ਨਵੀਂ ਦਿੱਲੀ, 29 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਇਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿੱਚ ਅਦਾਲਤ ਅੰਦਰ ਵਕੀਲਾਂ ਦੀਆਂ ਚੋਣਾਂ ਹੋਣ ਕਰਕੇ ਸਮੇਂ ਨਾਲੋ ਚਾਰ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ। ਇਸ ਮਾਮਲੇ ਵਿਚ ਗਵਾਹੀਆਂ ਚਲ ਰਹੀਆਂ ਹਨ ਪਰ ਅਜ ਕੋਈ ਵੀ ਗਵਾਹ ਪੇਸ਼ ਨਹੀ ਹੋਇਆ ਸੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 9 ਮਈ ਨੂੰ ਹੋਵੇਗੀ । ਪੇਸ਼ੀ ਉਪਰੰਤ ਭਾਈ ਭਿਉਰਾ ਨੇ ਇਕਬਾਲ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਵਲੋਂ ਦਿੱਲੀ ਵਿਖੇ ਲਾਏ ਧਰਨੇ ਦੀ ਸਰਾਹਨਾ ਕੀਤੀ ਤੇ ਉਨ੍ਹਾਂ ਕਿਹਾ ਕਿ
ਇਸ ਧਰਨੇ ਕਰਕੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਾਂ ਦੀ ਇਕ ਬਹੁਚਰਚਿਤ ਮੰਗ ਜੋ ਕਿ ਪਿਛਲੇ ਸਾਲ ਬੀਬੀ ਨਿਰਪ੍ਰੀਤ ਕੌਰ ਨੇ ਵੀ ਅਪਣੇ ਧਰਨੇ ਵਿਚ ਮੁੱਖ ਮੰਗ ਰਖੀ ਸੀ ਪਰ ਅਕਾਲੀ ਦਲ ਵਲੋਂ ਝੂਠਾ ਭਰੋਸਾ ਦਿਵਾ ਕੇ ਉਨ੍ਹਾਂ ਦਾ ਧਰਨਾ ਤੁੜਵਾਇਆ ਗਿਆ ਸੀ, ਦਿੱਲੀ ਦੇ ਸਿੱਖ ਕਤਲੇਆਮ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਨਾ ਕੇ ਮਾਮਲੇ ਦੀ ਜਾਂਚ ਕਰਵਾਨ ਦੇ ਹੁਕਮ ਜਾਰੀ ਕਰਵਾਨ ਅਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਸੀ। ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਤੀਜਾ ਮਨਪ੍ਰੀਤ ਸਿੰਘ ਅਤੇ ਭਾਈ ਇਕਬਾਲ ਸਿੰਘ ਭੱਟੀ ਤੇ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ। ਭਾਈ ਭਿਉਰਾ ਵਲੋਂ ਅਜ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜ਼ਰ ਹੋਏ ਸਨ। ਭਾਈ ਭਿਓਰਾ ਦੇ ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ।