ਕਰਾਚੀ, 29 ਮਾਰਚ (ਵਿਸ਼ਵ ਵਾਰਤਾ)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਕ ਹਿੰਦੂ ਮੰਦਿਰ ਨੂੰ ਅਪਵਿੱਤਰ ਕਰਕੇ ਅੱਗ ਲਾ ਦਿੱਤੀ। ਦੋ ਹਫਤਿਆਂ ਬਾਅਦ ਇਸ ਮੰਦਿਰ ਵਿਚ ਇਕ ਸਾਲਾਨਾ ਉਤਸਵ ਹੋਣ ਵਾਲਾ ਸੀ। ਇਥੋਂ ਦੇ ਲਾਤੀਫਾਬਾਦ ਸਥਿਤ ਹਨੂਮਾਨ ਮੰਦਿਰ ਦੀ ਦੇਖਭਾਲ ਕਰਨ ਵਾਲੇ ਦਰਸ਼ਨ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਤਿੰਨ ਅਣਪਛਾਤੇ ਲੋਕ ਆਰਤੀ ਵਿਚ ਸ਼ਾਮਿਲ ਹੋਣ ਲਈ ਆਏ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੂਜਾ ਅਰਚਨਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੰਦਿਰ ਨੂੰ ਅੱਗ ਲਾ ਦਿੱਤੀ। ਦਰਸ਼ਨ ਨੇ ਦੱਸਿਆ ਕਿ ਜਦੋਂ ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਅਣਪਛਾਤੇ ਵਿਅਕਤੀ ਮੌਕਾ ਦੇਖਦੇ ਹੀ ਭੱਜ ਗਏ। ਉਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਆਪਣੇ ਚਿਹਰੇ ਉਤੇ ਕੱਪੜਾ ਬੰਨਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ ਮੰਦਿਰ ਵਿਚ ਹਰ ਸਾਲ 14 ਅਪ੍ਰੈਲ ਨੂੰ ਇਕ ਮੇਲੇ ਦਾ
ਆਯੋਜਨ ਹੁੰਦਾ ਹੈ, ਜਿਸ ਇਲਾਕੇ ਵਿਚ ਇਹ ਮੰਦਿਰ ਸਥਿਤ ਹੈ ਉਥੇ ਲਗਪਗ 500-600 ਅਨੁਸੂਚਿਤ ਜਾਤੀ ਦੇ ਹਿੰਦੂ ਪਰਿਵਾਰ ਲੋਕ ਰਹਿੰਦੇ ਹਨ। ਇਸ ਘਟਨਾ ਦੇ ਵਿਰੋਧ ਵਿਚ ਲੋਕਾਂ ਨੇ ਸ਼ਹਿਰ ਵਿਚ ਕਈ ਥਾਵਾਂ ’ਤੇ ਪ੍ਰਦਰਸ਼ਨ ਕੀਤਾ। ਪੁਲਿਸ ਜਨਰਲ ਡਿਪਟੀ ਇੰਸਪੈਕਟਰ ਸਨਾਉਲਾ ਅਬਾਸੀ ਨੇ ਦੱਸਿਆ ਕਿ ਸਥਾਨਕ ਪੁਲਿਸ ਡਿਪਟੀ ਸੁਪਰੀਡੈਂਟ ਅਤੇ ਥਾਣੇ ਦੇ ਇੰਚਾਰਜ ਨੂੰ ਇਸ ਘਟਨਾ ਦੇ ਚਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ।