ਲਈ ਓਨੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਗਈ ਯਾਦਗਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ 35 ਹਜ਼ਾਰ ਦੇ ਕਰੀਬ ਸਿੱਖ, ਹਿੰਦੂ ਅਤੇ ਮੁਸਲਮਾਨ ਅੱਤਵਾਦ ਲਹਿਰ ਦੌਰਾਨ ਮਾਰੇ ਗਏ ਸਨ ਅਤੇ ਇਹ ਯਾਦਗਾਰ ਸਮੁੱਚੇ ਸ਼ਹੀਦਾਂ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਨਾ ਕਿ ਕੁਝ ਲੋਕਾਂ ਨੂੰ। ਉਨ੍ਹਾਂ ਕਿਹਾ ਕਿ ਪੰਜਾਬ ’ਚ ਅੱਤਵਾਦ ਦੀ ਚੱਲੀ ਕਾਲੀ ਹਨ੍ਹੇਰੀ ਦੌਰਾਨ ਹਰ ਪਾਸਿਓਂ ਮਾਰੇ ਗਏ ਵਿਅਕਤੀ ਆਖਿਰ ਪੰਜਾਬੀ ਸਨ ਅਤੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ। ਕੈਪਟਨ ਨੇ ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਦਰਿਆ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਖਾਸਕਰ ਬਿਕਰਮ ਮਜੀਠੀਆ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਚਲਾਏ ਜਾ ਰਹੇ ਨਸ਼ਿਆਂ ਦੇ ਕਾਰੋਬਾਰ ਨੇ ਕਈ ਪਰਿਵਾਰ ਤਬਾਹ ਕਰ ਦਿੱਤੇ ਹਨ। ਉਨ੍ਹਾਂ ਕਿਹਾ ਇਹ ਸਾਡੀ ਪੀੜ੍ਹੀ ਖਤਮ ਕਰਨਾ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ । ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੇ ਇਨ੍ਹਾਂ ਸੌਦਾਗਰਾਂ ਖਿਲਾਫ ਲੜਾਈ ਲੜਨਗੇ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਗੁੰਡਾਗਰਦੀ ਦਾ ਰਾਜ ਹੈ ਪਰ ਕਾਂਗਰਸ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੀ ਗਈ ਗੁੰਡਾਗਰਦੀ ਦਾ ਸਮਾਂ ਆਉਣ ’ਤੇ ਜਵਾਬ ਦਿੱਤਾ ਜਾਵੇਗਾ। ਕੈਪਟਨ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਬੇੜਾ ਡੁੱਬਣ ’ਤੇ ਆ ਗਿਆ ਹੈ ਅਤੇ ਸਮੁੱਚ ਦੇਸ਼ ਤੇ ਖਾਸਕਰ ਪੰਜਾਬ ’ਚ ਕਾਂਗਰਸ ਦੇ ਪੱਖ ਵਿੱਚ ਹਨ੍ਹੇਰੀ ਝੁੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਚੜ੍ਹਤ ਨੂੰ ਵੇਖ ਕੇ ਅਕਾਲੀ ਭਾਜਪਾਈਆਂ ਨੂੰ ਪਸੀਨੇ ਆ ਰਹੇ ਹਨ।
ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਜਿਸ ਸਮੇਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਇਸ ਗੁਰੂ ਨਗਰੀ ਲਈ ਇੱਕ 25 ਸਾਲਾ ਵਿਕਾਸ ਯੋਜਨਾ ਬਣਾਈ ਸੀ ਅਤੇ ਹੁਣ ਜਦ ਉਹ ਮੁੜ ਸੱਤਾ ’ਚ ਆਉਣਗੇ ਤਾਂ ਉਹ ਇਸ ਨੂੰ ਪੂਰਾ ਕਰਨਗੇ। ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ’ਤੇ ਪੱਖਪਾਤ ਦੇ ਲਗਾਏ ਜਾ ਰਹੇ ਦੋਸ਼ਾਂ ਦੀ ਨਿਖੇਧੀ ਕਰਦਿਆਂ ਕੈਪਟਨ ਨੇ ਕਿਹਾ ਕਿ ਗੁਜਰਾਤ ਵਿੱਚ ਮੋਦੀ ਸਰਕਾਰ ਹੋਣ ਦੇ ਬਾਵਜੂਦ ਗੁਜਰਾਤ ਸਰਕਾਰ ਨੇ 81 ਵੱਖ-ਵੱਖ ਪ੍ਰਾਜੈਕਟਾਂ ਦੀਆਂ ਸਕੀਮਾਂ ਕੇਂਦਰ ਨੂੰ ਭੇਜੀਆਂ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਉਸਨੂੰ 12 ਹਜ਼ਾਰ ਕਰੋੜ ਰੁਪਏ ਦਿੱਤੇ ਗਏ। ਇਸ ਤਰ੍ਹਾਂ ਤਾਮਿਲਨਾਡੂ ਅਤੇ ਹੋਰਨਾਂ ਰਾਜਾਂ ਨੂੰ ਪੈਸੇ ਦਿੱਤੇ ਗਏ ਪਰ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 7 ਸਾਲਾ ’ਚ ਕੇਂਦਰ ਨੂੰ ਸਿਰਫ 4 ਯੋਜਨਾਵਾਂ ਭੇਜੀਆਂ ਅਤੇ ਕੇਂਦਰ ਵੱਲੋਂ ਦਿੱਤੇ ਗਏ ਪੈਸਿਆਂ ਨੂੰ ਪੰਜਾਬ ਸਰਕਾਰ ਵੱਲੋਂ ਆਪਣਾ ਹਿੱਸਾ ਜਮ੍ਹਾ ਨਾ ਕਰਵਾਉਣ ਕਰਕੇ ਕਰੋੜਾਂ ਰੁਪਏ ਵਾਪਿਸ ਚਲੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ 4 ਪ੍ਰਾਜੈਕਟ ਹੀ ਕੇਂਦਰ ਨੂੰ ਭੇਜ ਸਕਿਆ ਜੋ ਕਿ ਅਧੂਰੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਸਰ ’ਚ 149 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਰੋਡ ਤੋਂ ਇਲਾਵਾ ਕਰੋੜਾਂ ਰੁਪਏ ਦਾ ਟਰੀਟਮੈਂਟ ਪਲਾਂਟ ਲਗਾਇਆ ਅਤੇ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚੇ ਜਦਕਿ ਅਕਾਲੀ-ਭਾਜਪਾ ਸਰਕਾਰ ਹਵਾ ’ਚ ਮਹਿਲ ਉਸਾਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜੋ ਵੀ ਵਾਅਦਾ ਕਰਦੇ ਹਨ ਉਹ ਪੂਰਾ ਕਰਦੇ ਹਨ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਵਿਅਕਤੀ ਸੀ ਜਿਸ ਨੂੰ ਅਕਾਲੀ ਦਲ ਨੇ ਬੜੇ ਬੇਆਬਰੂ ਤਰੀਕੇ ਨਾਲ ਇੱਥੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਹਲਕੇ ਦੇ ਵਿਕਾਸ ਲਈ ਪੈਸੇ ਦੀ ਮੰਗ ਕੀਤੀ ਸੀ ਜੋ ਕਿ ਅਕਾਲੀ ਦਲ ਤੇ ਭਾਜਪਾ ਨੂੰ ਚੰਗੀ ਨਹੀਂ ਲੱਗੀ। ਅੰਮ੍ਰਿਤਸਰ ਨਾਲ ਰਿਸ਼ਤੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਭੁਪਿੰਦਰ ਸਿੰਘ ਖਾਲਸਾ ਕਾਲਜ ਤੋਂ ਪੜ੍ਹੇ ਸਨ ਅਤੇ ਉਹ ਖੁਦ 5 ਸਾਲ ਖਾਲਸਾ ਕਾਲਜ ਦੇ ਚਾਂਸਲਰ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਦਾ ਇਸ ਗੁਰੂ ਨਗਰੀ ਨਾਲ ਅਤੁੱਟ ਸੰਬਧ ਰਿਹਾ ਹੈ ਅਤੇ ਮੇਰੇ ਦਾਦੀ ਜੀ ਮਜੀਠਾ ਦੇ ਰਹਿਣ ਵਾਲੇ ਸਨ ਜੋ ਕਿ ਬਾਅਦ ਵਿੱਚ ਪਟਿਆਲੇ ਚਲੇ ਗਏ। ਇਸ ਪ੍ਰੈ¤ਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਬਕਾ ਵਿਦੇਸ਼ ਮੰਤਰੀ ਰਘੁਨੰਦਨ ਲਾਲ ਭਾਟੀਆ, ਡਾ. ਰਾਜ ਕੁਮਾਰ ਵੇਰਕਾ, ਓਮ ਪ੍ਰਕਾਸ਼ ਸੋਨੀ, ਸੁਖ ਸਰਕਾਰੀਆ, ਜਸਬੀਰ ਡਿੰਪਾ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਦਿਹਾਤੀ ਪ੍ਰਧਾਨ ਗੁਰਜੀਤ ਔਜਲਾ, ਖਡੂਰ ਸਾਹਿਬ ਹਲਕੇ ਤੋਂ ਹਰਮਿੰਦਰ ਸਿੰਘ ਗਿੱਲ, ਰਾਣਾ ਗੁਰਜੀਤ ਸਿੰਘ ਸੋਢੀ, ਤਰਸੇਮ ਸਿੰਘ ਡੀ ਸੀ, ਸਰਦੂਲ ਸਿੰਘ ਬੁੰਡਾਲਾ ਸਮੇਤ ਹਲਕੇ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਹਾਜ਼ਰ ਸੀ।