ਸਮਰਾਲਾ, 29 ਮਾਰਚ (ਕਮਲਜੀਤ)– ਅੱਜ ਸਥਾਨਕ ਚਾਵਾ ਰੋਡ ਸਥਿੱਤ ਅਨਾਜ ਮੰਡੀ ਵਿਖੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਮੈਂਬਰ ਪੀ.ਏ.ਸੀ., ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਵਿੱਚ ਹੋਈ ਵਿਸ਼ਾਲ ਰੈਲੀ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਿੰਦੂ-ਸਿੱਖ ਨੂੰ ਆਪਸ ਵਿੱਚ ਲੜਾ ਕੇ ਅੱਜ ਅਮਨ ਸ਼ਾਂਤੀ ਲਿਆਉਣ ਦੀਆਂ ਜੋ ਗੱਲਾਂ ਕਰ ਰਹੀ ਹੈ, ਉਸ ਤੋਂ ਕਾਂਗਰਸ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਚਲਾਉਣ ਲਈ ਸਮਰੱਥ ਸਰਕਾਰ ਨਹੀਂ ਹੈ ਕਿਉਂਕਿ ਸਾਡੇ ਗੁਆਂਢੀ ਮੁਲਕ ਚੀਨ
ਤੇ ਪਾਕਿਸਤਾਨ ਕਾਂਗਰਸ ਦੇ ਕਾਰਜਕਾਲ ਸਮੇਂ ਕਈ ਵਾਰ ਦੇਸ਼ ਅੰਦਰ ਹਿੰਸਾ ਫੈਲਾ ਚੁੱਕੇ ਹਨ, ਕਾਂਗਰਸ ਸਰਕਾਰ ਦੇਸ਼ ਦੀ ਸੁਰੱਖਿਆ ਕਰਨ ’ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਜਨਤਾ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣ ਦੇ ਰੌਅ ਵਿੱਚ ਹੈ, ਕਿਉਂਕਿ ਇੱਕ ਸਮਾਂ ਸੀ ਜਦੋਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵੀ ਜਨਤਾ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਆਪਣੀ ਚੋਣ ਬੁਰੀ ਤਰ੍ਹਾਂ ਚੋਣ ਹਾਰੀ ਸੀ, ਠੀਕ ਉਸੇ ਤਰ੍ਹਾਂ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਹਰਾ ਕੇ ਦੇਸ਼ ਦੀ ਜਨਤਾ ਆਪਣੇ ’ਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਉਤਰੂ ਹੋਈ ਬੈਠੀ ਹੈ। ਸ. ਬਾਦਲ ਨੇ ਕਿਹਾ ਕਾਂਗਰਸ ਦਾ ਕੋਈ ਵੀ ਉਮੀਦਵਾਰ ਆਪਣੀ ਮਰਜ਼ੀ ਨਾਲ ਚੋਣ ਨਹੀਂ ਲੜ ਰਿਹਾ ਹੈ, ਉਨ੍ਹਾਂ ਨੂੰ ਧੱਕੇ ਨਾਲ ਖੜੇ ਕਰਕੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਨੂੰ ਆਪਣੀ ਹਾਰ ਯਕੀਨੀ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਜੋਤਿਸ਼ੀ ਤਾਂ ਨਹੀਂ ਹਾਂ, ਪਰ ਸਿਆਸੀ ਤਜ਼ਰਬੇ ਅਨੁਸਾਰ ਕਹਿੰਦਾ ਹਾਂ ਕਿ ਪੰਜਾਬ ਅੰਦਰ ਕਾਂਗਰਸ ਬੁਰੀ ਤਰ੍ਹਾਂ ਹਾਰੇਗੀ, ਕਿਉਂਕਿ ਕਾਂਗਰਸ ਦੇ ਪਿਛਲੇ ਰਹੇ ਸੰਸਦ ਮੈਂਬਰਾਂ ਨੇ ਕੇਂਦਰ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਵੀ ਜਨਤਾ ਦੇ ਭਲੇ ਦਾ ਕੋਈ ਕੰਮ ਨਹੀਂ ਕੀਤਾ। ਸ. ਬਾਦਲ ਨੇ ਨਰਿੰਦਰ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਪਦ ਲਈ ਸ਼੍ਰੀ ਮੋਦੀ ਤੋਂ ਇਲਾਵਾ ਸੂਝਵਾਨ ਤੇ ਤਜ਼ਰਬੇਕਾਰ ਹੋਰ ਕੋਈ ਨਹੀਂ ਹੈ, ਉਹ ਦੇਸ਼ ਦੀ ਬਾਗਡੋਰ ਚੰਗੀ ਤਰ੍ਹਾਂ ਸੰਭਾਲਣ ਦੀ ਯੋਗਤਾ ਰੱਖਦੇ ਹਨ, ਜਦਕਿ ਰਾਹੁਲ ਗਾਂਧੀ ਨੂੰ ਦੇਸ਼ ਚਲਾਉਣ ਸਬੰਧੀ ਹਾਲੇ ਕੋਈ ਵੀ ਤਜ਼ਰਬਾ ਨਹੀਂ। ਇਸ ਮੌਕੇ ਤੇ ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਨਾਗਰਾ, ਬਹਾਦਰ ਸਿੰਘ ਮਾਣਕੀ, ਲਾਲਾ ਮੰਗਤ ਰਾਏ ਆਦਿ ਤੋਂ ਇਲਾਵਾ ਹੋਰ ਵੀ ਵਰਕਰ ਸ਼ਾਮਲ ਸਨ।